ਮਮਦੋਟ, 17 ਮਈ 2019 (ਨਿਰਵੈਰ ਸਿੰਘ ਸਿੰਧੀ ) ਪਿਛਲੇ ਪੰਜ ਸਾਲ ਵਿੱਚ ਐਨ ਡੀ ਏ ਦੀ ਸਰਕਾਰ ਨੇ ਜਿਨ੍ਹਾਂ ਨੁਕਸਾਨ ਆਮ ਲੋਕਾਂ ਦਾ ਕੀਤਾ ਹੈ ਸ਼ਾਇਦ ਹੀ ਹੁਣ ਤੱਕ ਕਿਸੇ ਸਰਕਾਰ ਨੇ ਕੀਤਾ ਹੋਵੇ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਮਮਦੋਟ ਦੇ ਇੱਕ ਨਿੱਜੀ ਪੈਲਸ ਵਿਖੇ ਲੋਕ ਸਭਾ ਹਲਕਾ ਫਿਰੋਜਪੁਰ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਸ਼ੇਰ ਸਿੰਘ ਘੁਬਾਇਆ ਨੇ ਇੱਕ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਕੀਤਾ। ਉਹਨਾ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਵੱਲੋਂ ਲਏ ਆਪ ਮੁਹਾਰੇ ਨੋਟਬੰਦੀ ਅਤੇ ਜੀ ਐਸ ਟੀ ਦੇ ਫੈਸਲੇ ਨੇ ਆਮ ਲੋਕਾਂ ਦਾ ਲੱਕ ਹੀ ਤੋੜ ਕੇ ਰੱਖ ਦਿੱਤਾ ਹੈ ਤੇ ਇਸ ਨਾਲ ਨਾਂ ਤਾਂ ਕਾਲਾ ਧਨ ਹੀ ਨਿਕਲਿਆ ਸਗੋਂ ਨਵੀਂ ਕਰੰਸੀ ਬਨਾਉਣ ਤੇ ਕਰੋੜਾਂ ਰੁਪੈ ਖਰਚ ਹੋਏ ਜਿਸਦਾ ਭਾਰ ਸਿੱਧੇ ਤੌਰ ਤੇ ਆਮ ਲੋਕਾਂ ਤੇ ਪਿਆ ਹੈ। ਇਸ ਰੈਲੀ ਵਿੱਚ ਬੋਲਦਿਆਂ ਘੁਬਾਇਆ ਵੱਲੋਂ ਬਿਰਾਦਰੀ ਵਾਦ ਦਾ ਮੁੱਦਾ ਹੀ ਭਾਰੂ ਰਿਹਾ ਤੇ ਉਹ ਸਮੇਂ ਸਮੇਂ ਤੇ ਅਕਾਲੀ ਦਲ ਖਿਲਾਫ ਵੀ ਭੜਾਸ ਕੱਢਦੇ ਰਹੇ। ਇਸ ਰੈਲੀ ਨੂੰ ਸੰਬੋਧਨ ਕਰਦਿਆਂ ਇੰਦਰਜੀਤ ਸਿੰਘ ਜੀਰਾ ਨੇ ਕਿਹਾ ਕਿ ਪਹਿਲਾਂ ਆਪਾਂ ਅੱਛੇ ਦਿਨ ਆਉਣ ਵਾਲੇ ਜੁੰਬਲੇ ਵਿੱਚ ਫਸ ਗਏ ਪਰ ਅੱਛੇ ਦਿਨ ਤਾਂ ਕੀ ਆਉਣੇ ਸੀ ਪਹਿਲਾਂ ਤੋਂ ਵੀ ਬੁਰੇ ਦਿਨ ਵੇਖਣੇ ਪੈ ਗਏ ਪਰ ਹੁਣ ਇਹਨਾਂ ਝੂਠੇ ਜੁਮਲਿਆਂ ਤੋਂ ਆਪਾਂ ਬਚ ਕੇ ਰਹਿਣਾ ਹੈ। ਇਸ ਰੈਲੀ ਦੇ ਇਕੱਠ ਵਿੱਚ ਲੋਕਲ ਮਮਦੋਟ ਕਸਬੇ ਤੋਂ ਨਾਂ ਤਾਂ ਨਗਰ ਪੰਚਾਇਤ ਦਾ ਪ੍ਰਧਾਨ, ਐਮ ਸੀ ਜਾਂ ਕੋਈ ਹੋਰ ਖਾਸ ਵਿਅਕਤੀ ਹੀ ਸ਼ਾਮਲ ਹੋਇਆ ਸਗੋਂ ਜਿਆਦਾਤਰ ਪੇਡੂ ਖੇਤਰ ਵਿੱਚੋਂ ਰਾਏ ਸਿੱਖ ਬਿਰਾਦਰੀ ਨਾਲ ਸਬੰਧਤ ਵੱਖ ਵੱਖ ਹਲਕਿਆਂ ਦੇ ਲੋਕ ਹੀ ਦੇਖਣ ਨੂੰ ਮਿਲੇ। ਮਮਦੋਟ ਖੇਤਰ ਦੇ ਲੋਕਾਂ ਦੀ ਚੁੱਪੀ ਆਉਣ ਵਾਲੀ 19 ਤਰੀਕ ਨੂੰ ਕੀ ਰੰਗ ਦਿਖਾਉਂਦੀ ਹੈ ਆਉਣ ਵਾਲਾ ਸਮਾ ਹੀ ਦੱਸੇਗਾ। ਇਸ ਰੈਲੀ ਨੂੰ ਐਚ ਐਸ ਹੰਸਪਾਲ, ਮੈਡਮ ਸਤਿਕਾਰ ਕੌਰ ਗਹਿਰੀ , ਜਸਮੇਲ ਸਿੰਘ ਲਾਡੀ ਗਹਿਰੀ, ਗੁਰਚਰਨ ਸਿੰਘ ਨਾਹਰ, ਬਲਵਿੰਦਰ ਸਿੰਘ ਨੌਲ, ਰੇਸ਼ਮ ਸਿੰਘ ਹਜਾਰਾ, ਹਰਬੰਸ ਸਿੰਘ ਲੱਖਾ ਸਿੰਘ ਵਾਲਾ ਅਤੇ ਕਾਮਰੇਡ ਹੰਸਾ ਸਿੰਘ ਨੇ ਵੀ ਸੰਬੋਧਨ ਕੀਤਾ। ਉਕਤ ਆਗੂਆਂ ਨੇ ਸਮੂਹ ਲੋਕਾਂ ਨੂੰ 19 ਤਰੀਕ ਨੂੰ ਕਾਂਗਰਸ ਪਾਰਟੀ ਦੇ ਉਮੀਦਵਾਰ ਸ਼ੇਰ ਸਿੰਘ ਘੁਬਾਇਆ ਨੂੰ ਵੋਟਾਂ ਪਾਉਣ ਦੀ ਅਪੀਲ ਕੀਤੀ। ਇਸ ਮੌਕੇ ਮੱਖਣ ਸਿੰਘ ਸਾਬਕਾ ਮੈਂਬਰ ਐਸ ਐਸ ਬੋਰਡ , ਗੁਰਬਚਨ ਸਿੰਘ ਕਾਲਾ ਟਿੱਬਾ, ਹਰਪਾਲ ਸਿੰਘ ਨੀਟਾ ਸੋਢੀ, ਜੀਤਾ ਟਿੱਬੀ, ਮੇਜਰ ਸਿੰਘ ਸੰਧੂ ਰਹੀਮੇ ਕੇ, ਜਗੀਰ ਸਿੰਘ ਸਾਬਕਾ ਸਰਪੰਚ ਹਜਾਰਾ, ਗੁਰਮੀਤ ਮੁੱਛ, ਸਾਦਕ ਮੰਤਰੀ , ਨਿਸ਼ਾਨ ਸਿੰਘ ਸਰਪੰਚ ਟਿੱਬੀ, ਜੰਡ ਸਿੰਘ ਟਿੱਬੀ, ਆਸਾ ਸਿੰਘ ਟਿੱਬੀ, ਬਲਵਿੰਦਰ ਸਿੰਘ, ਸੁਖਵਿੰਦਰ ਸਿੰਘ ਸੁੱਖਾ, ਸਤਪਾਲ ਭਗਤ ਜੋਧਪੁਰ, ਜਗਤਾਰ ਸਿੰਘ ਸਾਬਕਾ ਸਰਪੰਚ ਪੀਰ ਖਾਂ ਸ਼ੇਖ, ਨਿਸ਼ਾਨ ਸਿੰਘ ਪੀਰੂ ਵਾਲਾ, ਗੁਰਮੀਤ ਗਿੱਲ ਆਦਿ ਵੱਡੀ ਗਿਣਤੀ ਚ ਕਾਂਗਰਸੀ ਵਰਕਰ ਅਤੇ ਲੋਕ ਹਾਜ਼ਰ ਸਨ।