ਬਲਜਿੰਦਰ ਢਿੱਲੋਂ ਸਹਾਇਕ ਰਿਟਰਨਿੰਗ ਅਫ਼ਸਰ ਦੀ ਰਹਿਨੁਮਾਈ ਹੇਠ ਸਾਇਕਲ ਰੈਲੀ ਕੱਢੀ ਗਈ
ਵਿਸ਼ੇਸ਼ ਪ੍ਰਤੀਨਿਧ ਅੰਮ੍ਰਿਤ ਬਰਾੜ
ਜਗਰਾਓਂ 26 ਅਪ੍ਰੈਲ 2019 :
ਭਾਰਤੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਤੇ ਵੋਟਾਂ ਦਾ ਤਿਉਹਾਰ ਪ੍ਰੋਗਰਾਮ ਤਹਿਤ ਵੋਟਰਾਂ ਨੂੰ ਵੋਟ ਪਾਉਣ ਦੇ ਅਧਿਕਾਰ ਬਾਰੇ ਜਾਗਰੂਕ ਕਰਨ ਲਈ ਅੱਜ ਡਾ: ਬਲਜਿੰਦਰ ਸਿੰਘ ਢਿੱਲੋਂ ਸਹਾਇਕ ਰਿਟਰਨਿੰਗ ਅਫ਼ਸਰ, ਲੋਕ ਸਭਾ ਹਲਕਾ ਲੁਧਿਆਣਾ ਦੀ ਰਹਿਨੁਮਾਈ ਹੇਠ ਸਾਇਕਲ ਰੈਲੀ ਕੱਢੀ ਗਈ ।
ਇਹ ਸਾਇਕਲ ਰੈਲੀ ਦਫ਼ਤਰ ਉਪ ਮੰਡਲ ਮੈਜਿਸਟਰੇਟ, ਜਗਰਾਉਂ ਤੋਂ ਸ਼ੁਰੂ ਹੋਈ, ਜੋ ਸ਼ਹਿਰ ਦੇ ਵੱਖ ਵੱਖ ਹਿੱਸਿਆਂ ਵਿੱਚ ਦੀ ਹੁੰਦੀ ਹੋਈ ਵਾਪਸ ਦਫ਼ਤਰ ਉਪ ਮੰਡਲ ਮੈਜਿਸਟਰੇਟ, ਜਗਰਾਉਂ ਵਿਖੇ ਸਮਾਪਤ ਹੋਈ।
ਰੈਲੀ ਸ਼ੁਰੂ ਹੋਣ ਤੋਂ ਪਹਿਲਾਂ ਡਾ: ਬਲਜਿੰਦਰ ਸਿੰਘ ਢਿੱਲੋਂ ਸਹਾਇਕ ਰਿਟਰਨਿੰਗ ਅਫ਼ਸਰ, ਲੋਕ ਸਭਾ ਹਲਕਾ ਲੁਧਿਆਣਾ—ਕਮ—ਉਪ ਮੰਡਲ ਮੈਜਿਸਟਰੇਟ ਜਗਰਾਉਂ ਨੇ ਵੱਖ ਵੱਖ ਮਹਿਕਮਿਆਂ ਤੋਂ ਆਏ ਸਰਕਾਰੀ ਅਧਿਕਾਰੀ ਤੇ ਕਰਮਚਾਰੀਆਂ, ਸਮਾਜਿਕ ਜਥੇਬੰਦੀਆਂ, ਸਕੂਲਾਂ ਦੇ ਵਿਦਿਆਰਥੀਆਂ ਨੂੰ ਵੋਟਾਂ ਵਿਚ ਵੱਧ ਚੜ ਕੇ ਹਿਸਾ ਲੈਣ ਲਈ ਪ੍ਰੇਰਿਆ !
ਡਾ: ਢਿੱਲੋਂ ਨੇ ਕਿਹਾ ਕਿ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਅਸੀਂ 19 ਮਈ 2019 ਨੂੰ ਬਿਨ੍ਹਾਂ ਕਿਸੇ ਡਰ, ਭੈ, ਲਾਲਚ ਦੇ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਕਰੀਏ।
ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਵੱਲੋਂ ਦਿਵਿਆਂਗ ਅਤੇ ਬਜੁਰਗ ਵੋਟਰਾਂ ਦੀਆਂ ਵੋਟਾਂ ਪਵਾਉਣ ਲਈ ਖਾਸ ਪ੍ਰਬੰਧ ਕੀਤੇ ਜਾ ਰਹੇ ਹਨ ਅਤੇ ਔਰਤਾਂ ਨੂੰ ਵੀ ਵੱਧ ਤੋਂ ਵੱਧ ਗਿਣਤੀ ਵਿੱਚ ਵੋਟਾਂ ਪਾਉਣ ਲਈ ਪ੍ਰੇਰਿਆ ਜਾ ਰਿਹਾ ਹੈ।
ਇਸ ਮੌਕੇ ਡਾ: ਢਿੱਲੋਂ ਨੇ ਹਾਜ਼ਰੀਨ ਨੂੰ ਵੋਟ ਪ੍ਰਣ ਦੀ ਸਹੁੰ ਵੀ ਚੁਕਾਈ ਕਿ ਭਾਰਤ ਦੇ ਨਾਗਰਿਕ ਲੋਕਤੰਤਰ ਵਿੱਚ ਵਿਸ਼ਵਾਸ਼ ਰੱਖਦੇ ਹੋਏ ਪ੍ਰਣ ਕਰਦੇ ਹਾਂ ਕਿ ਅਸੀਂ ਆਪਣੇ ਦੇਸ਼ ਦੀਆਂ ਲੋਕਤਾਂਤਰਿਕ ਪਰੰਪਰਾਵਾਂ ਨੂੰ ਬਣਾਈ ਰੱਖਾਂਗੇ ਅਤੇ ਸੁਤੰਤਰ, ਨਿਰਪੱਖ ਅਤੇ ਸ਼ਾਂਤੀਪੂਰਨ ਚੋਣ ਦੀ ਗਰਿਮਾ ਨੂੰ ਬਰਕਰਾਰ ਰੱਖਦੇ ਹੋਏ, ਨਿਡਰ ਹੋ ਕੇ, ਧਰਮ, ਵਰਗ, ਜਾਤੀ, ਸਮੁਦਾਇ, ਭਾਸ਼ਾ ਜਾਂ ਹੋਰ ਕਿਸੇ ਵੀ ਲਾਲਚ ਦੇ ਪ੍ਰਭਾਵ ਤੋਂ ਬਿਨ੍ਹਾਂ ਚੋਣਾਂ ਵਿੱਚ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਕਰਾਂਗੇ।
ਰੈਲੀ ਦੌਰਾਨ ਸਕੂਲਾਂ ਦੇ ਵਿਦਿਆਰਥੀਆਂ ਵੱਲੋਂ ਵੋਟਰਾਂ ਨੂੰ ਵੋਟ ਪਾਉਣ ਨੂੰ ਦਰਸਾਉਂਦੇ ਸਲੋਗਨ ਲਿਖ ਕੇ ਆਪਣੇ ਸਾਇਕਲਾਂ ਤੇ ਲਗਾਏ ਹੋਏ ਸਨ।