ਚੰਡੀਗੜ੍ਹ, 19 ਅਪ੍ਰੈਲ 2019: ਸਾਬਕਾ ਸੰਸਦ ਮੈਂਬਰ ਦੇ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋਣ 'ਤੇ ਤਿੱਖੀ ਪ੍ਰਤੀਕ੍ਰਿਆ ਜ਼ਾਹਰ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਜਗਮੀਤ ਸਿੰਘ ਬਰਾੜ ਦੀ ਮੌਕਾਪ੍ਰਸਤੀ ਦਾ ਮੌਜੂ ਉਡਾਉਂਦਿਆਂ ਕਿਹਾ ਕਿ ਕਾਂਗਰਸ ਵਿੱਚ ਵਾਪਸੀ ਦੇ ਤਮਾਮ ਰਸਤੇ ਬੰਦ ਹੋਣ ਤੋਂ ਬਾਅਦ ਆਪਣਾ ਸਿਆਸੀ ਵਜੂਦ ਬਚਾਉਣ ਲਈ ਉਸ ਨੇ ਆਖਰੀ ਹੰਭਲਾ ਮਾਰਿਆ ਹੈ।
ਪਿਛਲੇ ਕੁਝ ਹਫ਼ਤਿਆਂ ਤੋਂ ਸ੍ਰੀ ਬਰਾੜ ਪਾਸੋਂ ਪ੍ਰਾਪਤ ਹੋਏ ਵੱਟਸਐਪ ਸੰਦੇਸ਼ਾਂ ਦੀ ਲੜੀ ਦਾ ਜ਼ਿਕਰ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸਾਬਕਾ ਸੰਸਦ ਮੈਂਬਰ ਸਿਆਸਤ ਵਿੱਚ ਵਾਪਸੀ ਲਈ ਤਿਲਮਿਲਾ ਰਿਹਾ ਸੀ ਅਤੇ ਅਖੀਰ ਉਸ ਨੇ ਬਾਦਲਾਂ ਨਾਲ ਜਾਣ ਦਾ ਫੈਸਲਾ ਕੀਤਾ ਜਦਕਿ ਉਸ ਨੇ ਵਾਅਦਾ ਕੀਤਾ ਸੀ ਕਿ ਜੇਕਰ ਕਾਂਗਰਸ ਉਸ ਨੂੰ ਵਾਪਸ ਲਿਆਉਣ ਲਈ ਸਹਿਮਤ ਹੁੰਦੀ ਹੈ ਤਾਂ ਉਹ ਬਾਦਲਾਂ ਨਾਲ ਨਜਿੱਠਣਗੇ।
Îਮੁੱਖ ਮੰਤਰੀ ਨੇ ਕਿਹਾ ਕਿ ਇਹ ਸੁਭਾਵਕ ਗੱਲ ਹੈ ਕਿ ਸ੍ਰੀ ਬਰਾੜ ਅੱਗੇ ਇਕ ਸਿਆਸੀ ਏਜੰਡਾ ਹੈ ਅਤੇ ਇਸ ਲਈ ਉਹ ਕਿਸੇ ਵੀ ਹੱਦ ਤੱਕ ਜਾਣ ਲਈ ਤਿਆਰ ਹੈ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸਾਬਕਾ ਸੰਸਦ ਮੈਂਬਰ ਕਾਂਗਰਸ ਵਿੱਚ ਸ਼ਾਮਲ ਹੋਣ ਲਈ ਪਿਛਲੇ ਕਈ ਹਫ਼ਤਿਆਂ ਤੋਂ ਢੀਠਤਾ ਨਾਲ ਕੋਸ਼ਿਸ਼ਾਂ ਕਰ ਰਿਹਾ ਸੀ ਪਰ ਕਾਂਗਰਸ ਹਾਈ ਕਮਾਂਡ ਵੱਲੋਂ ਦਖ਼ਲ ਦੇਣ ਤੋਂ ਇਨਕਾਰ ਕਰ ਦਿੱਤਾ ਅਤੇ ਉਨ੍ਹਾਂ (ਕੈਪਟਨ ਅਮਰਿੰਦਰ ਸਿੰਘ) ਨੇ ਬਰਾੜ ਦੇ ਸੰਦੇਸ਼ਾਂ ਪ੍ਰਤੀ ਕੋਈ ਹੁੰਗਾਰਾ ਨਹੀਂ ਭਰਿਆ ਜਿਸ ਤੋਂ ਬਾਅਦ ਸਾਬਕਾ ਸੰਸਦ ਮੈਂਬਰ ਨੇ ਅਕਾਲੀ ਦਲ ਦਾ ਪੱਲਾ ਫੜਨ ਦਾ ਫੈਸਲਾ ਲਿਆ।
ਕੈਪਟਨ ਅਮਰਿੰਦਰ ਸਿੰਘ ਨੇ ਇਹ ਸਪੱਸ਼ਟ ਹੈ ਕਿ ਉਨ੍ਹਾਂ ਵੱਲੋਂ ਸਾਬਕਾ ਸੰਸਦ ਮੈਂਬਰ ਦੇ ਸੰਦੇਸ਼ਾਂ ਪ੍ਰਤੀ ਹਾਮੀ ਭਰਨ ਤੋਂ ਇਨਕਾਰ ਕਰ ਦੇਣ ਤੋਂ ਬਾਅਦ ਬਰਾੜ ਨੇ ਬਾਦਲਾਂ ਦੇ ਪੈਰਾਂ ਵਿੱਚ ਡਿੱਗਣ ਦਾ ਫੈਸਲਾ ਲਿਆ ਜਿਨ੍ਹਾਂ ਨਾਲ ਨਜਿੱਠਣ ਦਾ ਉਹ ਵਾਅਦਾ ਕਰ ਰਿਹਾ ਸੀ।
ਮੁੱਖ ਮੰਤਰੀ ਨੇ ਕਿਹਾ ਕਾਂਗਰਸ ਪਾਰਟੀ ਅਜਿਹੇ ਮੌਕਾਪ੍ਰਸਤ ਤੇ ਖੁਦਗਰਜ਼ ਵਿਅਕਤੀਆਂ ਤੋਂ ਬਿਨਾਂ ਹੀ ਚੰਗੀ ਹੈ। ਮੁੱਖ ਮੰਤਰੀ ਨੇ ਵਿਅੰਗ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਸ੍ਰੀ ਬਰਾੜ ਬਾਦਲਾਂ ਦਾ ਕਾਂਗਰਸ ਪਾਰਟੀ ਨਾਲੋਂ ਵੱਧ ਵਫ਼ਾਦਾਰ ਰਹੇਗਾ, ਜਿਹੜੀ ਪਾਰਟੀ ਨੇ ਉਸ ਦਾ ਸਿਆਸੀ ਕੈਰੀਅਰ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾਈ।
Îਮੁੱਖ ਮੰਤਰੀ ਨੇ ਬਰਾੜ ਨੂੰ ਜੱਫੀ ਪਾਉਣ ਲਈ ਬਾਦਲਾਂ 'ਤੇ ਵੀ ਚੁਟਕੀ ਲੈਂਦਿਆਂ ਕਿਹਾ ਕਿ 19 ਮਈ ਨੂੰ ਪੰਜਾਬ ਵਿੱਚ ਹੋਣ ਜਾ ਰਹੀਆਂ ਲੋਕ ਸਭਾ ਚੋਣਾਂ ਵਿੱਚ ਦਿਸਦੀ ਸਪੱਸ਼ਟ ਹਾਰ ਦੇ ਮੱਦੇਨਜ਼ਰ ਇਸ ਨਾਲ ਬਾਦਲਾਂ ਦੀ ਨਿਰਾਸ਼ਾ ਦਾ ਪ੍ਰਗਟਾਵਾ ਹੁੰਦਾ ਹੈ। ਉਨ੍ਹਾਂ ਕਿਹਾ ਕਿ ਬਰਾੜ ਵਰਗੇ ਬਾਹਰੀ ਬੰਦੇ ਨੂੰ ਪਾਰਟੀ ਵਿੱਚ ਸ਼ਾਮਲ ਕਰਕੇ ਬਾਦਲਾਂ ਨੇ ਆਪਣੀ ਮਾਯੂਸੀ ਜ਼ਾਹਰ ਕੀਤੀ ਹੈ।
ਸ੍ਰੀ ਬਰਾੜ ਜੋ ਪਹਿਲਾਂ ਕਾਂਗਰਸ ਵਰਕਿੰਗ ਕਮੇਟੀ ਦੇ ਮੈਂਬਰ ਰਹਿ ਚੁੱਕਾ ਹੈ ਅਤੇ ਬਾਅਦ ਵਿੱਚ ਆਲ ਇੰਡੀਆ ਤ੍ਰਿਣਾਮੂਲ ਕਾਂਗਰਸ ਵਿੱਚ ਸ਼ਾਮਲ ਹੋ ਗਿਆ, ਨੂੰ ਪਾਰਟੀ ਵਿਰੋਧੀ ਬਿਆਨਾਂ ਕਾਰਨ ਨਵੰਬਰ, 2016 ਵਿੱਚ ਕੌਮੀ ਕਾਂਗਰਸ 'ਚੋਂ ਕੱਢ ਦਿੱਤਾ ਗਿਆ ਸੀ।
ਮੁੱਖ ਮੰਤਰੀ ਨੇ ਕਿਹਾ ਕਿ ਇਹ ਕਿੰਨੀ ਹਾਸੋਹੀਣੀ ਗੱਲ ਹੈ ਕਿ ਬਰਾੜ ਉਨ੍ਹਾਂ (ਕੈਪਟਨ ਅਮਰਿੰਦਰ ਸਿੰਘ) ਪਾਸੋਂ ਆਪਣੀ ਗਲਤੀਆਂ ਲਈ ਮੁਆਫੀ ਮੰਗਣ ਅਤੇ ਆਪਣੇ ਬਾਕੀ ਰਹਿੰਦੇ ਸਾਲ 'ਪਟਿਆਲਾ ਦੇ ਮਹਾਰਾਜਾ' ਨੂੰ ਦੇਣ ਅਤੇ ਪੰਜਾਬ ਵਿੱਚ ਬਾਦਲਾਂ ਨਾਲ ਸਿੱਝਣ ਦਾ ਵਾਅਦਾ ਕਰਨ ਤੋਂ 10 ਦਿਨਾਂ ਬਾਅਦ ਹੀ ਅਕਾਲੀ ਦਲ ਵਿੱਚ ਸ਼ਾਮਲ ਹੋ ਗਿਆ।
ਸ੍ਰੀ ਬਰਾੜ ਨੇ 9 ਅਪ੍ਰੈਲ ਨੂੰ ਕੈਪਟਨ ਅਮਰਿੰਦਰ ਸਿੰਘ ਨੂੰ ਲਿਖਿਆ,''ਸਤਿਕਾਰਯੋਗ ਮਹਾਰਾਜਾ ਸਾਹਿਬ, ਮੇਰੀਆਂ ਭੁੱਲਾਂ ਲਈ ਮੈਨੂੰ ਖਿਮਾ ਕਰ ਦਿਓ। ਸਰ ਡਾਕਟਰ ਮੁਹੰਮਦ ਇਕਬਾਲ ਨੇ ਕਿਹਾ,''ਗੁਨਾਹਗਾਰ ਹੂੰ, ਕਾਫਿਰ ਨਹੀਂ ਹੂੰ ਮੈਂ। ਮੈਂ ਹਮੇਸ਼ਾ ਤੁਹਾਡੇ ਹੱਕ ਵਿੱਚ ਖੜ੍ਹਾਂਗਾ ਅਤੇ ਬਾਕੀ ਰਹਿੰਦੇ ਸਾਲ ਮੈਨੂੰ ਮਹਾਰਾਜਾ ਪਟਿਆਲਾ ਲਈ ਦਿੱਤੇ ਜਾਣ। ਨਵਜੋਤ ਨੂੰ ਦੇਸ਼ ਦੀ ਚੋਣ ਮੁਹਿੰਮ, ਤਰਜ਼-ਏ-ਬਿਆਨੀ ਅਤੇ ਆਪਮੁਹਾਰੇਪਨ ਵਿੱਚ ਜੁਟੇ ਰਹਿਣ ਦਿਓ। ਮੈਨੂੰ ਆਪਣੇ ਨਾਲ ਰੱਖੋ। ਪੰਜਾਬ ਵਿੱਚ ਮੈਂ ਬਾਦਲਾਂ ਨੂੰ ਸੂਤ ਕਰਾਂਗਾ। ਤੁਹਾਡਾ ਸ਼ਰਧਾਲੂ।''
ਇਹ ਮੁਆਫੀ ਤੇ ਪੇਸ਼ਕਸ਼ ਮੁੱਖ ਮੰਤਰੀ ਨੂੰ ਕੀਤੇ ਸੰਦੇਸ਼ ਦੀ ਲੜੀ ਦਾ ਹਿੱਸਾ ਹਨ ਜਿਸ ਤਹਿਤ 22 ਮਾਰਚ, 2019 ਨੂੰ ਮਿਲਣ ਦਾ ਸਮਾਂ ਮੰਗਿਆ ਸੀ ਅਤੇ 31 ਮਾਰਚ ਨੂੰ ਬਿਨਾਂ ਸ਼ਰਤ ਪਾਰਟੀ ਵਿੱਚ ਸ਼ਾਮਲ ਹੋਣ ਦੀ ਪੇਸ਼ਕਸ਼ ਕੀਤੀ ਅਤੇ ਇਕ ਅਪ੍ਰੈਲ, 2019 ਨੂੰ ਦਿੱਲੀ ਵਿੱਚ ਕਪੂਰਥਲਾ ਹਾਊਸ 'ਚ ਭੇਜੇ ਨੋਟ, 9 ਅਪ੍ਰੈਲ ਨੂੰ ਮੁਆਫੀ ਮੰਗਣ ਅਤੇ ਆਪਣੇ ਬਾਕੀ ਬਚਦੇ ਸਾਲ ਮਹਾਰਾਜਾ ਪਟਿਆਲਾ ਨੂੰ ਸਮਰਪਿਤ ਕਰਕੇ ਪੰਜਾਬ ਵਿੱਚ ਬਾਦਲਾਂ ਨਾਲ ਨਜਿੱਠਣ ਦੀ ਪੇਸ਼ਕਸ਼ ਕੀਤੀ ਗਈ ਸੀ।
ਸ੍ਰੀ ਬਰਾੜ ਨੇ ਆਖਰੀ ਸੰਦੇਸ਼ 11 ਅਪ੍ਰੈਲ ਨੂੰ ਭੇਜਿਆ ਜਦੋਂ ਉਸ ਨੇ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਕਾਂਗਰਸ ਦੇ ਵਫਾਦਾਰ ਸਿਪਾਹੀ ਬਣਨ ਦੀ ਆੜ ਵਿੱਚ ਬਠਿੰਡਾ ਤੋਂ ਚੋਣ ਲੜਨ ਦੀ ਲੁਕੀ ਹੋਈ ਮਨਸ਼ਾ ਜ਼ਾਹਰ ਕਰ ਦਿੱਤੀ।
ਇਸ ਸੰਦੇਸ਼ 'ਚ,''ਸਤਿਕਾਰਯੋਗ ਮਹਾਰਾਜਾ ਸਾਹਿਬ, ਇਹ ਬੇਨਤੀ ਤੁਹਾਡੇ ਨਾਲ ਰਲਣ ਦੀ ਨਾ ਤਾਂ ਸ਼ਰਤ ਹੈ ਅਤੇ ਨਾ ਹੀ ਸਵਾਰਥ। ਸਮੇਂ ਦੇ ਰੁਖ ਮੁਤਾਬਕ ਜੇਕਰ ਸਿਆਸੀ ਮਜਬੂਰੀਆਂ ਕਾਰਨ ਆਖਰੀ ਪਲਾਂ ਵਿੱਚ ਆਲ੍ਹਾ ਕਮਾਨ ਬਠਿੰਡਾ ਵਾਸਤੇ ਯੋਗ ਪਗੜੀਧਾਰੀ ਜੱਟ ਸਿੱਖ ਉਮੀਦਵਾਰ ਲੱਭਣ ਵਿੱਚ ਅਸਫਲ ਰਹੇ ਤਾਂ ਮੈਂ ਆਪਣੇ ਆਪ ਨੂੰ ਬਸ਼ਰਤੇ ਤੁਸੀਂ ਮੇਰੇ ਕੇਸ ਦੀ ਸਿਫਾਰਸ਼ ਕਰੋ, ਚੋਣ ਲਈ ਪੇਸ਼ ਕਰਦਾ ਹਾਂ। ਮੈਂ ਇਹ ਸੀਟ ਜਿੱਤਾਂਗਾ। ਬਹੁਤ ਹੀ ਸਤਿਕਾਰ ਸਹਿਤ। ਜਗਮੀਤ ਸਿੰਘ ਬਰਾੜ, ਸਾਬਕਾ ਸੰਸਦ ਮੈਂਬਰ।''