ਬਠਿੰਡਾ 11 ਮਈ 2019: ਕੇਂਦਰੀ ਫੂਡ ਪ੍ਰੋਸੈਸਿੰਗ ਇੰਡਸਟਰੀਜ਼ ਮੰਤਰੀ ਬੀਬੀ ਹਰਸਿਮਰਤ ਕੌਰ ਬਾਦਲ ਨੇ ਅੱਜ ਕਿਹਾ ਕਿ ਬਠਿੰਡਾ ਅੰਦਰੋਂ ਅਮਨ-ਕਾਨੂੰਨ ਖੰਭ ਲਾ ਕੇ ਉੱਡ ਚੁੱਕਿਆ ਹੈ। ਉਹਨਾਂ ਕਿਹਾ ਕਿ ਮੇਰੀ ਜ਼ਿੰਦਗੀ ਨੂੰ ਖ਼ਤਰਾ ਖੜ੍ਹਾ ਹੋ ਗਿਆ ਹੈ, ਕਿਉਂਕਿ ਪੁਲਿਸ ਪ੍ਰਸਾਸ਼ਨ ਕਾਂਗਰਸ ਪਾਰਟੀ ਅਤੇ ਸਰਕਾਰ ਦੇ ਹੱਥਾਂ ਵਿਚ ਖੇਡ ਰਿਹਾ ਹੈ ਅਤੇ ਉਹਨਾਂ ਗੁੰਡੇ-ਬਦਮਾਸ਼ਾਂ ਖ਼ਿਲਾਫ ਕੋਈ ਕਾਰਵਾਈ ਨਹੀਂ ਕਰ ਰਿਹਾ, ਜੋ ਵਾਰ ਵਾਰ ਮੇਰੀ ਚੋਣ ਰੈਲੀਆਂ ਵਿਚ ਵਿਘਨ ਪਾ ਰਹੇ ਹਨ।
ਇਹ ਟਿੱਪਣੀ ਕਰਦਿਆਂ ਕਿ ਕਾਂਗਰਸ ਸਰਕਾਰ ਨੇ ਚੋਣ ਮਾਹੌਲ ਪੂਰੀ ਤਰ੍ਹਾਂ ਖਰਾਬ ਕਰ ਦਿੱਤਾ ਹੈ, ਬੀਬੀ ਬਾਦਲ ਨੇ ਕਿਹਾ ਕਿ ਅੱਜ ਸ਼ਾਮੀਂ ਉਹਨਾਂ ਨੂੰ ਮੌੜ ਵਿਧਾਨ ਸਭਾ ਹਲਕੇ ਦੇ ਪਿੰਡ ਮੰਡੀ ਕਲਾਂ ਵਿਚ ਦਾਖ਼ਲ ਨਹੀਂ ਹੋਣ ਦਿੱਤਾ ਗਿਆ। ਉਹਨਾਂ ਕਿਹਾ ਕਿ ਨਾ ਸਿਰਫ ਮੈਨੂੰ ਪਿੰਡ ਵਿਚ ਦਾਖ਼ਲ ਹੋਣ ਤੋਂ ਰੋਕਿਆ, ਸਗੋਂ ਮੇਰੇ ਸਮਰਥਕਾਂ ਨੂੰ ਵੀ ਜੇਲ੍ਹ ਵਿਚ ਬੰਦ ਕਰ ਦਿੱਤਾ। ਉਹਨਾਂ ਕਿਹਾ ਕਿ ਇਸ ਦੇ ਉਲਟ ਮੇਰੀ ਚੋਣ ਰੈਲੀਆਂ ਵਿਚ ਵਿਘਨ ਪਾਉਣ ਵਾਲੇ ਬਦਮਾਸ਼ਾਂ ਨੂੰ ਰੋਕਣ ਲਈ ਕੋਈ ਕਾਰਵਾਈ ਨਹੀਂ ਕੀਤੀ ਗਈ।
ਬੀਬੀ ਬਾਦਲ ਨੇ ਕਿਹਾ ਕਿ ਕਾਂਗਰਸ ਦੀ ਉਹਨਾਂ ਦੀਆਂ ਚੋਣ ਮੀਟਿੰਗਾਂ ਵਿਚ ਵਿਘਨ ਪਾਉਣ ਦੀ ਸਾਜ਼ਿਸ਼ ਬਾਰੇ ਬਠਿੰਡਾ ਦੇ ਐਸਐਸਪੀ ਨੂੰ ਅਗਾਂਊ ਜਾਣਕਾਰੀ ਦਿੱਤੀ ਹੋਣ ਦੇ ਬਾਵਜੂਦ ਇਹ ਸਭ ਕੁੱਝ ਵਾਪਰਿਆ। ਉਹਨਾਂ ਕਿਹਾ ਕਿ ਬਠਿੰਡਾ ਪੁਲਿਸ ਨੇ ਦਿੱਤੀ ਸੂਚਨਾ ਦੇ ਆਧਾਰ ਤੇ ਕੋਈ ਕਾਰਵਾਈ ਨਹੀਂ ਕੀਤੀ। ਉਹਨਾਂ ਕਿਹਾ ਕਿ ਮੇਰੇ ਵੱਲੋਂ ਇਸ ਧੱਕੇਸ਼ਾਹੀ ਦੇ ਖ਼ਿਲਾਫ ਮੰਡੀ ਕਲਾਂ ਨੇੜੇ ਜੀਟੀ ਰੋਡ ਉੱਤੇ ਧਰਨਾ ਲਾਉਣ ਤੋਂ ਇੱਕ ਘੰਟਾ ਮਗਰੋਂ ਪੁਲਿਸ ਅਧਿਕਾਰੀ ਪਿੰਡ ਵਿਚ ਪੁੱਜੇ। ਮੈਂ ਉਹਨਾਂ ਨੂੰ ਕਿਹਾ ਕਿ ਬਦਮਾਸ਼ਾਂ ਨੂੰ ਗਿਰਫਤਾਰ ਕਰੋ ਤਾਂ ਕਿ ਮੈਨੂੰ ਸੁਣਨ ਦੀ ਉਡੀਕ ਕਰ ਰਹੇ ਹਜ਼ਾਰਾਂ ਲੋਕਾਂ ਨੂੰ ਮੈਂ ਸੰਬੋਧਨ ਕਰ ਸਕਾਂ।
ਬੀਬੀ ਬਾਦਲ ਨੇ ਕਿਹਾ ਕਿ ਉਹਨਾਂ ਨੇ ਇਸ ਬਾਰੇ ਚੋਣ ਕਮਿਸ਼ਨ ਨੂੰ ਵੀ ਸ਼ਿਕਾਇਤ ਕੀਤੀ ਹੈ। ਉਹਨਾਂ ਕਿਹਾ ਕਿ ਚੋਣ ਕਮਿਸ਼ਨ ਨੂੰ ਦੱਸਿਆ ਹੈ ਕਿ ਕਾਂਗਰਸ ਸਰਕਾਰ ਵੱਲੋਂ ਮੇਰੇ ਲੋਕਤੰਤਰੀ ਅਧਿਕਾਰਾਂ ਨੂੰ ਕੁਚਲਿਆ ਜਾ ਰਿਹਾ ਹੈ, ਜੋ ਕਿ ਮੈਨੂੰ ਹਰਾਉਣ ਲਈ ਹਰ ਤਰ੍ਹਾਂ ਦੇ ਘਟੀਆ ਹਥਕੰਡੇ ਇਸਤੇਮਾਲ ਕਰ ਰਹੀ ਹੈ। ਮੈਂ ਚੋਣ ਕਮਿਸ਼ਨ ਨੂੰ ਆਜ਼ਾਦ ਅਤੇ ਨਿਰਪੱਖ ਚੋਣਾਂ ਯਕੀਨੀ ਬਣਾਉਣ ਲਈ ਬਠਿੰਡਾ ਲੋਕ ਸਭਾ ਹਲਕੇ ਵਿਚ ਨੀਮ ਫੋਜੀ ਦਸਤੇ ਤਾਇਨਾਤ ਕਰਨ ਲਈ ਕਿਹਾ ਹੈ, ਕਿਉਂਕਿ ਬਠਿੰਡਾ ਪੁਲਿਸ ਸਿਆਸੀ ਦਬਾਅ ਕਰਕੇ ਆਪਣੀ ਡਿਊਟੀ ਕਰਨ 'ਚ ਲਾਚਾਰ ਹੈ।
ਬੀਬੀ ਬਾਦਲ ਨੇ ਚੋਣ ਕਮਿਸ਼ਨ ਨੂੰ ਇਹ ਵੀ ਦੱਸਿਆ ਕਿ ਬਠਿੰਡਾ ਦਾ ਪੁਲਿਸ ਪ੍ਰਸਾਸ਼ਨ ਸੂਬਾ ਸਰਕਾਰ ਅਤੇ ਕਾਂਗਰਸੀ ਆਗੂਆਂ ਦੇ ਨਿਰਦੇਸ਼ਾਂ ਅਨੁਸਾਰ ਕੰਮ ਕਰ ਰਿਹਾ ਹੈ। ਉਹਨਾਂ ਕਿਹਾ ਕਿ ਕਾਂਗਰਸ ਪਾਰਟੀ ਅਕਾਲੀ ਵਰਕਰਾਂ ਨੂੰ ਅਕਾਲੀ ਦਲ ਵਾਸਤੇ ਚੋਣ ਪ੍ਰਚਾਰ ਕਰਨ ਤੋਂ ਰੋਕਣ ਲਈ ਡਰਾ ਰਹੀ ਹੈ। ਇਸੇ ਤਰ੍ਹਾਂ ਸਿਵਲ ਅਤੇ ਪੁਲਿਸ ਪ੍ਰਸਾਸ਼ਨ ਵੱਲੋਂ ਆਮ ਲੋਕਾਂ ਨੂੰ ਵੀ ਕਾਂਗਰਸ ਉਮੀਦਵਾਰ ਨੂੰ ਵੋਟ ਪਾਉਣ ਵਾਸਤੇ ਧਮਕਾਇਆ ਜਾ ਰਿਹਾ ਹੈ।