ਫਰੀਦਕੋਟ 9 ਅਪ੍ਰੈਲ 2019 (ਦੇਵਾਂ ਨੰਦ ਸ਼ਰਮਾ ): ਲੋਕ ਸਭਾ ਚੋਣਾਂ-2019 ਸਬੰਧੀ 87-ਫਰੀਦਕੋਟ, ਵਿਧਾਨ ਸਭਾ ਚੋਣ ਹਲਕੇ ਦੇ ਪਿੰਡ ਮਰਾੜ੍ਹ ਅਤੇ ਸੰਜੇ ਨਗਰ, ਫਰੀਦਕੋਟ ਦੇ ਪੋਲਿੰਗ ਸਟੇਸ਼ਨਾਂ ਦੀ ਇਮਾਰਤ ਵਿੱਚ ਤਬਦੀਲੀ ਕੀਤੀ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜਿਲ੍ਹਾ ਚੋਣ ਅਫਸਰ-ਕਮ-ਡਿਪਟੀ ਕਮਿਸ਼ਨਰ ਸ੍ਰੀ ਗੁਰਲਵਲੀਨ ਸਿੰਘ ਸਿੱਧੂ, ਆਈ.ਏ.ਐੱਸ. ਦੱਸਿਆ ਕਿ ਪਿੰਡ ਮਰਾੜ ਦੇ ਬੂਥ ਨੰ. 73 ਅਤੇ 74 ਪਹਿਲਾਂ ਸਰਕਾਰੀ ਐਲੀਮੈਂਟਰੀ ਸਕੂਲ (ਉੱਤਰੀ ਅਤੇ ਦੱਖਣੀ ਪਾਸਾ), ਮਰਾੜ ਵਿੱਚ ਬਣੇ ਹੋਏ ਸਨ। ਇਸ ਸਕੂਲ ਦੀ ਇਮਾਰਤ ਦੀ ਉਸਾਰੀ ਦਾ ਕੰਮ ਚੱਲ ਰਿਹਾ ਹੈ। ਜਿਸ ਕਾਰਨ ਹੁਣ ਇਹਨਾਂ ਬੂਥਾਂ ਨੂੰ ਸਰਕਾਰੀ ਮਿਡਲ ਸਕੂਲ (ਉੱਤਰੀ ਅਤੇ ਦੱਖਣੀ ਪਾਸਾ), ਮਰਾੜ ਵਿੱਚ ਤਬਦੀਲ ਕੀਤਾ ਗਿਆ ਹੈ। ਇਸੇ ਤਰਾਂ੍ਹ ਸੰਜੇ ਨਗਰ, ਫਰੀਦਕੋਟ ਦੇ ਬੂਥ ਨੰ. 112 ਅਤੇ 113 ਸਰਕਾਰੀ ਪ੍ਰਾਇਮਰੀ ਸਕੂਲ (ਸੱਜਾ ਅਤੇ ਖੱਬਾ ਪਾਸਾ), ਸੰਜੇ ਨਗਰ ਵਿਖੇ ਬਣੇ ਹੋਏ ਸਨ। ਇਸ ਸਕੂਲ ਦੀ ਵੀ ਨਵ-ਉਸਾਰੀ ਦਾ ਕੰਮ ਚੱਲ ਰਿਹਾ ਹੈ। ਇਸ ਲਈ ਹੁਣ ਇਹਨਾਂ ਬੂਥਾਂ ਨੂੰ ਸਰਕਾਰੀ ਮਿਡਲ ਸਕੂਲ (ਸੱਜਾ ਅਤੇ ਖੱਬਾ ਪਾਸਾ), ਸੰਜੇ ਨਗਰ ਵਿੱਚ ਤਬਦੀਲ ਕੀਤਾ ਗਿਆ ਹੈ। ਇਹਨਾਂ ਬੂਥਾਂ ਤੇ ਵੋਟਰਾਂ ਲਈ ਪਾਣੀ, ਛਾਂ, ਬਾਥਰੂਮ, ਬਿਜਲੀ ਆਦਿ ਦਾ ਪ੍ਰਬੰਧ ਹੈ। ਜਿਲ੍ਹਾ ਚੋਣ ਅਫਸਰ ਜੀ ਵੱਲੋਂ ਅੱਗੇ ਦੱਸਿਆ ਗਿਆ ਕਿ ਇਹਨਾਂ ਪੁਰਾਣੇ ਬੂਥਾਂ ਦੀ ਇਮਾਰਤਾਂ ਦੀ ਉਸਾਰੀ ਵਿੱਚ ਮਈ ਮਹੀਨੇ ਦੇ ਅੰਤ ਤੱਕ ਦਾ ਸਮਾਂ ਲੱਗ ਸਕਦਾ ਹੈ। ਜਿਸ ਕਾਰਨ ਇਹਨਾਂ ਬੂਥਾਂ ਦੀ ਇਮਾਰਤ ਤਬਦੀਲ ਕੀਤੀ ਗਈ ਹੈ। ਇਹਨਾਂ ਬੂਥਾਂ ਦੀ ਇਮਾਰਤ ਬਦਲਣ ਸਬੰਧੀ ਪ੍ਰਵਾਨਗੀ ਭਾਰਤ ਚੋਣ ਕਮਿਸ਼ਨ ਵੱਲੋਂ ਜਾਰੀ ਕਰ ਦਿੱਤੀ ਗਈ ਹੈ।