ਨਵਾਂ ਸ਼ਹਿਰ, 09 ਮਈ 2019: ਸੀਨੀਅਰ ਕਾਂਗਰਸੀ ਆਗੂ ਤੇ ਸ੍ਰੀ ਆਨੰਦਪੁਰ ਸਾਹਿਬ ਤੋਂ ਪਾਰਟੀ ਦੇ ਉਮੀਦਵਾਰ ਮਨੀਸ਼ ਤਿਵਾੜੀ ਨੇ ਕਿਹਾ ਹੈ ਕਿ ਪੰਜਾਬੀਆਂ ਤੇ ਕਾਂਗਰਸੀਆਂ ਨੂੰ ਕਿਸੇ ਤੋਂ, ਘੱਟੋ ਘੱਟ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ, ਰਾਸ਼ਟਰਵਾਦ ਤੇ ਸਬਕ ਲੈਣ ਦੀ ਲੋੜ ਨਹੀਂ ਹੈ। ਤਿਵਾੜੀ ਨੇ ਮੋਦੀ ਵੱਲੋਂ ਪੂਰੀ ਤਰ੍ਹਾਂ ਨਾਲ ਝੂਠ ਬੋਲ ਕੇ ਸਾਬਕਾ ਪ੍ਰਧਾਨ ਮੰਤਰੀ ਸਵਰਗੀ ਰਾਜੀਵ ਗਾਂਧੀ ਖਿਲਾਫ਼ ਗਲਤ ਭਾਸ਼ਾ ਵਰਤਦਿਆਂ ਬਹੁਤ ਹੀ ਨਿਚਲੇ ਪੱਧਰ ਤੇ ਡਿੱਗਣ ਦੀ ਨਿੰਦਾ ਕੀਤੀ।
ਇੱਥੇ ਪਾਰਟੀ ਦੀਆਂ ਕਈ ਮੀਟਿੰਗਾਂ ਚ ਹਿੱਸਾ ਲੈਣ ਤੋਂ ਬਾਅਦ ਪੱਤਰਕਾਰਾਂ ਨਾਲ ਗੈਰ ਰਸਮੀ ਗੱਲਬਾਤ ਕਰਦਿਆਂ, ਭਾਜਪਾ ਦੇ ਰਾਸ਼ਟਰਵਾਦ ਤੇ ਕਾਂਗਰਸ ਦੇ ਜਵਾਬ ਨੂੰ ਲੈ ਕੇ ਪੁੱਛੇ ਇਕ ਸਵਾਲ ਤੇ ਤਿਵਾੜੀ ਨੇ ਕਿਹਾ ਕਿ ਕਾਂਗਰਸੀਆਂ ਤੇ ਪੰਜਾਬੀਆਂ ਨੂੰ ਰਾਸ਼ਟਰਵਾਦ ਤੇ ਕਿਸੇ ਤੋਂ ਵੀ ਸਬਕ ਲੈਣ ਦੀ ਲੋੜ ਨਹੀਂ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੀ ਆਜ਼ਾਦੀ ਲਈ ਜੇਲ੍ਹ ਜਾਣ ਤੇ ਆਪਣੀਆਂ ਜਾਨਾਂ ਦਾ ਬਲੀਦਾਨ ਦੇਣ ਵਾਲੇ ਜ਼ਿਆਦਾਤਰ ਸੁਤੰਤਰਤਾ ਸੈਲਾਨੀ ਪੰਜਾਬੀ ਸਨ ਅਤੇ ਉਹ ਸਾਰੇ ਕਾਂਗਰਸੀ ਸਨ। ਉਨ੍ਹਾਂ ਪ੍ਰਧਾਨ ਮੰਤਰੀ ਨੂੰ ਇੱਕ ਵੀ ਭਾਜਪਾ ਰਾਸ਼ਟਰਵਾਦੀ ਦਾ ਨਾਂ ਦੱਸਣ ਲਈ ਕਿਹਾ, ਜਿਸਨੇ ਉਨ੍ਹਾਂ ਦੀ ਵਿਚਾਰਧਾਰਾ ਦੀ ਨੁਮਾਇੰਦਗੀ ਕੀਤੀ ਹੋਵੇ।
ਇਸੇ ਤਰ੍ਹਾਂ, ਉਨ੍ਹਾਂ ਕਿਹਾ ਕਿ ਦੇਸ਼ ਦੀ ਏਕਤਾ ਤੇ ਅਖੰਡਤਾ ਦੀ ਰਾਖੀ ਲਈ ਆਪਣੇ ਪ੍ਰਾਣਾਂ ਦਾ ਬਲਿਦਾਨ ਦੇਣ ਦੇ ਮਾਮਲੇ ਚ ਭਾਜਪਾ ਕਾਂਗਰਸ ਦੇ ਮੁਕਾਬਲੇ ਕਿੱਥੇ ਵੀ ਖੜ੍ਹੀ ਨਹੀਂ ਦਿਖਾਈ ਦਿੰਦੀ। ਉਨ੍ਹਾਂ ਕਿਹਾ ਕਿ ਸ੍ਰੀਮਤੀ ਇੰਦਰਾ ਗਾਂਧੀ, ਸ੍ਰੀ ਰਾਜੀਵ ਗਾਂਧੀ, ਸ. ਬੇਅੰਤ ਸਿੰਘ, ਉਨ੍ਹਾਂ ਦੇ ਪਿਤਾ ਪ੍ਰੋ ਵਿਸ਼ਵਨਾਥ ਤਿਵਾੜੀ ਸਮੇਤ ਕਈ ਕਾਂਗਰਸੀਆਂ ਨੇ ਦੇਸ਼ ਲਈ ਆਪਣੀਆਂ ਜਾਨਾਂ ਨੂੰ ਕੁਰਬਾਨ ਕਰ ਦਿੱਤਾ। ਉਨ੍ਹਾਂ ਮੋਦੀ ਤੋਂ ਸਵਾਲ ਕੀਤਾ ਕਿ ਕੀ ਉਹ ਭਾਜਪਾ ਦੇ ਇੱਕ ਵੀ ਆਗੂ ਦਾ ਨਾਂ ਦੱਸ ਸਕਦੇ ਹਨ, ਜਿਸਨੇ ਦੇਸ਼ ਲਈ ਆਪਣੀ ਜਾਨ ਕੁਰਬਾਨ ਕੀਤੀ ਹੋਵੇ।
ਤਿਵਾੜੀ ਨੇ ਅਕਾਲੀ ਉਮੀਦਵਾਰ ਪ੍ਰੇਮ ਸਿੰਘ ਚੰਦੂਮਾਜਰਾ ਦੇ ਉਨ੍ਹਾਂ ਦਾਅਵਿਆਂ ਤੇ ਕੋਈ ਵੀ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ ਕਿ ਸ੍ਰੀ ਆਨੰਦਪੁਰ ਸਾਹਿਬ ਇੱਕ ਪੰਥਕ ਹਲਕਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਵਾਸਤੇ ਪੰਜਾਬ ਦੀ ਹਰ ਸੀਟ ਪੰਥਕ ਹੈ, ਕਿਉਂਕਿ ਹਰ ਕੋਈ ਆਪਸੀ ਭਾਈਚਾਰੇ ਅਤੇ ਕਿਸੇ ਦੇ ਨਾਲ ਭੇਦਭਾਵ ਨਹੀਂ ਕਰਨ ਦੇ ਪੰਥਕ ਵਿਚਾਰਾਂ ਚ ਭਰੋਸਾ ਰੱਖਦਾ ਹੈ। ਕਾਂਗਰਸੀ ਆਗੂ ਨੇ ਕਿਹਾ ਕਿ ਚੰਦੂਮਾਜਰਾ ਦੇ ਆਪਣੇ ਵਿਚਾਰ ਹਨ, ਜਿਹੜੇ ਹਲਕੇ ਦੇ ਲੋਕਾਂ ਦੇ ਵਿਰੋਧ ਕਾਰਨ ਨਿਰਾਸ਼ ਨਜ਼ਰ ਆ ਰਹੇ ਹਨ। ਉਨ੍ਹਾਂ ਕਿਹਾ ਕਿ ਕਈ ਥਾਈਂ ਲੋਕਾਂ ਨੇ ਉਨ੍ਹਾਂ ਖਿਲਾਫ ਵਾਪਸ ਜਾਓ ਦੇ ਨਾਅਰੇ ਲਗਾਏ, ਕਿਉਂਕਿ ਚੰਦੂਮਾਜਰਾ ਬੀਤੇ 5 ਸਾਲਾਂ ਦੌਰਾਨ ਪੂਰੀ ਤਰ੍ਹਾਂ ਅਸਫਲ ਰਹੇ ਹਨ।
ਇਸ ਮੌਕੇ ਤਿਵਾੜੀ ਨਾਲ ਸਥਾਨਕ ਐਮ ਐਲ ਏ ਅੰਗਦ ਸਿੰਘ ਸੈਣੀ ਤੇ ਇਲਾਕੇ ਦੇ ਹੋਰ ਕਈ ਸੀਨੀਅਰ ਆਗੂ ਵੀ ਮੌਜੂਦ ਰਹੇ।