ਪਟਿਆਲਾ, 17 ਮਈ 2019 (ਜੀ ਐੱਸ ਪੰਨੂ) - ਸਾਬਕਾ ਵਿਦੇਸ਼ ਰਾਜ ਮੰਤਰੀ ਅਤੇ ਹਲਕਾ ਪਟਿਆਲਾ ਤੋਂ ਕਾਂਗਰਸ ਦੀ ਉਮੀਦਵਾਰ ਪ੍ਰਨੀਤ ਕੌਰ ਨੇ ਅੱਜ ਦੁਪਹਿਰ ਗੱਲਬਾਤ ਕਰਦਿਆਂ ਕਿਹਾ ਕਿ ਇਸ ਵਾਰ ਪਟਿਆਲਾ ਤੋਂ ਕਾਂਗਰਸ ਦੀ ਰਿਕਾਰਡ ਤੋੜ ਜਿੱਤ ਹੋਵੇਗੀ।
ਇੱਕ ਮਹੀਨੇ ਤੋਂ ਵੀ ਵੱਧ ਰੁਝੇਵਿਆਂ ਭਰੀ ਲੰਮੀ ਚੋਣ ਮੁਹਿੰਮ ਦੀ ਸਮਾਪਤੀ ਤੇ ਪਰਨੀਤ ਕੌਰ ਨੇ ਹਲਕੇ ਦੇ ਲੋਕਾਂ, ਪਾਰਟੀ ਵਰਕਰਾਂ ਅਤੇ ਵੱਖ-ਵੱਖ ਆਹੁਦੇਦਾਰਾਂ ਵਲੋਂ ਇਸ ਮੁਹਿੰਮ ਦੀ ਕਾਮਯਾਬੀ ਲਈ ਦਿੱਤੇ ਭਰਵੇ ਸਹਿਯੋਗ ਲਈ ਧੰਨਵਾਦ ਕੀਤਾ। ਉਹਨਾਂ ਕਿਹਾ ਕਿ ਉਹਨਾਂ ਨੂੰ ਵਿਸ਼ਵਾਸ਼ ਹੀ ਨਹੀਂ ਸਗੋਂ ਪੱਕਾ ਯਕੀਨ ਹੈ, ਕਿ ਇਸ ਵਾਰ ਉਹਨਾਂ ਦੀ ਪਾਰਟੀ ਦੀ ਪਟਿਆਲਾ ਤੋਂ ਵੱਡੀ ਲੀਡ ਨਾਲ ਇਤਿਹਾਸਕ ਜਿੱਤ ਹੋਵੇਗੀ।
ਉਹਨਾਂ ਕਿਹਾ ਕਿ ਪਟਿਆਲਾ ਲੋਕ ਸਭਾ ਹਲਕੇ ਦੇ ਲੋਕ ਇਸ ਗੱਲ ਤੋਂ ਭਲੀਭਾਂਤ ਜਾਣੂ ਹਨ ਕਿ ਅਕਾਲੀ ਭਾਜਪਾ ਸਰਕਾਰ ਦੀ ਪਿਛਲੇ 10 ਸਾਲਾਂ ਦੇ ਰਾਜ ਵਿੱਚ ਕੀ ਕਾਰਗੁਜਾਰੀ ਰਹੀ ਹੈ ਅਤੇ ਇਸ ਹਲਕੇ ਦੇ ਲੋਕ ਇਹ ਵੀ ਬਾਖੂਬੀ ਜਾਣਦੇ ਹਨ, ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠਲੀ ਸਰਕਾਰ ਨੇ ਪਿਛਲੇ 2 ਸਾਲਾਂ ਦੌਰਾਨ ਪਟਿਆਲਾ ਤੇ ਉਸਦੇ ਆਸਪਾਸ ਵੱਡੀ ਗਿਣਤੀ ਵਿੱਚ ਵਿਕਾਸ ਪ੍ਰੋਜੈਕਟ ਸ਼ੁਰੂ ਕਰਵਾਏ ਹਨ।
ਪ੍ਰਨੀਤ ਕੌਰ ਨੇ ਹਲਕੇ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਐਤਵਾਰ ਵਾਲੇ ਦਿਨ 19 ਮਈ ਨੂੰ ਪੂਰੇ ਉਤਸ਼ਾਹ ਨਾਲ ਆਪਣੇ ਕੀਮਤੀ ਵੋਟ ਦਾ ਸਹੀ ਇਸਤੇਮਾਲ ਕਰਨ ਲਈ ਪੋਲਿੰਗ ਬੂਥ ਤੇ ਜਰੂਰ ਆਉਣ ਕਿਉਂਕਿ ਪੰਜਾਂ ਸਾਲਾਂ ਵਿੱਚ ਹਰੇਕ ਵੋਟਰ ਨੂੰ ਇੱਕ ਵਾਰ ਹੀ ਆਪਣੇ ਮੱਤ ਦੇ ਅਧਿਕਾਰ ਦੀ ਵਰਤੋਂ ਕਰਨ ਦਾ ਸੁਨਹਿਰੀ ਮੌਕਾ ਮਿਲਦਾ ਹੈ।
ਸਾਬਕਾ ਕੇਂਦਰੀ ਰਾਜ ਮੰਤਰੀ ਨੇ ਆਖਿਆ ਕਿ ਇਹ ਵੀ ਗੱਲ ਤੈਅ ਹੈ ਕਿ ਕੇਂਦਰ ਵਿੱਚ ਕਾਂਗਰਸ ਦੀ ਅਗਵਾਈ ਹੇਠ ਸਰਕਾਰ ਬਣਨ ਜਾ ਰਹੀ ਹੈ। ਜਿਸ ਵਿੱਚ ਪਟਿਆਲਾ ਦੇ ਵੋਟਰਾਂ ਦੀ ਵੀ ਬਹੁਤ ਵੱਡੀ ਭਾਗੀਦਾਰੀ ਹੋਵੇਗੀ। ਉਹਨਾਂ ਹੋਰ ਕਿਹਾ ਕਿ ਕੇਂਦਰ ਵਿੱਚ ਪਹਿਲਾਂ ਬਣੀਆਂ ਯੂ.ਪੀ. ਏ-1 ਅਤੇ-2 ਸਰਕਾਰਾਂ ਨੇ ਕਈ ਕੇਂਦਰੀ ਪ੍ਰੋਜੈਕਟ ਪਟਿਆਲਾ ਦੇ ਵਿਕਾਸ ਲਈ ਲਿਆਂਦੇ ਅਤੇ ਅਗਲੇ ਪੰਜ ਸਾਲਾਂ ਵਿੱਚ ਵੀ ਕਾਂਗਰਸ ਦੀ ਅਗਵਾਈ ਹੇਠ ਬਣਨ ਵਾਲੀ ਸਰਕਾਰ ਤੋਂ ਵੀ ਕਈ ਵੱਡੇ ਵਿਕਾਸ ਪ੍ਰੋਜੈਕਟ ਲਿਆਂਦੇ ਜਾਣਗੇ ਅਤੇ ਵੱਧ ਤੋਂ ਵੱਧ ਨੌਜਵਾਨਾਂ ਨੂੰ ਰੋਜ਼ਗਾਰ ਮੁਹੱਈਆ ਕਰਵਾਇਆ ਜਾ ਸਕੇਗਾ।
ਉਹਨਾਂ ਕਿਹਾ ਕਿ ਵਿਕਾਸ ਇੱਕ ਲਗਾਤਾਰ ਪ੍ਰਕਰਿਆ ਹੈ ਅਤੇ ਕਾਂਗਰਸ ਦੀ ਅਗਵਾਈ ਹੇਠਲੀਆਂ ਕੇਂਦਰ ਅਤੇ ਰਾਜ ਸਰਕਾਰ ਵਿਕਾਸ ਪੱਖੋਂ ਪਟਿਆਲੇ ਦੀ ਪੁਰਾਣੀ ਸ਼ਾਨ ਬਹਾਲ ਕਰਦਿਆਂ ਵਿਕਾਸ ਦੀਆਂ ਬੁਲੰਦੀਆਂ ਤੇ ਲੈ ਕੇ ਜਾਵੇਗੀ।