ਮਾਨਸਾ 04 ਅਪ੍ਰੈਲ 2019: ਰਾਹ ਜਾਂਦੇ ਮੱਛੀ ਦੇ ਭਰੇ ਕੈਂਟਰਾਂ 'ਚੋਂ ਧੱਕੇ ਨਾਲ ਮੱਛੀ ਖੋਹ ਕੇ ਲਿਜਾਣ ਦੇ ਦੋਸ਼ 'ਚ ਜ਼ਿਲ੍ਹਾ ਮਾਨਸਾ ਦੇ ਥਾਣਾ ਝੁਨੀਰ ਦੀ ਪੁਲਿਸ ਨੇ ਮਿਲੀ ਸ਼ਿਕਾਇਤ 'ਤੇ ਕੋਈ ਵੀ ਕਾਰਵਾਈ ਨਾ ਕੀਤੇ ਜਾਣ 'ਤੇ ਪੀੜ੍ਹਤ ਵਿਅਕਤੀ ਵੱਲੋਂ ਮਨੁੱਖੀ ਅਧਿਕਾਰ ਕਮਿਸ਼ਨ ਪੰਜਾਬ, ਚੰਡੀਗੜ੍ਹ ਦਾ ਬੂਹਾ ਖੜਕਾਉਣ ਲਈ ਮਜ਼ਬੂਰ ਹੋਣਾ ਪਿਆ, ਜਿਸ ਵੱਲੋਂ ਤੁਰੰਤ ਜ਼ਿਲ੍ਹਾ ਪੁਲਿਸ ਮੁੱਖੀ ਮਾਨਸਾ ਨੂੰ ਇਸ ਮਾਮਲੇ ਦੀ ਜਾਂਚ ਕਰਕੇ ਕਾਰਵਾਈ ਅਮਲ 'ਚ ਲਿਆਉਣ ਦੀ ਸ਼ਿਫਾਰਿਸ਼ ਕੀਤੀ ਗਈ, ਜਿੰਨ੍ਹਾਂ ਵੱਲੋਂ ਜਾਂਚ ਕਰਵਾਉਣ ਉਪਰੰਤ ਜਾਰੀ ਆਦੇਸ਼ਾਂ 'ਤੇ ਥਾਣਾ ਝੁਨੀਰ ਦੀ ਪੁਲਿਸ ਨੇ ਇੱਕ ਵਿਅਕਤੀ ਨੂੰ ਨਾਮਜ਼ਦ ਕਰਨ ਤੋਂ ਇਲਾਵਾ 8 ਹੋਰ ਨਾ–ਮਾਲੂਮ ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਅਨੁਸਾਰ ਮੱਛੀ ਵੇਚਣ ਦਾ ਕਾਰੋਬਾਰ ਕਰਨ ਵਾਲਾ ਮੇਹਰਬਾਨ ਅਹਿਮਦ ਪੁੱਤਰ ਜਰੂਰ ਅਹਿਮਦ ਵਾਸੀ ਪਟਿਆਲਾ 26 ਜਨਵਰੀ 2018 ਨੂੰ ਕੈਂਟਰ ਨੰ: ਪੀ.ਬੀ. 11ਏ.ਐਕਸ.–9586 ਅਤੇ ਪੀ.ਬੀ.11ਏ.ਜੀ.–8152 'ਚ ਕਰੀਬ 20 ਕੁਇੰਟਲ ਮੱਛੀ ਭਰ ਕੇ ਸਿਰਸਾ ਤੋਂ ਵਾਪਿਸ ਪਟਿਆਲਾ ਜਾ ਰਿਹਾ ਸੀ ਕਿ ਕਸਬਾ ਝੁਨੀਰ ਦੇ ਲਾਗੇ ਕਾਰ ਸਵਾਰ ਕੁੱਝ ਵਿਅਕਤੀ ਬੰਦੂਕ ਦੀ ਨੋਕ 'ਤੇ ਜ਼ਬਰਦਸਤੀ ਉਕਤ ਦੋਵੇਂ ਕੈਂਟਰਾਂ ਨੂੰ ਰੋਕ ਕੇ ਅਗਿਆਤ ਜਗ੍ਹਾ 'ਤੇ ਲੈ ਗਏ ਅਤੇ ਉਨ੍ਹਾਂ 'ਚ ਭਰੀ ਕਰੀਬ 20 ਕੁਇੰਟਲ ਮੱਛੀ ਉਤਾਰ ਕੇ ਕੈਂਟਰ ਉਨ੍ਹਾਂ ਨੂੰ ਵਾਪਿਸ ਕਰ ਦਿੱਤੇ, ਜਿਸ ਨੂੰ ਲੈ ਕੇ ਮੇਹਰਬਾਨ ਅਹਿਮਦ ਥਾਣਾ ਝੁਨੀਰ ਵਿਖੇ ਸ਼ਿਕਾਇਤ ਕਰਨ ਪੁੱਜਾ, ਜਿੱਥੇ ਜਦ ਉਸ ਦੀ ਕੋਈ ਸੁਣਵਾਈ ਨਾ ਹੋਈ ਤਾਂ ਮਜ਼ਬੂਰ ਹੋ ਕੇ ਉਸ ਨੇ ਮਨੁੱਖੀ ਅਧਿਕਾਰ ਕਮਿਸ਼ਨ ਪੰਜਾਬ, ਚੰਡੀਗੜ੍ਹ ਦਾ ਬੂਹਾ ਖੜਕਾਇਆ, ਜਿਸ ਵੱਲੋਂ ਤੁਰੰਤ ਜ਼ਿਲ੍ਹਾ ਪੁਲਿਸ ਮੁੱਖੀ ਮਾਨਸਾ ਨੂੰ ਇਸ ਮਾਮਲੇ ਦੀ ਜਾਂਚ ਕਰਕੇ ਕਾਰਵਾਈ ਅਮਲ 'ਚ ਲਿਆਉਣ ਦੀ ਸ਼ਿਫਾਰਿਸ਼ ਕੀਤੀ ਗਈ, ਜਿੰਨ੍ਹਾਂ ਵੱਲੋਂ ਜਾਂਚ ਕਰਵਾਉਣ ਉਪਰੰਤ ਜਾਰੀ ਆਦੇਸ਼ਾਂ 'ਤੇ ਥਾਣਾ ਝੁਨੀਰ ਦੀ ਪੁਲਿਸ ਨੇ ਮੇਜਰ ਸਿੰਘ ਵਾਸੀ ਗੋਨਿਆਣਾ ਨੂੰ ਨਾਮਜ਼ਦ ਕਰਨ ਤੋਂ ਇਲਾਵਾ 8 ਹੋਰ ਨਾ–ਮਾਲੂਮ ਵਿਅਕਤੀਆਂ ਦੇ ਖਿਲਾਫ਼ ਧਾਰਾ 341,379,323,148,149 ਦੇ ਅਧੀਨ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।