ਚੰਡੀਗੜ੍ਹ, 8 ਮਈ 2019 - ਕਾਂਗਰਸ ਪਾਰਟੀ ਦੀ ਲੀਡਰ ਰਜਿੰਦਰ ਕੌਰ ਭੱਠਲ ਵੱਲੋਂ ਜਨਤਕ ਥਾਂ 'ਤੇ ਚੋਣ ਪ੍ਚਾਰ ਦੌਰਾਨ ਨੌਜਵਾਨ ਦੇ ਥੱਪੜ ਮਾਰਨ ਦਾ ਮਾਮਲਾ ਤੂਲ ਫੜਦਾ ਜਾ ਰਿਹਾ ਹੈ। ਇਸ ਸਬੰਧ 'ਚ ਹੀ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵਕੀਲ ਹਰੀ ਚੰਦ ਨੇ ਮੁੱਖ ਚੋਣ ਅਧਿਕਾਰੀ ਨੂੰ ਇੱਕ ਚਿੱਠੀ ਲਿਖੀ ਹੈ, ਜਿਸ 'ਚ ਉਹਨਾਂ ਨੇ ਕਾਂਗਰਸੀ ਲੀਡਰ ਰਜਿੰਦਰ ਕੌਰ ਭੱਠਲ 'ਤੇ 19 ਮਈ ਤੱਕ ਵੋਟਾਂ ਪੈਣ ਤੱਕ ਚੋਣ ਪ੍ਚਾਰ ਕਰਨ 'ਤੇ ਪਾਬੰਦੀ ਲਾਉਣ ਦੀ ਅਪੀਲ ਕੀਤੀ ਹੈ।
ਉਹਨਾਂ ਨੇ ਚਿੱਠੀ 'ਚ ਲਿਖਿਆ ਕਿ ਜਨਤਾ ਦੇ ਨੁਮਾਇੰਦੇ ਹੋਣ ਦੇ ਨਾਤੇ ਉਹਨਾਂ ਵੱਲੋਂ ਇੱਕ ਵੋਟਰ ਵੱਲੋਂ ਸਵਾਲ ਪੁੱਛਣ 'ਤੇ ਉਸ ਦੇ ਥੱਪੜ ਮਾਰਨਾ ਬਿਲਕੁਲ ਵੀ ਉਚਿਤ ਨਹੀਂ ਸੀ। ਜਿਸ ਦੇ ਸਬੰਧ 'ਚ ਚੋਣ ਕਮਿਸ਼ਨ ਨੂੰ ਰਜਿੰਦਰ ਕੌਰ ਭੱਠਲ 'ਤੇ ਸਖ਼ਤ ਕਾਰਵਾਈ ਕਰਦਿਆਂ ਉਹਨਾਂ 'ਤੇ ਵੋਟਾਂ ਪੈਣ ਤੱਕ ਚੋਣ ਪ੍ਰਚਾਰ ਕਰਨ 'ਤੇ ਪਾਬੰਦੀ ਲਾਉਣੀ ਚਾਹੀਦੀ ਹੈ, ਤਾਂ ਜੋ ਜਨਤਾ ਦੇ ਹੋਰ ਨੁਮਾਇੰਦੇ ਵੀ ਇਸ ਗੱਲ ਤੋਂ ਸਬਕ ਲੈਣ।
ਜ਼ਿਕਰਯੋਗ ਹੈ ਕਿ ਇਸ ਘਟਨਾ ਨੂੰ ਲੈ ਕੇ ਨੌਜਵਾਨ ਦੇ ਪਿੰਡ ਵਾਸੀਆਂ ਵਿੱਚ ਵੀ ਭਾਰੀ ਰੋਸ ਪਾਇਆ ਜਾ ਰਿਹਾ ਹੈ ਅਤੇ ਪਿੰਡ ਵਾਸੀਆਂ ਨੇ ਮੰਗ ਕੀਤੀ ਹੈ ਕਿ ਰਜਿੰਦਰ ਕੌਰ ਭਰੀ ਸਭਾ 'ਚ ਹੀ ਮੁਆਫੀ ਮੰਗਣ ਨਹੀਂ ਤਾਂ ਮੁਆਫੀ ਨਾ ਮੰਗਣ 'ਤੇ ਕਾਂਗਰਸ ਪਾਰਟੀ ਦਾ ਬਾਈਕਾਟ ਕੀਤਾ ਜਾਵੇਗਾ ਅਤੇ ਉਹਨਾਂ ਦਾ ਪਿੰਡ 'ਚ ਬੂਥ ਵੀ ਨਹੀ ਲੱਗਣ ਦਿੱਤਾ ਜਾਵੇਗਾ।