ਪਟਿਆਲਾ, 08 ਅਪ੍ਰੈਲ 2019: ਪਟਿਆਲਾ ਤੋ ਪੰਜਾਬ ਜਮਹੂਰੀ ਗੱਠਜੋੜ ਦੇ ਉਮੀਦਵਾਰ ਡਾ. ਧਰਮਵੀਰ ਗਾਂਧੀ ਨੇ ਅੱਜ ਨਾਭਾ ਹਲਕੇ ਵਿੱਚ ਪਾਰਟੀ ਦਫਤਰ ਦਾ ਉਦਘਾਟਨ ਕਰਦੇ ਸਮੇਂ ਕਾਂਗਰਸ ਵੱਲੋਂ ਗੈਗਸਟਰਾਂ ਨੂੰ ਪਾਰਟੀ ਵਿੱਚ ਸ਼ਾਮਿਲ ਕਰਨ ਦੀ ਮੁੰਹਿਮ 'ਤੇ ਇਤਰਾਜ਼ ਜਤਾਉਦਿਆਂ ਕਿਹਾ ਕਿ ਕਾਂਗਰਸ ਪਾਰਟੀ ਜਮਹੂਰੀਅਤ ਦੇ ਮੁੱਢਲੇ ਅਸੂਲਾਂ ਨੂੰ ਤਿਆਗਦੇ ਹੋਏ ਸੱਤਾ ਨੂੰ ਹਥਿਆਉਣ ਲਈ ਨਾਮਵਰ ਗੈਂਗਸਟਰਾਂ ਨੂੰ ਪਾਰਟੀ ਵਿੱਚ ਸ਼ਾਮਿਲ ਕਰ ਕੇ ਆਪਣੇ ਸਿਆਸੀ ਦਿਵਾਲੀਆਪਣ ਦਾ ਪ੍ਰਮਾਣ ਦੇ ਰਹੀ ਹੈ ਅਤੇ ਪੂਰੇ ਪੰਜਾਬ ਭਰ ਵਿੱਚ ਕਾਨੂੰਨ ਵਿਵਸਥਾ ਦਾ ਬੁਰਾ ਹਾਲ ਹੈ। ਜਿਸ ਤਰੀਕੇ ਨਾਲ ਕਾਂਗਰਸ ਪਾਰਟੀ ਵਿੱਚ ਦਿਨ ਪ੍ਰਤੀ ਦਿਨ ਮਾੜੇ ਅਨਸਰ ਸ਼ਾਮਿਲ ਹੋ ਰਹੇ ਹਨ ਇਸ ਨਾਲ ਪੰਜਾਬ ਵਿੱਚ ਬਦ ਤੋਂ ਬਦਤਰ ਹੋ ਚੁੱਕੀ ਕਾਨੂੰਨ ਵਿਵਸਥਾ ਵਿੱਚ ਇਜਾਫਾ ਹੋਵੇਗਾ। ਡਾ. ਗਾਂਧੀ ਨੇ ਵਿਅੰਗ ਕਸਦਿਆਂ ਕਿਹਾ ਕਿ ਸ਼ਾਇਦ ਇਹੀ ਕਾਰਨ ਹੈ ਕਿ ਮਹਾਰਾਣੀ ਸ਼੍ਰੀਮਤੀ ਪ੍ਰਨੀਤ ਕੌਰ ਜੀ ਆਪ ਤਾਂ ਬੁਲਟ ਪਰੂਫ ਗੱਡੀਆਂ ਵਿੱਚ ਰਹਿੰਦੇ ਹਨ ਕਿਉਂਕਿ ਉਨ੍ਹਾਂ ਨੂੰ ਪਤਾ ਹੈ ਕਿ ਉਨ੍ਹਾਂ ਦੀ ਆਪਣੀ ਪਾਰਟੀ ਵਿੱਚ ਹੀ ਗੈਂਗਸਟਰ ਹਨ ਅਤੇ ਹੁਣ ਜਦੋਂ ਉਹ ਲੋਕਾਂ ਕੋਲੋਂ ਵੋਟਾਂ ਮੰਗਣ ਜਾਂ ਰਹੇ ਹਨ ਤਾਂ ਕਾਂਗਰਸ ਸਰਕਾਰ ਦੀ ਪਿਛਲੇ ਢਾਈ ਸਾਲ ਦੀ ਕਾਰਗੁਜ਼ਾਰੀ ਜੋ ਕਿ ਸਿਫਰ ਹੈ, ਨੂੰ ਦੇਖਦਿਆਂ ਹੋਇਆ ਉਨ੍ਹਾਂ ਨੂੰ ਮਜਬੂਰੀ ਵਜੋਂ ਲੋਕਾਂ ਦੇ ਗੁੱਸੇ ਤੋਂ ਡਰ ਕੇ ਬੁਲਟ ਪਰੂਫ ਗੱਡੀ ਦਾ ਇਸਤੇਮਾਲ ਕਰਨਾ ਲਾਜਮੀ ਹੈ।
ਡਾ. ਧਰਮਵੀਰ ਗਾਂਧੀ ਨੇ ਕਿਹਾ ਕਿ ਉਹ ਕਾਂਗਰਸ ਵਾਂਗ ਪੈਸੇ ਦੇ ਜਾਂ ਗੁੰਡਿਆਂ ਦੇ ਜ਼ੋਰ 'ਤੇ ਨਹੀਂ ਸਗੋਂ ਇਨਸਾਫ ਪਸੰਦ ਆਮ ਲੋਕਾਂ ਦੇ ਸਹਿਯੋਗ ਨਾਲ ਚੋਣ ਜਿੱਤਣਗੇ। ਉਹਨਾਂ ਕਿਹਾ ਕਿ ਹਰ ਸਾਧਾਰਨ ਵਿਅਕਤੀ ਉਹਨਾਂ ਦਾ ਦੇ ਪਰਿਵਾਰ ਦਾ ਮੈਂਬਰ ਹੈ ਅਤੇ ਜਦੋਂ ਸਾਰਾ ਪਰਿਵਾਰ ਇੱਕਠਾ ਹੋ ਕੇ ਜ਼ੋਰ ਲਾਉਂਦਾ ਹੈ ਤਾਂ ਉਹ ਸਿਆਸਤ ਦੇ ਵੱਡੇ ਤੋਂ ਵੱਡੇ ਕਿਲ੍ਹੇ ਦੀਆਂ ਕੰਧਾਂ ਨੂੰ ਵੀ ਢਾਅ ਦਿੰਦਾ ਹੈ। ਡਾ. ਗਾਂਧੀ ਨੇ ਕਿਹਾ ਕਿ ਮੈਨੂੰ ਪੂਰਾ ਯਕੀਨ ਹੈ ਕਿ ਪਟਿਆਲਾ ਲੋਕ ਸਭਾ ਹਲਕੇ ਦੇ ਲੋਕ ਮੈਨੂੰ ਰਿਕਾਰਡ ਤੋੜ ਵੋਟਾਂ ਨਾਲ ijqwਉਣਗੇ।