ਬਠਿੰਡਾ 09 ਮਈ 2019: ਕੇਂਦਰੀ ਫੂਡ ਪ੍ਰੋਸੈਸਿੰਗ ਇੰਡਸਟਰੀਜ਼ ਮੰਤਰੀ ਬੀਬੀ ਹਰਸਿਮਰਤ ਕੌਰ ਬਾਦਲ ਨੇ ਅੱਜ ਲੋਕਾਂ ਨੂੰ ਬਠਿੰਡਾ ਹਲਕੇ ਦੇ ਵਿਕਾਸ ਲਈ ਵੋਟ ਪਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਉਹ ਬਠਿੰਡਾ ਵਿਚ ਏਮਜ਼ ਵਰਗਾ ਵੱਕਾਰੀ ਸੰਸਥਾਨ ਲਿਆ ਚੁੱਕੇ ਹਨ। ਜੇਕਰ ਉਹ ਦੁਬਾਰਾ ਚੁਣੇ ਜਾਂਦੇ ਹਨ ਤਾਂ ਇਸ ਹਲਕੇ ਵਿਚ ਹੋਰ ਵੱਡੇ ਪ੍ਰਾਜੈਕਟ ਲਾਉਣਗੇ।
ਇੱਥੇ ਲੰਬੀ ਵਿਧਾਨ ਸਭਾ ਹਲਕੇ ਦੇ ਪਿੰਡਾਂ ਮਿੱਡੂਖੇੜਾ, ਭੁੱਲੀਆਰਾ, ਲੋਹਾਰਾ ਅਤੇ ਕਿੱਲਿਆਂਵਾਲੀ ਵਿਖੇ ਜਨਤਕ ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਬੀਬੀ ਬਾਦਲ ਨੇ ਕਿਹਾ ਕਿ ਐਨਡੀਏ ਸਰਕਾਰ ਬਣਨ ਉੱਤੇ ਮੈਂ ਬਠਿੰਡਾ ਦੇ ਵਿਕਾਸ ਲਈ ਲਗਾਤਾਰ ਉਪਰਾਲੇ ਕਰਦੀ ਰਹਾਂਗੀ। ਉਹਨਾਂ ਕਿਹਾ ਕਿ ਇੱਥੋਂ ਚੋਣ ਲੜਣ ਲਈ ਆਪਣੇ ਇਲਾਕੇ ਛੱਡ ਕੇ ਭੱਜੇ ਮੇਰੇ ਸਿਆਸੀ ਵਿਰੋਧੀਆਂ ਦਾ ਬਠਿੰਡਾ ਦੇ ਹਿੱਤਾਂ ਖ਼ਿਲਾਫ ਕੰਮ ਕਰਨ ਦਾ ਲੰਬਾ ਰਿਕਾਰਡ ਹੈ। ਤੁਸੀਂ ਉਹਨਾਂ ਨੂੰ ਆਪਣੀ ਵੋਟ ਦੇਣ ਦਾ ਭਰੋਸਾ ਨਹੀਂ ਕਰ ਸਕਦੇ।
ਇਹ ਟਿੱਪਣੀ ਕਰਦਿਆਂ ਕਿ ਉਹ ਬਠਿੰਡਾ ਲੋਕ ਸਭਾ ਹਲਕੇ ਦੇ ਵਾਸੀਆਂ ਦੀ ਧੀ ਹੈ, ਬੀਬੀ ਬਾਦਲ ਨੇ ਕਿਹਾ ਕਿ ਤੁਸੀਂ ਮੇਰਾ ਪਰਿਵਾਰ ਹੋ।ਕਿਰਪਾ ਕਰਕੇ ਸਾਰੇ ਇੱਕਜੁਟ ਹੋ ਕੇ ਮੈਨੂੰ ਵੱਡੇ ਫਰਕ ਨਾਲ ਜਿਤਾਓ ਅਤੇ ਨਾਲ ਹੀ ਪਟਿਆਲਾ ਰਹਿੰਦੇ ਆਪਣੇ ਦੋਸਤਾਂ ਅਤੇ ਰਿਸ਼ਤੇਦਾਰਾਂ ਨੂੰ ਫੋਨ ਕਰਕੇ ਰਾਣੀ ਪਰੀਨੀਤ ਕੌਰ ਦੀ ਹਾਰ ਯਕੀਨੀ ਬਣਾਉਣ ਲਈ ਆਖੋ। ਉਹਨਾਂ ਕਿਹਾ ਕਿ ਫਿਰ ਰਾਜਾ ਸਾਹਿਬ ਨੂੰ ਆਪਣਾ ਅਹੁਦਾ ਛੱਡਣਾ ਪਵੇਗਾ, ਕਿਉਂਕਿ ਉਹ ਪਹਿਲਾਂ ਹੀ ਇਸ ਬਾਰੇ ਹੁਕਮ ਸੁਣਾ ਚੁੱਕਿਆ ਹੈ ਕਿ ਆਪਣੇ ਹਲਕੇ ਅੰਦਰ ਮਾੜੀ ਕਾਰਗੁਜ਼ਾਰੀ ਵਿਖਾਉਣ ਵਾਲੇ ਮੰਤਰੀ ਜਾਂ ਵਿਧਾਇਕ ਨੂੰ ਆਪਣਾ ਅਹੁਦਾ ਛੱਡਣਾ ਪਵੇਗਾ।
ਬੀਬੀ ਬਾਦਲ ਨੇ ਕਿਹਾ ਕਿ ਆ ਰਹੀ ਚੋਣ ਸਰਦਾਰ ਪਰਕਾਸ਼ ਸਿੰਘ ਬਾਦਲ ਵੱਲੋਂ ਗਰੀਬਾਂ ਨੂੰ ਦਿੱਤੀਆਂ ਸਮਾਜ ਭਲਾਈ ਸਹੂਲਤਾਂ ਦੁਬਾਰਾ ਸ਼ੁਰੂ ਕਰਵਾਉਣ ਵਾਸਤੇ ਵੀ ਹੈ। ਉਹਨਾਂ ਕਿਹਾ ਕਿ ਇਹ ਤੁਹਾਡੇ ਸਵੈਮਾਣ ਦਾ ਸੁਆਲ ਵੀ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਰਦਾਰ ਬਾਦਲ ਵੱਲੋਂ ਤੁਹਾਨੂੰ ਦਿੱਤੀਆਂ ਸਾਰੀਆਂ ਸਹੂਲਤਾਂ ਖੋਹ ਕੇ ਤੁਹਾਡੇ ਸਨਮਾਨ ਨੂੰ ਸੱਟ ਮਾਰੀ ਹੈ। ਉਹ ਕੇਂਦਰ ਸਰਕਾਰ ਵੱਲੋਂ ਦਲਿਤ ਵਿਦਿਆਰਥੀਆਂ ਦੇ ਵਜ਼ੀਫਿਆਂ, ਸਿਹਤ ਬੀਮੇ ਅਤੇ ਪਖਾਨਿਆਂ ਸਮੇਤ ਵੱਖ ਵੱਖ ਸਕੀਮਾਂ ਲਈ ਦਿੱਤੇ ਪੈਸੇ ਵੀ ਅੱਗੇ ਜਾਰੀ ਕਰਨ ਤੋਂ ਇਨਕਾਰ ਕਰ ਰਿਹਾ ਹੈ।ਉਹਨਾਂ ਕਿਹਾ ਕਿ ਕਾਂਗਰਸ ਸਰਕਾਰ ਨੇ ਤਾਂ ਕੇਂਦਰ ਸਰਕਾਰ ਨੂੰ ਇਹ ਕਹਿੰਦਿਆਂ ਕਿਸਾਨਾਂ ਦੇ ਖਾਤਿਆਂ ਵਿਚ ਸਿੱਧੇ ਪੈਸੇ ਪਾਉਣੇ ਬੰਦ ਕਰਨ ਲਈ ਆਖ ਦਿੱਤਾ ਹੈ ਕਿ ਇਹਨਾਂ ਸੂਚੀਆਂ ਦੀ ਜਾਂਚ ਕਰਨ ਦੀ ਲੋੜ ਹੈ।
ਇਹ ਟਿੱਪਣੀ ਕਰਦਿਆਂ ਕਿ ਸਿਰਫ ਇੰਨਾ ਹੀ ਨਹੀਂ ਅੰਸ਼ਿਕ ਮੁਫਤ ਬਿਜਲੀ ਲੈਣ ਦੇ ਹੱਕਦਾਰ ਗਰੀਬਾਂ ਨੂੰ ਵੱਡੇ ਵੱਡੇ ਬਿਲ ਭੇਜ ਕੇ ਕਾਂਗਰਸ ਸਰਕਾਰ ਵੱਲੋਂ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ, ਬੀਬੀ ਬਾਦਲ ਨੇ ਕਿਹਾ ਕਿ ਅੰਸ਼ਿਕ ਮੁਫਤ ਬਿਜਲੀ ਸਕੀਮ ਦਾ ਭੋਗ ਪਾ ਦਿੱਤਾ ਗਿਆ ਹੈ ਅਤੇ ਗਰੀਬਾਂ ਉੱਤੇ 30 ਹਜ਼ਾਰ ਤੋਂ ਇੱਕ ਲੱਖ ਰੁਪਏ ਤਕ ਦੇ ਬਿਜਲੀ ਬਿਲਾਂ ਦਾ ਬੋਝ ਪਾਇਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਇਸ ਗਰਮੀ ਦੀ ਰੁੱਤ ਵਿਚ ਬਹੁਤ ਥਾਵਾਂ ਉੱਤੇ ਗਰੀਬਾਂ ਨੂੰ ਬਿਜਲੀ ਤੋਂ ਬਿਨਾਂ ਰਹਿਣ ਲਈ ਮਜ਼ਬੂਰ ਕਰ ਦਿੱਤਾ ਗਿਆ ਹੈ, ਕਿਉਂਕਿ ਸਰਕਾਰ ਨੇ ਉਹਨਾਂ ਦੇ ਮੀਟਰ ਪੁੱਟਣੇ ਸ਼ੁਰੂ ਕਰ ਦਿੱਤੇ ਹਨ। ਉਹਨਾਂ ਕਿਹਾ ਕਿ ਗਰੀਬਾਂ ਉੱਤੇ ਹੋ ਰਹੇ ਇਹਨਾਂ ਜ਼ੁਲਮਾਂ ਖ਼ਿਲਾਫ ਅਕਾਲੀ ਦਲ ਇੱਕ ਵੱਡਾ ਅੰਦੋਲਨ ਸ਼ੁਰੂ ਕਰੇਗਾ ਅਤੇ ਉਹਨਾਂ ਦੇ ਘਰਾਂ ਵਿਚੋਂ ਸਰਕਾਰ ਨੂੰ ਕਿਸੇ ਵੀ ਕੀਮਤ ਉੱਤੇ ਮੀਟਰ ਨਹੀਂ ਪੁੱਟਣ ਦੇਵੇਗਾ।