ਮਿੱਤਰ ਸੈਨ ਸ਼ਰਮਾ
ਮਾਨਸਾ 23 ਮਈ 2019 : ਲੋਕ ਸਭਾ ਚੋਣਾਂ – 2019 'ਚ ਬਠਿੰਡਾ ਹਾਟ ਸੀਟ ਤੋਂ ਲਗਾਤਾਰ ਜਿੱਤ ਪ੍ਰਾਪਤ ਕਰਦਿਆਂ ਬੀਬਾ ਹਰਸਿਮਰਤ ਕੌਰ ਬਾਦਲ ਹੈਟ੍ਰਿਕ ਲਗਾਉਣ 'ਚ ਕਾਮਯਾਬ ਰਹੇ ਹਨ। ਇਸ ਵਾਰ ਉਨ੍ਹਾਂ ਨੇ ਆਪਣੇ ਵਿਰੋਧੀ ਉਮੀਦਵਾਰ ਕਾਂਗਰਸ ਪਾਰਟੀ ਦੇ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ 21412 ਵੋਟਾਂ ਨਾਲ ਹਰਾ ਕੇ ਇਹ ਪ੍ਰਾਪਤੀ ਹਾਸਿਲ ਕੀਤੀ ਹੈ। ਇੰਨ੍ਹਾਂ ਚੋਣਾਂ 'ਚ ਰਾਜਾ ਵੜਿੰਗ ਨੂੰ 4 ਲੱਖ 69 ਹਜ਼ਾਰ 216 ਵੋਟਾਂ ਅਤੇ ਬੀਬਾ ਬਾਦਲ ਨੂੰ 4 ਲੱਖ 90 ਹਜ਼ਾਰ 628 ਵੋਟਾਂ ਪ੍ਰਾਪਤ ਹੋਈਆਂ। ਲੋਕ ਸਭਾ ਹਲਕਾ ਬਠਿੰਡਾ 'ਚ ਪੈਂਦੇ ਕੁੱਲ 9 ਵਿਧਾਨ ਸਭਾ ਹਲਕਿਆਂ 'ਚੋਂ ਹਲਕਾ ਲੰਬੀ 'ਚ ਰਾਜਾ ਵੜਿੰਗ ਨੂੰ 45454 ਅਤੇ ਬੀਬਾ ਬਾਦਲ ਨੂੰ 61579, ਹਲਕਾ ਭੁੱਚੋ ਮੰਡੀ 'ਚ ਰਾਜਾ ਵੜਿੰਗ ਨੂੰ 49468 ਅਤੇ ਬੀਬਾ ਬਾਦਲ ਨੂੰ 57600, ਹਲਕਾ ਬਠਿੰਡਾ ਅਰਬਨ 'ਚ ਰਾਜਾ ਵੜਿੰਗ ਨੂੰ 59815 ਅਤੇ ਬੀਬਾ ਬਾਦਲ ਨੂੰ 63558, ਹਲਕਾ ਬਠਿੰਡਾ ਰੂਰਲ 'ਚ ਰਾਜਾ ਵੜਿੰਗ ਨੂੰ 48966 ਅਤੇ ਬੀਬਾ ਬਾਦਲ ਨੂੰ 51552, ਹਲਕਾ ਤਲਵੰਡੀ ਸਾਬੋ 'ਚ ਰਾਜਾ ਵੜਿੰਗ ਨੂੰ 48113 ਅਤੇ ਬੀਬਾ ਬਾਦਲ ਨੂੰ 42152, ਹਲਕਾ ਮੌੜ 'ਚ ਵੜਿੰਗ ਨੂੰ 49877 ਅਤੇ ਬੀਬਾ ਬਾਦਲ ਨੂੰ 44224, ਹਲਕਾ ਮਾਨਸਾ ਤੋਂ ਵੜਿੰਗ ਨੂੰ 59166 ਅਤੇ ਬੀਬਾ ਨੂੰ 56240, ਹਲਕਾ ਸਰਦੂਲਗੜ੍ਹ 'ਚ ਵੜਿੰਗ ਨੂੰ 56240 ਅਤੇ ਬੀਬਾ ਨੂੰ 53082, ਹਲਕਾ ਬੁਢਲਾਡਾ 'ਚ ਰਾਜਾ ਵੜਿੰਗ ਨੂੰ 52117 ਅਤੇ ਬੀਬਾ ਬਾਦਲ ਨੂੰ 60641 ਵੋਟਾਂ ਪ੍ਰਾਪਤ ਹੋਈਆਂ ।
ਜ਼ਿਕਰਯੋਗ ਹੈ ਕਿ ਲੋਕ ਸਭਾ ਹਲਕਾ ਬਠਿੰਡਾ 2009 'ਚ ਜਨਰਲ ਹੋਇਆ ਸੀ, ਉਸ ਸਮੇਂ ਬੀਬਾ ਹਰਸਿਮਰਤ ਕੌਰ ਬਾਦਲ ਮੌਜ਼ੂਦਾ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੇ ਸਪੁੱਤਰ ਰਣਇੰਦਰ ਸਿੰਘ ਟਿੱਕੂ ਨੂੰ ਹਰਾ ਕੇ ਪਹਿਲੀ ਵਾਰ ਮੈਂਬਰ ਪਾਰਲੀਮੈਂਟ ਬਣੇ ਸਨ। ਇਸ ਉਪਰੰਤ 2014 ਦੀਆਂ ਲੋਕ ਸਭਾ ਚੋਣਾਂ 'ਚ ਇਸੇ ਹੀ ਹਲਕੇ ਤੋਂ ਬੀਬਾ ਹਰਸਿਮਰਤ ਕੌਰ ਬਾਦਲ ਨੇ ਰਿਸ਼ਤੇ 'ਚ ਲੱਗਦੇ ਆਪਣੇ ਹੀ ਦਿਓਰ ਮਨਪ੍ਰੀਤ ਸਿੰਘ ਬਾਦਲ ਨੂੰ 19395 ਵੋਟਾਂ 'ਤੇ ਹਰਾ ਕੇ ਲਗਾਤਾਰ ਦੂਸਰੀ ਵਾਰ ਜਿੱਤ ਪ੍ਰਾਪਤ ਕੀਤੀ ਸੀ ਅਤੇ ਹੁਣ ਮੌਜ਼ੂਦਾ ਲੋਕ ਸਭਾ ਚੋਣਾਂ 'ਚ ਬੀਬਾ ਬਾਦਲ, ਰਾਜਾ ਵੜਿੰਗ ਨੂੰ ਹਰਾ ਕੇ ਤੀਸਰੀ ਵਾਰ ਲੋਕ ਸਭਾ ਪਹੁੰਚਣ 'ਚ ਸਫ਼ਲ ਹੋਏ ਹਨ।
ਸ਼ਹਿਰ ਮਾਨਸਾ ਅੰਦਰ ਕੀਤੇ ਕਾਰਜਾਂ ਦਾ ਅਹਿਸਾਸ ਕਰਵਾਉਂਦਿਆਂ ਬੀਬਾ ਬਾਦਲ ਪਹਿਲਾਂ ਨਾਲੋਂ ਕਾਫ਼ੀ ਵੱਡੇ ਪੱਧਰ 'ਤੇ ਸ਼ਹਿਰ ਵਾਸੀਆਂ ਨੂੰ ਆਪਣੇ ਨੇੜੇ ਲਿਆਉਣ 'ਚ ਕਾਮਯਾਬ ਰਹੇ ਹਨ। ਇਸ ਵਾਰ ਉਹ ਸ਼ਹਿਰ ਮਾਨਸਾ 'ਚੋਂ 4664 ਵੋਟਾਂ ਦੇ ਫ਼ਰਕ ਨਾਲ ਕਾਂਗਰਸੀ ਉਮੀਦਵਾਰ ਤੋਂ ਪਿੱਛੇ ਰਹੇ ਹਨ, ਜਦਕਿ ਸਾਲ 2014 ਦੀਆਂ ਲੋਕ ਸਭਾ ਚੋਣਾਂ 'ਚ ਬੀਬਾ ਬਾਦਲ ਸ਼ਹਿਰ ਮਾਨਸਾ ਅੰਦਰ 15989 ਵੋਟਾਂ ਨਾਲ ਪੱਛੜ ਗਏ ਸਨ।
ਉਸ ਸਮੇਂ ਮਾਨਸਾ ਸ਼ਹਿਰ ਦੇ ਕੁੱਲ 21 ਵਾਰਡਾਂ ਵਿੱਚੋਂ ਕੋਈ ਵੀ ਅਜਿਹਾ ਵਾਰਡ ਨਹੀਂ ਸੀ, ਜਿੱਥੇ ਬੀਬਾ ਹਰਸਿਮਰਤ ਕੌਰ ਬਾਦਲ ਇੱਕ ਵੀ ਵੋਟ 'ਤੇ ਅੱਗੇ ਰਹੀ ਹੋਵੇ ਪਰ ਇਸ ਵਾਰ ਉਹ ਦੋ ਵਾਰਡਾਂ 'ਚ ਆਪਣੀ ਬੜ੍ਹਤ ਬਨਾਉਣ 'ਚ ਸਫ਼ਲ ਹੋਏ ਹਨ, ਜਦਕਿ ਇੱਕ ਵਾਰਡ 'ਚ ਉਹ ਬਰਾਬਰ ਰਹੇ ਹਨ।