ਨਵਾਂ ਸ਼ਹਿਰ, 31 ਮਾਰਚ, 2019 : ਜ਼ਿਲ੍ਹਾ ਪ੍ਰਸ਼ਾਸਨ ਵਲੋਂ ਖੇਡ ਵਿਭਾਗ ਦੇ ਸਹਿਯੋਗ ਨਾਲ ਆਯੋਜਿਤ ਕੀਤੀ ਵੋਟਰ ਜਾਗਰੂਕਤਾ ਮੈਰਾਥਨ ਦਾ ਅਸਲ ਮਨੋਰਥ ਨਵਾਂਸ਼ਹਿਰ ਦੇ ਵੋਟਰਾਂ ਨੂੰ ਵੋਟ ਦੇ ਅਧਿਕਾਰ ਦੀ ਵਰਤੋਂ ਲਈ ਪ੍ਰੇਰਿਤ ਕਰਨਾ ਹੈ। ਪ੍ਰਸ਼ਾਸਨ ਵਲੋਂ ਵੋਟਰਾਂ ਨੂੰ ਵੋਟ ਦੇ ਅਧਿਕਾਰ ਦੀ ਨਿਰਪੱਖ ਹੋ ਕੇ ਵਰਤੋਂ ਕਰਨ ਲਈ ਬਹੁਤ ਸਾਰੇ ਪ੍ਰੋਗਰਾਮ ਉਲੀਕੇ ਗਏ ਹਨ, ਲੋਕਾਂ ਨੂੰ ਪ੍ਰਸ਼ਾਸਨ ਦੇ ਇਸ ਉਪਰਾਲੇ ਵਿੱਚ ਆਪਣਾ ਪੂਰਾ ਸਹਿਯੋਗ ਦੇਣਾ ਚਾਹੀਦਾ ਹੈ।
ਇਹ ਪ੍ਰਗਟਾਵਾ ਐਸ.ਡੀ.ਐਮ. ਨਵਾਂਸ਼ਹਿਰ ਡਾ. ਵਿਨੀਤ ਕੁਮਾਰ ਨੇ ਅੱਜ ਆਈ.ਟੀ.ਆਈ. ਨਵਾਂਸ਼ਹਿਰ ਵਿੱਚ ਵੋਟਰ ਜਾਗਰੂਕਤਾ ਮੈਰਾਥਨ ਨੂੰ ਝੰਡੀ ਦੇ ਕੇ ਰਵਾਨਾ ਕਰਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕੀਤਾ। ਉਨ੍ਹਾਂ ਕਿਹਾ ਕਿ ਸਾਡੀ ਵੋਟ ਹੀ ਸਾਡੀ ਤਾਕਤ ਹੈ, ਵੋਟ ਦਾ ਅਧਿਕਾਰ ਲੋਕਤੰਤਰ ਦੀ ਮਜ਼ਬੂਤੀ ਦਾ ਇੱਕ ਵੱਡਾ ਅਧਾਰ ਹੈ। ਸਾਡਾ ਸਵਿਧਾਨ ਸਾਨੂੰ ਇਸ ਅਧਿਕਾਰ ਦੀ ਵਰਤੋਂ ਕਰਨ ਦਾ ਅਧਿਕਾਰ ਦਿੰਦਾ ਹੈ ਅਤੇ ਹਰ ਕਿਸੇ ਨੂੰ ਇਸ ਅਧਿਕਾਰ ਦੀ ਵਰਤੋਂ ਕਰਕੇ ਲੋਕਤੰਤਰ ਦੇ ਇਸ ਸਭ ਤੋਂ ਵੱਡੇ ਸਮਾਰੋਹ ਦਾ ਹਿੱਸਾ ਬਣਨਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਅਜਿਹੇ ਵੱਖ ਵੱਖ ਤਰ੍ਹਾਂ ਦੇ ਸਮਾਰੋਹ ਅੱਗੇ ਤੋਂ ਵੀ ਜਾਰੀ ਰਹਿਣਗੇ ਅਤੇ ਲੋਕਾਂ ਨੂੰ ਵੋਟ ਦੇ ਅਧਿਕਾਰ ਦੀ ਵਰਤੋਂ ਲਈ ਜਾਗਰੂਕ ਕੀਤਾ ਜਾਵੇਗਾ। ਇਸ ਮੈਰਾਥਨ ਵਿੱਚ ਨਵਾਂਸ਼ਹਿਰ ਦੇ ਵੋਟਰਾਂ ਤੋਂ ਇਲਾਵਾ ਸਕੂਲਾਂ ਦੇ ਵਿਦਿਆਰਥੀਆਂ ਅਤੇ ਵਿਦਿਆਰਥਣਾਂ ਨੇ ਵੱਡੀ ਗਿਣਤੀ ਵਿੱਚ ਭਾਗ ਲਿਆ, ਉਨ੍ਹਾਂ ਨੇ ਵੋਟ ਦੇ ਮਹੱਤਵ ਦੇ ਸਲੋਗਨ ਵਾਲੇ ਬੈਨਰ ਆਦਿ ਵੀ ਚੱਕੇ ਹੋਏ ਸਨ। ਇਹ ਮੈਰਾਥਨ ਆਈ.ਟੀ.ਆਈ. ਨਵਾਂਸ਼ਹਿਰ ਤੋਂ ਰਵਾਨਾ ਹੋ ਕੇ ਚੰਡੀਗੜ੍ਹ ਚੌਂਕ ਨਵਾਂਸ਼ਹਿਰ ਤੋਂ ਬੱਸ ਅੱਡਾ ਨੇੜੇ ਹੋ ਕੇ ਮੁੜ ਵਾਪਿਸ ਆਈ.ਟੀ.ਆਈ. ਨਵਾਂਸ਼ਹਿਰ ਵਿਖੇ ਸਮਾਪਤ ਹੋਈ, ਜਿੱਥੇ ਪਹਿਲੇ 20 ਸਥਾਨਾਂ 'ਤੇ ਆਉਣ ਵਾਲੇ ਵਿਦਿਆਰਥੀਆਂ ਅਤੇ ਵਿਦਿਆਰਥਣਾਂ ਨੂੰ ਮੈਡਲ ਅਤੇ ਸਾਰੇ ਭਾਗ ਲੈਣ ਵਾਲੇ ਵੋਟਰਾਂ ਅਤੇ ਲੋਕਾਂ ਨੂੰ ਸਰਟੀਫਿਕੇਟ ਵੰਡੇ ਗਏ।
ਇਸ ਮੌਕੇ ਸਹਾਇਕ ਕਮਿਸ਼ਨਰ ਸ਼ਿਵ ਕੁਮਾਰ, ਡੀ.ਐਸ.ਪੀ. (ਸਿਟੀ) ਕੈਲਾਸ਼ ਚੰਦਰ, ਤਹਿਸੀਲਦਾਰ ਅਰਵਿੰਦ ਪ੍ਰਕਾਸ਼ ਵਰਮਾ, ਜ਼ਿਲ੍ਹਾ ਖੇਡ ਅਫ਼ਸਰ ਕਮ ਹੈਂਡਬਾਲ ਕੋਚ ਕੁਲਵਿੰਦਰ ਸਿੰਘ, ਸਮੇਤ ਵੱਡੀ ਗਿਣਤੀ ਵਿੱਚ ਵੋਟਰ, ਪੱਤਵੰਤੇ ਤੇ ਸਮੂਹ ਸਕੂਲਾਂ/ਕਾਲਜਾਂ ਦੇ ਵਿਦਿਆਰਥੀ ਹਾਜਿਰ ਸਨ।