ਪਠਾਨਕੋਟ, 14 ਮਈ 2019: ਗੁਰਦਾਸਪੁਰ ਤੋਂ ਕਾਂਗਰਸ ਉਮੀਦਵਾਰ ਅਤੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸ੍ਰੀ ਸੁਨੀਲ ਜਾਖੜ ਨੇ ਆਪਣੇ ਚੋਣ ਪ੍ਰਚਾਰ ਦੌਰਾਨ ਸਾਬਕਾ ਫੌਜੀਆਂ ਦੇ ਇਕ ਜਲਸੇ ਸਮੇਤ ਵੱਖ ਵੱਖ ਚੋਣ ਬੈਠਕਾਂ ਨੂੰ ਸੰਬੋਧਨ ਕਰਦਿਆਂ ਆਖਿਆ ਹੈ ਕਿ ਦੇਸ਼ ਨੂੰ ਇਕ ਮਜਬੂਤ ਸਰਕਾਰ ਦੀ ਜਰੂਰਤ ਹੈ ਜੋ ਬਿਨਾਂ ਲੜਾਈ ਤੋਂ ਹੀ ਦੇਸ਼ ਦੀ ਸੁਰੱਖਿਆ ਯਕੀਨੀ ਬਣਾ ਸਕਨ ਦੇ ਸਮਰੱਥ ਹੋਵੇ। ਉਨਾਂ ਨੇ ਇਸ ਮੌਕੇ ਪ੍ਰਧਾਨ ਮੰਤਰੀ ਨੂੰ ਸਵਾਲ ਕੀਤਾ ਕਿ ਕਸ਼ਮੀਰ ਵਿਚ ਹੋਏ ਆਤੰਕੀ ਹਮਲੇ ਲਈ ਕਿਸ ਦੀ ਜਿੰਮੇਵਾਰੀ ਤੈਅ ਕੀਤੀ ਹੈ। ਉਨਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਇਸ ਹਮਲੇ ਨੂੰ ਰੋਕਣ ਵਿਚ ਆਪਣੀ ਨਾਕਾਮੀ ਦੀ ਜਿੰਮੇਵਾਰੀ ਤੋਂ ਭੱਜ ਨਹੀਂ ਸਕਦੇ।
ਸ੍ਰੀ ਜਾਖੜ ਨੇ ਕਿਹਾ ਕਿ ਅਸੀਂ ਕਈ ਦਹਾਕੇ ਪਹਿਲਾਂ ਪ੍ਰਮਾਣੂ ਸ਼ਕਤੀ ਬਣ ਗਏ ਸੀ ਪਰ ਕਦੇ ਵੀ ਕਿਸੇ ਪ੍ਰਧਾਨ ਮੰਤਰੀ ਨੇ ਪ੍ਰਮਾਣੂ ਹਥਿਆਰ ਵਰਤਨ ਦੀਆਂ ਬਚਕਾਨੀਆਂ ਗੱਲਾਂ ਨਹੀਂ ਕੀਤੀਆਂ ਸਨ ਪਰ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਪਹਿਲੀ ਵਾਰ ਪ੍ਰਮਾਣੂ ਹਥਿਆਰਾ ਦੀ ਧਮਕੀਆਂ ਦੇ ਕੇ ਦੇਸ਼ ਦੀ ਅੰਤਰਰਾਸ਼ਟਰੀ ਮੰਚ ਤੇ ਸ਼ਾਖ ਨੂੰ ਵੱਟਾ ਲਗਾਇਆ ਹੈ। ਉਨਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੋਟਬੰਦੀ, ਜੀਐਸਟੀ, ਬੇਰੁੁਜਗਾਰੀ, ਗਰੀਬੀ ਅਤੇ ਕਿਸਾਨਾਂ ਦੇ ਮੁੱਦਿਆਂ ਤੋਂ ਧਿਆਨ ਭਟਕਾਉਣ ਲਈ ਗੁਆਂਢੀ ਮੁਲਕਾਂ ਨਾਲ ਤਨਾਅ ਪੈਦਾ ਕਰ ਰਹੇ ਹਨ ਜਿਸ ਦਾ ਸਭ ਤੋਂ ਵੱਧ ਨੁਕਸਾਨ ਪੰਜਾਬ ਵਰਗੇ ਸਰਹੱਦੀ ਸੂਬਿਆਂ ਨੂੰ ਹੁੰਦਾ ਹੈ। ਉਨਾਂ ਨੇ ਕਿਹਾ ਕਿ ਨੌਜਵਾਨਾਂ ਨੂੰ ਰੋਜਗਾਰ ਚਾਹੀਦਾ ਹੈ, ਕਿਸਾਨ ਨੂੰ ਆਮਦਨ ਚਾਹੀਦੀ ਹੈ, ਗਰੀਬ ਨੂੰ ਅੰਨ ਚਾਹੀਦਾ ਹੈ ਪਰ ਪ੍ਰਧਾਨ ਮੰਤਰੀ ਪ੍ਰਮਾਣੂ ਬੰਬਾਂ ਦੀਆਂ ਗੱਲਾਂ ਕਰਕੇ ਦੇਸ਼ ਦੇ ਲੋਕਾਂ ਨੂੰ ਗੁੰਮਰਾਹ ਕਰਨ ਦੀ ਨਾਕਾਮ ਕੋਸ਼ਿਸ ਕਰ ਰਹੇ ਹਨ। ਉਨਾਂ ਕਿਹਾ ਕਿ ਅਸਲ ਵਿਚ ਕਿਸਾਨਾਂ ਦੀ ਆਮਦਨ ਵਧਣ ਦੀ ਬਜਾਏ ਮੋਦੀ ਸਰਕਾਰ ਸਮੇਂ ਘੱਟ ਗਈ ਹੈ ਕਿਉਂਕਿ ਇਸਨੇ ਖੇਤੀ ਇਨਪੁੱਟਸ ਦੀਆਂ ਵਸਤਾਂ ਤੇ ਵੀ ਜੀਐਸਟੀ ਲਗਾ ਦਿੱਤਾ ਹੈ। ਉਨਾਂ ਨੇ ਕਿਹਾ ਕਿ ਸ੍ਰੀ ਨਰਿੰਦਰ ਮੋਦੀ ਨੇ ਪ੍ਰਧਾਨ ਮੰਤਰੀ ਬਣਨ ਸਮੇਂ ਗਰੀਬੀ ਦੇ ਨਾਂਅ ਤੇ ਵੋਟਾਂ ਲਈਆਂ ਸਨ ਪਰ ਸੱਤਾ ਵਿਚ ਆਉਂਦਿਆਂ ਹੀ ਭਾਜਪਾ ਨੇ ਗਰੀਬ ਵਿਸਾਰ ਦਿੱਤੇ ਅਤੇ ਭਾਜਪਾਲ ਦੀ ਸਾਰੀ ਸਰਕਾਰ ਪੂੰਜੀਪਤੀਆਂ ਦੇ ਪੱਖ ਪੂਰਨ ਤੇ ਲੱਗੀ ਰਹੀ।
ਪੰਜਾਬ ਸਰਕਾਰ ਵੱਲੋਂ ਕੀਤੇ ਉਪਰਾਲਿਆਂ ਦਾ ਜ਼ਿਕਰ ਕਰਦਿਆਂ ਸ੍ਰੀ ਸੁਨੀਲ ਜਾਖੜ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਭ ਤੋਂ ਪਹਿਲਾਂ ਇਕ ਫੌਜੀ ਹਨ ਅਤੇ ਉਨਾਂ ਦੀ ਸਰਕਾਰ ਵੱਲੋਂ ਸਾਬਕਾ ਫੌਜੀਆਂ ਦੀ ਬੇਤਹਰੀ ਲਈ ਹਰ ਸੰਭਵ ਯਤਨ ਕੀਤਾ ਗਿਆ ਹੈ। ਉਨਾਂ ਨੇ ਕਿਹਾ ਕਿ ਖੁਸਹਾਲੀ ਦੇ ਰਖਵਾਲਿਆਂ ਰਾਹੀਂ ਸਾਬਕਾ ਫੌਜੀਆਂ ਨੂੰ ਸਰਕਾਰੀ ਕੰਮਕਾਜ ਦੀ ਨਜਰਸਾਨੀ ਲਈ ਚੁਣਿਆ ਹੈ ਕਿਉਂਕਿ ਸਾਨੂੰ ਮਾਣ ਹੈ ਆਪਣੇ ਸਾਬਕਾ ਫੌਜੀਆਂ ਤੇ। ਪੰਜਾਬ ਸਰਕਾਰ ਵੱਲੋਂ ਫੌਜ ਵਿਚ ਭਰਤੀ ਲਈ ਬੱਚਿਆਂ ਨੂੰ ਸਿਖਲਾਈ ਦੇਣ ਲਈ ਵੀ ਪ੍ਰਬੰਧ ਕੀਤੇ ਹਨ।
ਇਸ ਮੌਕੇ ਸ੍ਰੀ ਸੁਨੀਲ ਜਾਖੜ ਨੇ ਹਲਕਾ ਗੁਰਦਾਸਪੁਰ ਵਿਚ ਪਿੱਛਲੇ ਕਾਰਜਕਾਲ ਦੌਰਾਨ ਕਰਵਾਏ ਕੰਮ ਵੀ ਲੋਕਾਂ ਨਾਲ ਸਾਂਝੇ ਕੀਤੇ। ਉਨਾਂ ਨੇ ਕਿਹਾ ਕਿ ਰਿਕਾਰਡ ਸਮੇਂ ਵਿਚ 1200 ਕਰੋੜ ਰੁਪਏ ਦੀ ਲਾਗਤ ਨਾਲ ਪੈਪਸੀ ਦੀ ਫੈਕਟਰੀ ਲਗਵਾਈ ਹੈ ਜਿਸ ਨਾਲ 5000 ਲੋਕਾਂ ਨੂੰ ਰੋਜਗਾਰ ਮਿਲੇਗਾ। ਸ੍ਰੀ ਜਾਖੜ ਨੇ ਕਿਹਾ ਕਿ ਉਨਾਂ ਦਾ ਏਂਜਡਾ ਹੈ ਕਿ ਇਲਾਕੇ ਵਿਚ ਹੋਰ ਫੈਕਟਰੀ ਲਗਵਾਈਆਂ ਜਾਣ। ਉਨਾਂ ਨੇ ਕਿਹਾ ਕਿ ਜੁਗਿਆਲ ਵਿਚ ਕੁੜੀਆਂ ਦਾ ਕਾਲਜ ਮੰਜੂਰ ਕਰਵਾ ਕੇ ਦਿੱਤਾ ਹੈ ਜਦ ਕਿ ਨਿਆੜੀ ਵਿਚ ਆਈ.ਟੀ.ਆਈ. ਮਜੂੰਰ ਕਰਵਾਇਆ ਹੈ ਅਤੇ ਇਸ ਲਈ ਚੋਣ ਜਾਬਤਾ ਲੱਗਣ ਤੋਂ ਪਹਿਲਾਂ ਹੀ ਸਾਰੀ ਕਾਰਵਾਈ ਮੁਕੰਮਲ ਕਰ ਲਈ ਗਈ ਹੈ।
ਇਸ ਮੌਕੇ ਸ੍ਰੀ ਸੁਨੀਲ ਜਾਖੜ ਨੇ ਦੱਸਿਆ ਕਿ 14 ਮਈ ਨੂੰ ਸੀਨਿਅਰ ਕਾਂਗਰਸੀ ਆਗੂ ਸ੍ਰੀਮਤੀ ਪ੍ਰਿੰਅਕਾ ਗਾਂਧੀ ਅਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੀ ਚੋਣ ਪ੍ਰਚਾਰ ਲਈ ਪਠਾਨਕੋਟ ਆਉਣਗੇ।