ਪਟਿਆਲਾ, 16 ਮਈ: 2019 (ਜੀਐਸ ਪੰਨੂ) - ਚੋਣ ਕਮਿਸ਼ਨ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਲੋਕ ਸਭਾ ਚੋਣਾਂ ਦੌਰਾਨ ਮੁੱਲ ਦੀਆਂ ਖ਼ਬਰਾਂ, ਸ਼ੋਸਲ ਮੀਡੀਆ ਅਤੇ ਇਲੈਕਟ੍ਰੋਨਿਕ ਮੀਡੀਆ 'ਤੇ ਤਿੱਖੀ ਨਜ਼ਰ ਰੱਖਣ ਲਈ ਪਟਿਆਲਾ ਜ਼ਿਲ੍ਹੇ ਵਿੱਚ ਸਥਾਪਿਤ ਮੀਡੀਆ ਸਰਟੀਫਿਕੇਸ਼ਨ ਅਤੇ ਮੋਨੀਟਰਿੰਗ ਕਮੇਟੀ ਵੱਲੋਂ ਜ਼ਿਲ੍ਹੇ ਵਿੱਚ ਸ਼ੋਸਲ ਮੀਡੀਆ (ਫੇਸਬੁੱਕ) 'ਤੇ ਬਿਨਾਂ ਪ੍ਰਵਾਨਗੀ ਤੋਂ ਚੋਣ ਪ੍ਰਚਾਰ ਵਾਲੇ ਇਸ਼ਤਿਹਾਰ ਅਪਲੋਡ ਕਰਨ ਕਾਰਨ ਕੁੱਝ ਉਮੀਦਵਾਰਾਂ ਤੇ ਉਹਨਾਂ ਦੇ ਕਈ ਸਮਰਥਕਾਂ ਨੂੰ 15 ਦੇ ਕਰੀਬ ਨੋਟਿਸ ਜਾਰੀ ਕੀਤੇ ਹਨ ਇਸ ਤੋਂ ਇਲਾਵਾ ਫੇਸਬੁੱਕ 'ਤੇ ਆਪਣੀ ਪਹੁੰਚ ਵਧਾਉਣ ਲਈ ਪੋਸਟਾਂ ਨੂੰ ਬਣਾਉਣ ਤੇ ਉਨ੍ਹਾਂ ਨੂੰ ਬੂਸਟ ਕਰਨ ਕਾਰਨ 1 ਲੱਖ 60 ਹਜ਼ਾਰ ਰੁਪਏ ਦੇ ਕਰੀਬ ਖਰਚਾਂ ਉਮੀਦਵਾਰਾਂ ਦੇ ਚੋਣ ਖਰਚੇ ਵਿੱਚ ਪਾਇਆ ਗਿਆ ਹੈ।
ਜ਼ਿਲ੍ਹਾ ਚੋਣ ਅਫ਼ਸਰ ਕੁਮਾਰ ਅਮਿਤ ਨੇ ਦੱਸਿਆ ਕਿ ਫੇਸਬੁੱਕ 'ਤੇ ਇਸ਼ਤਿਹਾਰ ਅਪਲੋਡ ਕਰਨ ਸਬੰਧੀ 6 ਉਮੀਦਵਾਰਾਂ ਨੂੰ 42 ਪ੍ਰਵਾਨਗੀਆਂ ਵੀ ਜਾਰੀ ਕੀਤੀਆਂ ਗਈਆਂ ਹਨ। ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਜਿਹਨਾਂ ਉਮੀਦਵਾਰਾਂ ਜਾਂ ਉਹਨਾਂ ਦੇ ਸਮਰਥਕਾਂ ਨੂੰ ਫੇਸਬੁੱਕ 'ਤੇ ਬਿਨਾਂ ਪ੍ਰਵਾਨਗੀ ਇਸ਼ਤਿਹਾਰ ਜਾਂ ਇਤਰਾਜਯੋਗ ਪੋਸਟ ਅਪਲੋਡ ਕਰਨ ਸਬੰਧੀ ਨੋਟਿਸ ਜਾਰੀ ਕੀਤੇ ਗਏ ਹਨ ਉਹਨਾਂ ਵਿੱਚ ਆਮ ਆਦਮੀ ਪਾਰਟੀ ਦੀ ਉਮੀਦਵਾਰ ਸ੍ਰੀਮਤੀ ਨੀਨਾ ਮਿੱਤਲ ਨੂੰ ਇੱਕ ਇਤਰਾਜਯੋਗ ਪੋਸਟ ਅਤੇ ਇੱਕ ਬਿਨਾਂ ਪ੍ਰਵਾਨਗੀ ਇਸ਼ਤਿਹਾਰ ਅਪਲੋਡ ਕਰਨ ਕਾਰਣ ਦੋ ਨੋਟਿਸ ਜਾਰੀ ਕੀਤੇ ਗਏ ਸਨ। ਜਿਸ ਸਬੰਧੀ ਉਮੀਦਵਾਰ ਵੱਲੋਂ ਆਪਣੀ ਗਲਤੀ ਨੂੰ ਸਵਿਕਾਰਦਿਆਂ ਲਿਖਤੀ ਮੁਆਫੀ ਮੰਗਣ ਕਾਰਨ ਉਸਨੂੰ ਚੋਣ ਕਮਿਸ਼ਨਰ ਦੀਆਂ ਹਦਾਇਤਾਂ ਦੀ ਉਲੰਘਣਾ ਕਰਨ ਕਾਰਨ ਦੋ ਤਾੜਨਾ ਪੱਤਰ ਜਾਰੀ ਕੀਤੇ ਗਏ ਹਨ।
ਸ਼ਿਵ ਸੈਨਾ ਪਾਰਟੀ ਦੇ ਉਮੀਦਵਾਰ ਅਸ਼ਵਨੀ ਕੁਮਾਰ ਨੂੰ ਐਮ.ਸੀ.ਐਮ.ਸੀ. ਦੀ ਪੂਰਬ ਪ੍ਰਵਾਨਗੀ ਤੋਂ ਬਿਨਾਂ ਇਸ਼ਤਿਹਾਰ ਫੇਸਬੁੱਕ ਪੇਜ਼ 'ਤੇ ਅਪਲੋਡ ਕਰਨ ਕਾਰਨ ਨੋਟਿਸ ਜਾਰੀ ਕੀਤਾ ਗਿਆ ਜਿਸ ਵੱਲੋਂ ਗਲਤੀ ਲਈ ਲਿਖਤੀ ਮੁਆਫੀ ਮੰਗਣ ਕਾਰਨ ਤਾੜਨਾ ਪੱਤਰ ਜਾਰੀ ਕੀਤਾ ਗਿਆ ਹੈ। ਜ਼ਿਲ੍ਹਾ ਚੋਣ ਅਫ਼ਸਰ ਨੇ ਅੱਗੇ ਹੋਰ ਦੱਸਿਆ ਕਿ ਬਿਨਾਂ ਪ੍ਰਵਾਨਗੀ ਤੋਂ ਵੋਟਾਂ ਮੰਗਣ ਵਾਲੇ ਇੱਕ ਗੀਤ ਨੂੰ ਆਪਣੇ ਆਫੀਸੀਅਲ ਫੇਸਬੁੱਕ ਪੇਜ਼ 'ਤੇ ਅਪਲੋਡ ਕਰਨ ਕਾਰਨ ਨਵਾਂ ਪੰਜਾਬ ਪਾਰਟੀ ਦੇ ਉਮੀਦਵਾਰ ਧਰਮਵੀਰ ਗਾਂਧੀ ਨੂੰ ਵੀ ਇੱਕ ਨੋਟਿਸ ਤੇ 2 ਯਾਦ ਪੱਤਰ ਜਾਰੀ ਕੀਤੇ ਗਏ ਸਨ। ਇਸ ਸਬੰਧੀ ਗਾਂਧੀ ਵੱਲੋਂ ਆਪਣੀ ਗਲਤੀ ਦੀ ਲਿਖਤੀ ਮੁਆਫੀ ਮੰਗਣ ਕਾਰਨ ਉਹਨਾਂ ਨੂੰ ਵੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਦੀ ਉਲੰਘਣਾ ਕਰਨ ਕਾਰਣ ਤਾੜਨਾ ਪੱਤਰ ਜਾਰੀ ਕੀਤਾ ਗਿਆ ਹੈ।
ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਫੇਸਬੁੱਕ ਪੇਜ਼ 'ਤੇ ਬਿਨਾਂ ਪ੍ਰਵਾਨਗੀ ਇਸ਼ਤਿਹਾਰ ਅਪਲੋਡ ਕਰਨ ਕਾਰਨ ਜਿਹਨਾਂ ਹੋਰ ਉਮੀਦਵਾਰ ਜਾਂ ਉਹਨਾਂ ਦੇ ਸਮਰਥਕਾਂ ਨੂੰ ਨੋਟਿਸ ਜਾਰੀ ਕੀਤੇ ਗਏ ਹਨ ਉਹਨਾਂ ਵਿੱਚ ਅਜ਼ਾਦ ਉਮੀਦਵਾਰ ਅਮਰਪ੍ਰੀਤ ਸਿੰਘ, ਬਲਦੀਪ ਸਿੰਘ, ਪ੍ਰਵੀਨ ਕੁਮਾਰ ਦੇ ਨਾਂ ਸ਼ਾਮਲ ਹਨ। ਇਹਨਾਂ ਵੱਲੋਂ ਵੀ ਗਲਤੀ ਲਈ ਲਿਖਤੀ ਮੁਆਫੀ ਮੰਗਣ ਕਾਰਨ ਇਹਨਾਂ ਨੂੰ ਚੋਣ ਕਮਿਸ਼ਨ ਦੀਆਂ ਹਦਾਇਤਾਂ ਦੀ ਉਲੰਘਣਾ ਸਬੰਧੀ ਤਾੜਨਾ ਪੱਤਰ ਜਾਰੀ ਕੀਤੇ ਗਏ ਹਨ। ਦੋ ਅਜ਼ਾਦ ਉਮੀਦਵਾਰ ਸ੍ਰੀ ਰਿਸ਼ਬ ਸ਼ਰਮਾ ਤੇ ਸ੍ਰੀ ਹਰਭਜਨ ਸਿੰਘ ਵਿਰਕ ਨੂੰ ਵੀ ਨੋਟਿਸ ਜਾਰੀ ਕੀਤੇ ਗਏ ਹਨ ਜਿਹਨਾਂ ਵਿੱਚ ਰਿਸ਼ਬ ਸ਼ਰਮਾਂ ਨੂੰ ਤਸੱਲੀਬਖ਼ਸ ਜਵਾਬ ਨਾ ਦੇਣ ਕਾਰਨ ਮੁੜ ਨੋਟਿਸ ਭੇਜਿਆ ਗਿਆ ਹੈ ਅਤੇ ਹਰਭਜਨ ਸਿੰਘ ਵਿਰਕ ਵੱਲੋਂ ਹਾਲੇ ਤੱਕ ਜਵਾਬ ਨਾ ਦੇਣ ਕਾਰਨ ਯਾਦ ਪੱਤਰ ਜਾਰੀ ਕੀਤਾ ਗਿਆ ਹੈ।
ਜ਼ਿਲ੍ਹਾ ਚੋਣ ਅਫ਼ਸਰ ਕੁਮਾਰ ਅਮਿਤ ਨੇ ਦੱਸਿਆ ਕਿ ਉਮੀਦਵਾਰਾਂ ਦੇੇ ਜਿਹਨਾਂ ਸਮਰਥਕਾਂ ਨੂੰ ਉਲੰਘਣਾ ਸਬੰਧੀ ਨੋਟਿਸ ਜਾਰੀ ਕੀਤੇ ਗਏ ਹਨ। ਉਹਨਾਂ ਵਿੱਚ ਗੁਰਵਿੰਦਰ ਸਿੰਘ ਰਾਠੋਰ ਪਿੰਡ ਬਰਕਤਪੁਰ ਜ਼ਿਲ੍ਹਾ ਪਟਿਆਲਾ, ਕਮਲਦੀਪ ਸਿੰਘ ਵਾਸੀ ਜਲੰਧਰ ਅਤੇ ਸ਼ਿਵਰਾਜ ਸਿੰਘ ਵਿਰਕ ਵਾਸੀ ਸਰਹੰਦ ਰੋਡ ਪਟਿਆਲਾ ਦੇ ਨਾਮ ਸ਼ਾਮਲ ਹਨ। ਇਹਨਾਂ ਵੱਲੋਂ ਵੀ ਲਿਖਤੀ ਮੁਆਫੀ ਮੰਗਣ ਕਾਰਣ ਇਹਨਾਂ ਨੂੰ ਵੀ ਤਾੜਨਾ ਪੱਤਰ ਜਾਰੀ ਕੀਤੇ ਗਏ ਹਨ।
ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਚਲਾਏ ਜਾ ਰਹੇ 2 ਫੇਸਬੁੱਕ ਪੇਜਾਂ ਸਬੰਧੀ ਵੀ ਨੋਟਿਸ ਜਾਰੀ ਕੀਤੇ ਗਏ ਹਨ। ਜਿਹਨਾਂ ਵਿੱਚੋਂ ਇੱਕ ਫੇਸਬੁੱਕ ਪੇਜ਼ 'ਤੇ ਚੋਣ ਸਰਵੇ ਕਰਨ ਕਾਰਣ ਉਸ ਪੇਜ਼ ਦੇ ਮਾਲਕ ਦਾ ਪਤਾ ਲਗਾਉਣ ਲਈ ਸੀਨੀਅਰ ਕਪਤਾਨ ਪੁਲਿਸ ਰਾਹੀਂ ਸਟੇਟ ਸਾਈਬਰ ਕਰਾਈਮ ਸੈਲ ਨੂੰ ਮਾਮਲਾ ਭੇਜਿਆ ਗਿਆ ਹੈ।
ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਪਟਿਆਲਾ ਲੋਕ ਸਭਾ ਹਲਕੇ ਤੋਂ ਚੋਣ ਲੜ ਰਹੇ 6 ਉਮੀਦਵਾਰਾਂ ਵੱਲੋਂ ਫੇਸਬੁੱਕ 'ਤੇ ਇਸ਼ਤਿਹਾਰ ਅਪਲੋਡ ਕਰਨ ਲਈ ਦਿੱਤੇ ਬਿਨੈ ਪੱਤਰ ਦੇ ਸਬੰਧ ਵਿੱਚ ਐਮ.ਸੀ.ਐਮ.ਸੀ. ਵੱਲੋਂ 42 ਪ੍ਰਵਾਨਗੀਆਂ ਜਾਰੀ ਕੀਤੀਆਂ ਗਈਆਂ ਹਨ। ਜਿਹਨਾਂ ਵਿੱਚ ਕਾਂਗਰਸ ਪਾਰਟੀ ਦੇ ਉਮੀਦਵਾਰ ਸ੍ਰੀਮਤੀ ਪਰਨੀਤ ਕੌਰ ਵੱਲੋਂ 35 ਪ੍ਰਵਾਨਗੀਆਂ ਲਈਆਂ ਗਈਆਂ ਹਨ ਜਦਕਿ ਨਵਾਂ ਪੰਜਾਬ ਪਾਰਟੀ ਦੇ ਧਰਮਵੀਰ ਗਾਂਧੀ ਵੱਲੋਂ 3 ਅਤੇ ਅਜ਼ਾਦ ਉਮੀਦਵਾਰ ਅਮਰਪ੍ਰੀਤ ਸਿੰਘ, ਬਲਦੀਪ ਸਿੰਘ, ਪਰਮਿੰਦਰ ਕੁਮਾਰ ਤੇ ਮੋਹਨ ਲਾਲ ਨੇ ਵੀ ਇੱਕ ਇੱਕ ਪ੍ਰਵਾਨਗੀ ਹਾਸਲ ਕੀਤੀ ਹੈ।
ਕੁਮਾਰ ਅਮਿਤ ਨੇ ਦੱਸਿਆ ਕਿ ਫੇਸਬੁੱਕ 'ਤੇ ਆਪਣੀਆਂ ਪੋਸਟਾਂ ਨੂੰ ਬੂਸਟ ਲਗਾਉਣ ਕਾਰਨ ਦੋ ਉਮੀਦਵਾਰਾਂ ਦੇ ਚੋਣ ਖਰਚੇ ਵਿੱਚ 1 ਲੱਖ 50 ਹਜ਼ਾਰ ਰੁਪਏ ਦੇ ਕਰੀਬ ਸ਼ਾਮਲ ਕੀਤੇ ਗਏ ਹਨ। ਉਹਨਾਂ ਦੱਸਿਆ ਕਿ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿੱਚ ਸਥਾਪਿਤ ਐਮ.ਸੀ.ਐਮ.ਸੀ ਕੰਟਰੋਲ ਵਿੱਚ ਵੱਖ-ਵੱਖ ਟੀ.ਵੀ. ਚੈਨਲ, ਐਫ.ਐਮ.ਰੇਡੀਓ ਤੇ 200 ਦੇ ਕਰੀਬ ਫੇਸਬੁੱਕ/ਟਵੀਟਰ ਖਾਤਿਆਂ 'ਤੇ ਤਿੱਖੀ ਨਜ਼ਰ ਰੱਖੀ ਜਾ ਰਹੀ ਹੈ