ਨਵਾਂ ਸ਼ਹਿਰ, 06 ਅਪਰੈਲ, 2019: ਭਾਰਤ ਦੇ ਚੋਣ ਕਮਿਸ਼ਨ ਦੀਆਂ ਹਦਾਇਤਾਂ ਮੁਤਾਬਕ ਅਤੇ ਡੀ.ਸੀ. ਕਮ ਜ਼ਿਲ੍ਹਾ ਚੋਣ ਅਫ਼ਸਰ ਦੇ ਦਿਸ਼ਾ-ਨਿਰਦੇਸ਼ਾਂ ਅਧੀਨ ਅੱਜ ਸ਼ਿਵਾਲਿਕ ਪਬਲਿਕ ਸਕੂਲ ਨਵਾਂਸ਼ਹਿਰ ਵਿਖੇ ਪੋਲਿੰਗ ਬੂਥ ਵਲੰਟੀਅਰਜ਼ ਦੀ ਟੇ੍ਰਨਿੰਗ ਕਰਵਾਈ ਗਈ।
ਇਸ ਮੌਕੇ ਜ਼ਿਲ੍ਹਾ ਮਾਸਟਰ ਟੇ੍ਰਨਰ ਡਾ. ਸੁਰਿੰਦਰਪਾਲ ਅਗਨੀਹੋਤਰੀ, ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਸ੍ਰੀਮਤੀ ਸੰਤੋਸ਼ ਵਿਰਦੀ, ਅਸੈਂਬਲੀ ਮਾਸਟਰ ਟੇ੍ਰਨਰ ਸੁਰਜੀਤ ਸਿੰਘ ਮਝੂਰ, ਸ੍ਰੀ ਯੂਨਸ ਖੋਖਰ ਨੇ ਵੱਖ-ਵੱਖ ਆਗਣਵਾਂੜੀ ਕੇਂਦਰਾਂ ਤੋਂ ਆਏ ਹੋਏ ਪੋਲਿੰਗ ਵਲੰਟੀਅਰਜ਼ ਨੂੰ ਪੀ.ਡਬਲਯੂ.ਡੀ. ਵੋਟਰਾਂ ਨੂੰ ਪੋਲਿੰਗ ਬੂਥ ਤੱਕ ਲਿਜਾਣ ਦੇ ਸਾਧਨਾਂ ਬਾਰੇ, ਵੋਟ ਦੀ ਮਹੱੱਤਤਾ ਬਾਰੇ ਅਤੇ ਵੀ.ਵੀ. ਪੀ ਏ ਟੀ, ਈ.ਵੀ.ਐਮ ਮਸ਼ੀਨ ਦੇ ਕੰਮ ਅਤੇ ਵਰਤੋਂ ਸੰਬੰਧੀ ਦਿਸ਼ਾ-ਨਿਰਦੇਸ਼ ਦੱਸੇ।
ਡਾ. ਅਗਨੀਹੋਤਰੀ ਅਤੇ ਸ੍ਰੀਮਤੀ ਸੰਤੋਸ਼ ਵਿਰਦੀ ਨੇ ਇਸ ਵਿਸ਼ੇ ਬਾਰੇ ਵਿਸਥਾਰ ਨਾਲ ਦੱਸਦੇ ਹੋਏ ਕਿਹਾ ਕਿ ਵੋਟਰਾਂ ਵਿੱਚ ਤਿੰਨ ਕਿਸਮ ਦੇ ਦਿਵਿਆਂਗ ਵੋਟਰਜ਼ ਹੋ ਸਕਦੇ ਹਨ ਜਿਵੇਂ ਕਿ ਵ੍ਹੀਲ ਚੇਅਰ ਉੱਤੇ ਚੱਲਣ ਵਾਲੇ, ਕੰਨਾਂ ਤੋਂ ਸੁਣਾਈ ਨਾ ਦੇਣ ਵਾਲੇ ਜਾਂ ਜਿਨ੍ਹਾਂ ਨੂੰ ਘੱਟ ਸੁਣਾਈ ਦਿੰਦਾ ਹੈ ਅਤੇ ਕਿਸੇ ਦੇ ਸਹਾਰੇ ਚੱਲਣ ਵਾਲੇ ਜੋ ਕਿ ਵੋਟ ਪਾਉਣ ਜਾਣ ਤੋਂ ਅਸਮਰੱਥ ਮਹਿਸੂਸ ਕਰਦੇ ਹਨ,ਉਨ੍ਹਾਂ ਨੂੰ ਉਨ੍ਹਾਂ ਦੀ ਅਪੰਗਤਾ ਦੀ ਕਿਸਮ ਮੁਤਾਬਿਕ ਪੋੋਲਿੰਗ ਬੂਥ ਤੱਕ ਸਾਧਨ ਮੁਹੱਈਆ ਕਰਵਾਉਣ ਦੀ ਜਿੰਮੇਵਾਰੀ ਵਾਲੰਟੀਅਰ ਵਰਕਰਜ਼ ਨੂੰ ਸੌਂਪਦੇ ਹੋਏ, ਇਸ ਨੂੰ ਦੇਸ਼ ਸੇਵਾ ਕਰਾਰ ਦਿੱੱਤਾ ਤਾਂ ਕਿ ਮਜ਼ਬੂਤ ਲੋਕਤੰਤਰ ਬਣਾਉਣ ਹਿੱਤ ਇਨ੍ਹਾਂ ਦੀ ਵੋਟ ਦੁਆਰਾ ਯੋਗ ਉਮੀਦਵਾਰਾਂ ਦੀ ਚੋਣ ਕੀਤੀ ਜਾ ਸਕੇ। ਇਸ ਟੇ੍ਰਨਿੰਗ ਵਿੱੱਚ ਐਸ.ਡੀ.ਐਮ. ਦਫ਼ਤਰ ਦੇ ਪ੍ਰਤੀਨਿਧੀ ਪ੍ਰਭਜੋਤ ਸਿੰਘ, ਸੁਰੇਸ਼ ਕੁਮਾਰ, ਲਖਵੀਰ ਸਿੰਘ, ਜੈ ਰਾਮ, ਇੰਦਰਪਾਲ ਅਤੇ ਰਜਿੰਦਰ ਪਾਲ ਮੌਜੂਦ ਸਨ। ਅਖੀਰ ਵਿੱਚ ਸਾਰੇ ਵਲੰਟੀਅਰਜ਼ ਨੂੰ ਮੋਕ ਪੋਲ ਕਰਵਾ ਕੇ ਦਿਖਾਈ ਗਈ।