ਲੁਧਿਆਣਾ, 05 ਮਈ 2019: ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਦੇ ਜਨਮ ਦਿਹਾੜੇ ਸੰਬੰਧੀ ਰਾਜ ਸਰਕਾਰ ਵੱਲੋਂ ਰਾਜ ਪੱਧਰੀ ਸਮਾਗਮ ਦਾ ਆਯੋਜਨ ਸਥਾਨਕ ਸੀਨੀਅਰ ਸੈਕੰਡਰੀ ਸਕੂਲ ਫ਼ਾਰ ਮੈਰੀਟੋਰੀਅਸ ਸਟੂਡੈਂਟਸ ਵਿਖੇ ਕੀਤਾ ਗਿਆ, ਜਿਸ ਵਿੱਚ ਮੁੱਖ ਮਹਿਮਾਨ ਵਜੋਂ ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰ. ਇਕਬਾਲ ਸਿੰਘ ਸੰਧੂ ਨੇ ਸ਼ਿਰਕਤ ਕੀਤੀ।
ਸਮਾਗਮ ਨੂੰ ਸੰਬੋਧਨ ਕਰਦਿਆਂ ਸ੍ਰ. ਸੰਧੂ ਨੇ ਕਿਹਾ ਕਿ ਸਾਡੇ ਦੇਸ਼ ਦਾ ਇਤਿਹਾਸ ਵੱਖ-ਵੱਖ ਆਗੂਆਂ ਦੀਆਂ ਬਹਾਦਰੀਆਂ ਅਤੇ ਲਾਸਾਨੀ ਕੁਰਬਾਨੀਆਂ ਨਾਲ ਲਬਰੇਜ਼ ਹੈ, ਜਿਸ ਤੋਂ ਅੱਜ ਦੀਆਂ ਪੀੜੀਆਂ ਨੂੰ ਸੇਧ ਲੈਣ ਦੀ ਲੋੜ ਹੈ। ਦੇਸ਼ ਨੂੰ ਦਰਪੇਸ਼ ਚੁਣੌਤੀਆਂ ਦਾ ਮੁਕਾਬਲਾ ਕਰਨ ਵਿੱਚ ਸਾਡਾ ਅਮੀਰ ਇਤਿਹਾਸ ਅਹਿਮ ਯੋਗਦਾਨ ਪਾ ਸਕਦਾ ਹੈ। ਉਨ੍ਹਾਂ ਕਿਹਾ ਕਿ ਸਿੱਖ ਇਤਿਹਾਸ ਵਿੱਚ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਅਤੇ ਹੋਰ ਸਿੱਖ ਸਰਦਾਰਾਂ ਦੀਆਂ ਬਹਾਦਰੀਆਂ ਦੀਆਂ ਮਿਸਾਲਾਂ ਸੁਨਹਿਰੀ ਅੱਖਰਾਂ ਵਿੱਚ ਦਰਜ ਹਨ।
ਸਿੱਖ ਪੰਥ ਦੀ ਸਥਾਪਨਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਕੀਤੀ ਪਰ ਸਿੱਖ ਪੰਥ ਨੂੰ ਮਜ਼ਬੂਤੀ ਵੱਖ-ਵੱਖ ਮਿਸਲਾਂ ਅਤੇ ਹੋਰ ਸਿੱਖ ਆਗੂਆਂ ਨੇ ਦਿੱਤੀ। ਉਨ੍ਹਾਂ ਕਿਹਾ ਕਿ ਜੱਸਾ ਸਿੰਘ ਰਾਮਗੜ੍ਹੀਆ ਵੱਲੋਂ ਸਿੱਖ ਭਾਈਚਾਰੇ ਦੀ ਮਜ਼ਬੂਤੀ 'ਚ ਮਹਾਨ ਯੋਗਦਾਨ ਪਾਇਆ ਗਿਆ। ਉਨ੍ਹਾਂ ਦਾ ਜੀਵਨ ਸਾਡੇ ਲਈ ਇੱਕ ਚਾਨਣ ਮੁਨਾਰਾ ਹੈ। ਸਾਨੂੰ ਸਭ ਨੂੰ ਉਨ੍ਹਾਂ ਦੇ ਜੀਵਨ ਤੋਂ ਸਿੱਖਿਆ ਲੈਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਸਿੱਖਾਂ ਅਤੇ ਪੰਜਾਬੀਆਂ ਦੀਆਂ ਬਹਾਦਰੀ ਦੀਆਂ ਮਿਸਾਲਾਂ ਵਿਸ਼ਵ ਵਿੱਚ ਹੋਰ ਕਿਤੇ ਨਹੀਂ ਮਿਲਦੀਆਂ।
ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਕਰਨਲ ਅਮਰਜੀਤ ਸਿੰਘ (ਸੇਵਾਮੁਕਤ) ਨੇ ਮੁੱਖ ਮਹਿਮਾਨ ਅਤੇ ਹਾਜ਼ਰੀਨ ਦਾ ਸਵਾਗਤ ਕੀਤਾ ਅਤੇ ਸਕੂਲ ਦੇ ਵਿਦਿਆਰਥੀਆਂ ਦੀਆਂ ਪ੍ਰਾਪਤੀਆਂ ਦਾ ਵੇਰਵਾ ਪੇਸ਼ ਕੀਤਾ। ਸਮਾਗਮ ਦੌਰਾਨ ਅਗਾਂਹਵਧੂ ਅਧਿਆਪਕ ਅਤੇ ਕਲਾਕਾਰ ਸ੍ਰ. ਕਰਮਜੀਤ ਸਿੰਘ ਗਰੇਵਾਲ ਨੇ ਮੰਚ ਸੰਚਾਲਨ ਕਰਦਿਆਂ ਵਿਦਿਆਰਥੀਆਂ ਦੀਆਂ ਤਿੰਨ ਟੀਮਾਂ ਤਿਆਰ ਕਰਕੇ ਕੁਇਜ਼ ਮੁਕਾਬਲਾ ਕਰਵਾਇਆ। ਇਸ ਮੁਕਾਬਲੇ ਵਿੱਚ ਭਾਗ ਲੈਣ ਵਾਲੇ ਵਿਦਿਆਰਥੀਆਂ ਨੂੰ ਉਤਸ਼ਾਹੀ ਇਨਾਮਾਂ ਨਾਲ ਨਿਵਾਜਿਆ ਗਿਆ। ਇਸ ਮੌਕੇ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਸ੍ਰ. ਪ੍ਰਭਦੀਪ ਸਿੰਘ ਨੱਥੋਵਾਲ, ਸਕੂਲ ਦਾ ਸਟਾਫ਼ ਅਤੇ ਭਾਰੀ ਗਿਣਤੀ ਵਿੱਚ ਵਿਦਿਆਰਥੀ ਹਾਜ਼ਰ ਸਨ।