ਬਰਨਾਲਾ, 14 ਮਈ 2019: ਆਮ ਆਦਮੀ ਪਾਰਟੀ (ਆਪ) ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਾਂਗਰਸ ਅਤੇ ਅਕਾਲੀ-ਭਾਜਪਾ 'ਤੇ ਹਮਲਾ ਬੋਲਦੇ ਹੋਏ ਕਿਹਾ ਕਿ ਇਨ੍ਹਾਂ ਨੇ 70 ਸਾਲ ਜਾਣਬੁੱਝ ਕੇ ਦੇਸ਼ ਨੂੰ ਗ਼ਰੀਬੀ 'ਚ ਰੱਖਿਆ।
ਸੰਗਰੂਰ ਤੋਂ 'ਆਪ' ਉਮੀਦਵਾਰ ਅਤੇ ਮੌਜੂਦਾ ਸੰਸਦ ਮੈਂਬਰ ਭਗਵੰਤ ਮਾਨ ਲਈ ਚੋਣ ਪ੍ਰਚਾਰ ਕਰਨ ਬਰਨਾਲਾ ਪਹੁੰਚੇ ਅਰਵਿੰਦ ਕੇਜਰੀਵਾਲ ਬੁੱਧਵਾਰ ਸਥਾਨਕ ਵਿਧਾਇਕ ਮੀਤ ਹੇਅਰ ਨਾਲ ਸਵੇਰੇ-ਸਵੇਰੇ ਸ਼ਹੀਦ ਭਗਤ ਸਿੰਘ ਪਾਰਕ 'ਚ ਸੈਰ ਕਰਨ ਪਹੁੰਚੇ, ਜਿੱਥੇ ਭਾਰੀ ਗਿਣਤੀ 'ਚ ਲੋਕ ਇਕੱਠੇ ਹੋ ਗਏ।
ਆਮ ਲੋਕਾਂ ਨਾਲ ਰੂ-ਬ-ਰੂ ਹੁੰਦਿਆਂ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਦਿੱਲੀ 'ਚ 4 ਸਾਲਾਂ ਦੀ ਸਰਕਾਰ ਦੌਰਾਨ ਕੀਤੇ ਸ਼ਾਨਦਾਰ ਕੰਮਾਂ ਦੇ ਦਮ 'ਤੇ ਉਹ ਦਾਅਵਾ ਕਰਦੇ ਹਨ ਕਿ ਜੇਕਰ ਨੀਅਤ ਅਤੇ ਨੀਤੀਆਂ ਸਹੀ ਹੋਣ ਤਾਂ 5 ਸਾਲਾਂ 'ਚ ਦੇਸ਼ ਅਤੇ ਕਿਸੇ ਵੀ ਸੂਬੇ ਨੂੰ ਚਮਕਾਇਆ ਜਾ ਸਕਦਾ ਹੈ।
ਕੇਜਰੀਵਾਲ ਨੇ ਦੱਸਿਆ ਕਿ ਦਿੱਲੀ 'ਚ ਦਿੱਲੀ ਸਰਕਾਰ ਦੇ ਅਧੀਨ ਆਉਂਦੇ ਸਕੂਲਾਂ ਅਤੇ ਸਿਹਤ ਸੇਵਾਵਾਂ ਦੀ ਨੁਹਾਰ ਬਦਲ ਦਿੱਤੀ ਹੈ। ਸਰਕਾਰੀ ਸਕੂਲਾਂ ਦੇ ਨਤੀਜੇ 94.4 ਪ੍ਰਤੀਸ਼ਤ ਰਹੇ ਹਨ। ਜਦਕਿ ਮਹਿੰਗੇ-ਮਹਿੰਗੇ ਪ੍ਰਾਈਵੇਟ ਸਕੂਲਾਂ ਦਾ ਔਸਤਨ ਨਤੀਜਾ 88 ਪ੍ਰਤੀਸ਼ਤ ਰਿਹਾ। ਇਸੇ ਤਰ੍ਹਾਂ ਹਰ ਅਮੀਰ ਗ਼ਰੀਬ ਲਈ ਸਰਕਾਰੀ ਹਸਪਤਾਲਾਂ 'ਚ ਟੈੱਸਟ ਅਤੇ ਇਲਾਜ ਬਿਲਕੁਲ ਮੁਫ਼ਤ ਹੈ, ਬੇਸ਼ੱਕ 20 ਲੱਖ ਰੁਪਏ ਖ਼ਰਚ ਹੁੰਦੇ ਹੋਣ। 20 ਹਜ਼ਾਰ ਲੀਟਰ ਪਾਣੀ ਮੁਫ਼ਤ ਅਤੇ ਬਿਜਲੀ ਇੱਕ ਰੁਪਏ ਪ੍ਰਤੀ ਯੂਨਿਟ ਮੁਹੱਈਆ ਕਰਵਾਈ ਜਾ ਰਹੀ ਹੈ। ਇਸੇ ਦੌਰਾਨ ਲੋਕਾਂ ਨੇ ਦੱਸਿਆ ਕਿ ਪੰਜਾਬ 'ਚ ਸਰਕਾਰੀ ਸਕੂਲ ਖ਼ਤਮ ਕਰ ਦਿੱਤੇ ਹਨ ਅਤੇ ਬਿਜਲੀ ਔਸਤਨ 10 ਰੁਪਏ ਪ੍ਰਤੀ ਯੂਨਿਟ ਮਿਲ ਰਹੀ ਹੈ।
ਕੇਜਰੀਵਾਲ ਨੇ ਦੱਸਿਆ ਕਿ ਦਿੱਲੀ 'ਚ ਉਨ੍ਹਾਂ 10 ਹਜ਼ਾਰ ਗਲੀਆਂ, ਸੜਕਾਂ ਅਤੇ ਪਾਣੀ ਦੀਆਂ ਪਾਈਪਾਂ ਦਾ ਕੰਮ ਇਕੱਠਾ ਸ਼ੁਰੂ ਕੀਤਾ ਹੈ, ਜਿਸ ਨੂੰ ਤਿੰਨ ਸਾਲਾਂ 'ਚ ਪੂਰਾ ਕਰ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਸਰਕਾਰ ਨੇ ਦਿੱਲੀ ਦੇ ਵਪਾਰੀਆਂ ਅਤੇ ਕਾਰੋਬਾਰੀਆਂ ਲਈ ਬਹੁਤ ਕੰਮ ਕੀਤੇ ਹਨ ਅਤੇ ਇੰਸਪੈਕਟਰ ਰਾਜ ਦਾ ਖ਼ਾਤਮਾ ਕਰਕੇ 'ਰੇਡਾਂ' ਬੰਦ ਕਰਵਾ ਦਿੱਤੀਆਂ ਹਨ। ਦਿੱਲੀ ਸਰਕਾਰ ਨੇ ਦੁਕਾਨਦਾਰਾਂ ਦੇ ਹੱਕ 'ਚ ਸੀਲਿੰਗ ਦਾ ਵਿਰੋਧ ਕੀਤਾ ਅਤੇ ਮਾਇਆਪੁਰੀ ਸਮੇਤ ਕਈ ਇਲਾਕਿਆਂ ਨੂੰ ਸੀਲਿੰਗ ਬੰਦ ਕਰਵਾ ਦਿੱਤੀ।
ਕੇਜਰੀਵਾਲ ਨੇ ਬਰਨਾਲੇ ਦੇ ਲੋਕਾਂ ਨੂੰ ਗੁਜ਼ਾਰਿਸ਼ ਕੀਤੀ ਕਿ ਉਹ ਜਦ ਵੀ ਦਿੱਲੀ ਆਉਣ ਤਾਂ ਦਿੱਲੀ ਸਰਕਾਰ ਦੇ ਸਕੂਲ ਅਤੇ ਹਸਪਤਾਲ ਜ਼ਰੂਰ ਦੇਖ ਕੇ ਆਉਣ। ਲੋਕਾਂ ਵੱਲੋਂ ਕੀਤੇ ਗਏ ਸਵਾਲਾਂ ਦਾ ਜਵਾਬ ਦਿੰਦਿਆਂ ਦੱਸਿਆ ਕਿ ਦੇਸ਼ ਲਈ ਖ਼ਤਰਨਾਕ ਮੋਦੀ-ਅਮਿੱਤ ਸ਼ਾਹ ਦੀ ਜੋੜੀ ਨੂੰ ਰੋਕਣ ਲਈ ਉਹ ਚਾਹੁੰਦੇ ਸਨ ਕਿ ਦਿੱਲੀ, ਹਰਿਆਣਾ ਅਤੇ ਚੰਡੀਗੜ੍ਹ ਦੀਆਂ ਸੀਟਾਂ 'ਤੇ ਕਾਂਗਰਸ ਨਾਲ ਸਮਝੌਤਾ ਹੋ ਜਾਵੇ, ਕਿਉਂਕਿ ਮੋਦੀ-ਅਮਿਤ ਸ਼ਾਹ ਨੇ ਨੋਟਬੰਦੀ, ਜੀਐਸਟੀ ਵਰਗੇ ਅਨੇਕਾਂ ਘਾਤਕ ਫ਼ੈਸਲੇ ਲੈਣ ਦੇ ਨਾਲ-ਨਾਲ ਭਾਈਚਾਰਕ ਸਾਂਝ ਤੋੜੀ ਅਤੇ ਫ਼ਿਰਕਿਆਂ ਦੇ ਆਧਾਰ 'ਤੇ ਨਫ਼ਰਤ ਪੈਦਾ ਕੀਤੀ।
ਕੇਜਰੀਵਾਲ ਨੇ ਸੰਗਰੂਰ ਤੋਂ ਭਗਵੰਤ ਮਾਨ ਨੂੰ ਪਹਿਲਾਂ ਵਾਂਗ ਭਾਰੀ ਬਹੁਮਤ ਨਾਲ ਜਿਤਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਉਹ ਜਿੱਤਣ ਉਪਰੰਤ 2022 'ਚ ਪੰਜਾਬ ਜਿੱਤਣਾ ਹੈ। 2017 'ਚ ਸਰਕਾਰ ਕਿਉਂ ਨਹੀਂ ਬਣੀ? ਸਵਾਲ ਦੇ ਜਵਾਬ 'ਚ ਕੇਜਰੀਵਾਲ ਨੇ ਕਿਹਾ ਕਿ ਇਨ੍ਹਾਂ ਇਕੱਠੇ ਹੋ ਕੇ 'ਆਪ' ਖ਼ਿਲਾਫ਼ ਸਾਜ਼ਿਸ਼ਾਂ ਕੀਤੀਆਂ।