ਕਾਦੀਆਂ 17 ਮਾਰਚ 2019 - ਭਾਰਤੀ ਸੰਸਦ ਹਮਲੇ ਤੋਂ ਬਾਅਦ ਭਾਰਤ-ਪਾਕਿ ਸੰਬੰਧਾਂ ਦੀ ਬਹਾਲੀ ਮਗਰੋਂ ਪਹਿਲੀ ਪਾਕਿਸਤਾਨੀ ਵਿਹਾਂਦੜ ਤਾਹਿਰਾ ਮਕਬੂਲ ਜਿਸਨੂੰ ਅਪ੍ਰੈਲ 2016 ਚ ਭਾਰਤੀ ਨਾਗਰਿਕਤਾ ਪ੍ਰਾਪਤ ਹੋਈ ਅਤੇ 27 ਫ਼ਰਵਰੀ 2017 ਨੂੰ ਭਾਰਤੀ ਪਾਸਪੋਰਟ ਮਿਲਿਆ ਹੈ ਉਹ ਪਹਿਲੀ ਵਾਰੀ ਲੋਕ ਸਭਾ ਚੋਣਾਂ ਚ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਕਰੇਗੀ।
ਫ਼ੈਸਲਾਬਾਦ ਦੀ ਤਾਹਿਰਾ ਜ਼ਹੂਰ ਤੋਂ ਤਾਹਿਰਾ ਮਕਬੂਲ ਬਣੀ ਪਾਕਿਸਤਾਨੀ ਵਿਹਾਂਦੜ ਜਿਸਦਾ ਵਿਆਹ ਕਾਦੀਆਂ ਦੇ ਜਰਨਲਿਸਟ ਮਕਬੂਲ ਅਹਿਮਦ ਨਾਲ 7 ਦਸੰਬਰ 2003 ਚ ਹੋਇਆ ਸੀ ਉਸਨੂੰ ਭਾਰਤ ਦਾ ਵੀਜ਼ਾ ਉਸ ਸਮੇਂ ਦੇ ਪ੍ਰਧਾਨ ਮੰਤਰੀ ਅਟਲ ਬਿਹਾਰੀ ਬਾਜਪਾਈ ਸਰਕਾਰ ਵਲੋਂ ਜਾਰੀ ਕੀਤਾ ਗਿਆ ਸੀ। ਇਸ ਵੀਜ਼ੇ ਲਈ ਸਾਬਕਾ ਪ੍ਰਧਾਨ ਮੰਤਰੀ ਇੰਦਰਕੁਮਾਰ ਗੁਜਰਾਲ, ਨਾਮਵਰ ਜਰਨਲਿਸਟ ਕੁਲਦੀਪ ਨਈਅਰ, ਸਾਬਕਾ ਕੈਬਨਿਟ ਮੰਤਰੀ ਡਾਕਟਰ ਦਲਜੀਤ ਸਿੰਘ ਚੀਮਾਂ, ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਅਤੇ ਉਘੇ ਲੇਖਕ ਸਤਨਾਮ ਸਿੰਘ ਮਾਨਕ ਦੇ ਸਹਿਯੋਗ ਨਾਲ ਮਿਲ ਸਕਿਆ ਸੀ।
ਭਾਰਤੀ ਨਾਗਰਿਕਤਾ ਹਾਸਿਲ ਕਰਨ ਲਈ ਤਾਹਿਰਾ ਮਕਬੂਲ ਨੂੰ ਕਾਫ਼ੀ ਜੱਦੋਜਹਿਦ ਕਰਨੀ ਪਈ ਸੀ। ਤਾਹਿਰਾ ਮਕਬੂਲ ਨੇ ਦੱਸਿਆ ਕਿ ਉਸਨੇ ਕੁਝ ਰਾਜਨੀਤਿਕ ਮੁਸ਼ਕਿਲਾਂ ਦੇ ਜ਼ਿੰਦਗੀ ਚ ਕਦੇ ਵੀ ਪਾਕਿਸਤਾਨ ਚ ਵੋਟ ਨਹੀਂ ਪਾਈ ਸੀ। ਉਸਨੂੰ 2016 'ਚ ਜਦੋਂ ਭਾਰਤੀ ਨਾਗਰਿਕਤਾ ਪ੍ਰਾਪਤ ਹੋਈ ਤਾਂ ਉਸਨੂੰ ਭਾਰਤ ਚ ਵੋਟ ਪਾਉਣ ਦਾ ਹੱਕ ਹਾਸਿਲ ਹੋ ਗਿਆ ਸੀ। ਜਿਸਤੋਂ ਬਾਅਦ ਉਸਨੇ ਪੰਜਾਬ ਵਿਧਾਨ ਸਭਾ ਚੋਣਾਂ ਚ ਆਪਣੇ ਵੋਟ ਦੇ ਹੱਕ ਨੂੰ ਇਸਤੇਮਾਲ ਕੀਤਾ ਸੀ ਪਰ ਲੋਕ ਸਭਾ ਲਈ ਪਹਿਲੀ ਵਾਰ ਆਪਣੀ ਵੋਟ ਦੀ ਵਰਤੋਂ ਕਰੇਗੀ .
ਉਸਨੇ ਦੱਸਿਆ ਕਿ "ਮੇਰਾ ਸੁਪਨਾ ਸੀ ਕਿ ਮੈਂ ਵੀ ਕਦੇ ਲੋਕ ਸਭਾ ਚੋਣਾਂ ਚ ਆਪਣੇ ਵੋਟ ਦੇ ਹੱਕ ਨੂੰ ਇਸਤੇਮਾਲ ਕਰਾਂਗੀ।" ਹੁਣ ਜਦੋਂਕਿ 19 ਮਈ 2019 ਨੂੰ ਪੰਜਾਬ ਚ ਲੋਕ ਸਭਾ ਚੋਣਾਂ ਹੋਣ ਜਾ ਰਹੀਆਂ ਹਨ ਤਾਂ ਉਹ ਆਪਣੀ ਵੋਟ ਪਾਉਣ ਲਈ ਹੁਣੇ ਤੋਂ ਕਾਫ਼ੀ ਉਤਸੁਕ ਹੈ। ਉਨ੍ਹਾਂ ਅੱਗੇ ਦੱਸਿਆ ਕਿ "ਮੇਰੇ ਪਤੀ ਚੋਧਰੀ ਮਕਬੂਲ ਅਹਿਮਦ ਜਦੋਂ ਵੋਟ ਪਾਉਣ ਜਾਂਦੇ ਸਨ ਤਾਂ ਮੇਰਾ ਵੀ ਬੜਾ ਦਿਲ ਕਰਦਾ ਸੀ ਕਿ ਮੈਂ ਵੀ ਉਨ੍ਹਾਂ ਨਾਲ ਵੋਟ ਪਾਉਣ ਜਾਂਵਾ, ਪਰ ਭਾਰਤੀ ਨਾਗਰਿਕਤਾ ਨਾ ਹੋਣ ਕਾਰਨ ਇਹ ਸੰਭਵ ਨਹੀਂ ਸੀ। ਮੇਰੇ ਬੱਚੇ ਵੀ ਵੇਖਦੇ ਸਨ ਕਿ ਮੰਮੀ ਦੇ ਬਿਨਾਂ ਉਨ੍ਹਾਂ ਦੇ ਪਿਤਾ ਵੋਟ ਪਾਉਣ ਜਾਂਦੇ ਹਨ ਤਾਂ ਉਹ ਬੜਾ ਅਜੀਬ ਲਗਦਾ ਸੀ।"
ਤਾਹਿਰਾ ਨੇ ਦੱਸਿਆ , ' ਹੁਣ ਮੇਰਾ ਸੁਪਨਾ 19 ਮਈ ਨੂੰ ਸਾਕਾਰ ਹੋਵੇਗਾ ਜਦੋਂ ਮੈਂ ਆਪਣੇ ਪਤੀ ਦੇ ਨਾਲ ਵੋਟ ਪਾਉਣ ਜਾਂਵਾਂਗੀ। ਉਹ ਦਿਨ ਮੇਰੇ ਲਈ ਈਦ ਵਰਗਾ ਹੋਵੇਗਾ ". ਉਨ੍ਹਾਂ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਆਪਣੇ ਵੋਟ ਦੇ ਹੱਕ ਨੂੰ ਜ਼ਰੂਰ ਇਸਤੇਮਾਲ ਕਰਨ ਅਤੇ ਆਪਣੀ ਵੋਟ ਵਿਅਰਥ ਨਾ ਜਾਣ ਦੇਣ ਉਨ੍ਹਾਂ ਕਿਹਾ ਕਿ ਵੋਟਾਂ ਰਾਹੀਂ ਸਾਨੂੰ ਇੱਕ ਚੰਗੀ ਸਰਕਾਰ ਚੁਣਨ ਦਾ ਮੋਕਾ ਮਿਲਦਾ ਹੈ ਉਨ੍ਹਾਂ ਕਿਹਾ ਕਿ ਭਾਰਤ ਦੀ ਜਮਹੂਰਿਅਤ ਦੀ ਜੜਾਂ ਬਹੁਤ ਮਜ਼ਬੂਤ ਹਨ ਅਤੇ ਉਹ ਇਸ ਗੱਲ ਤੋਂ ਕਾਫ਼ੀ ਪ੍ਰਭਾਵਿਤ ਹਨ।
ਆਪਣੇ ਪਰਿਵਾਰ ਨਾਲ ਤਾਹਿਰਾ