ਮੰਚ ਤੋਂ ਸੰਬੋਧਨ ਕਰਦੇ ਜਾਖੜ ਅਤੇ ਕੋਲ ਬੈਠੇ ਮੰਤਰੀ ਬਾਜਵਾ
ਲੋਕੇਸ਼ ਰਿਸ਼ੀ
ਗੁਰਦਾਸਪੁਰ, 28 ਅਪ੍ਰੈਲ 2019: ਗੁਰਦਾਸਪੁਰ ਤੋਂ ਉਮੀਦਵਾਰ ਅਤੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸ੍ਰੀ ਸੁਨੀਲ ਜਾਖੜ ਨੇ ਅੱਜ ਇੱਥੇ ਚੋਣ ਜਲਸਿਆਂ ਨੂੰ ਸੰਬੋਧਨ ਕਰਦਿਆਂ ਕੇਂਦਰ ਦੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਕਾਰ ਨੂੰ ਧਨਾਢ ਸ਼ਾਹੂਕਾਰਾਂ ਦੀ ਸਰਕਾਰ ਦੱਸਦਿਆਂ ਕਿਹਾ ਹੈ ਕਿ ਭਾਜਪਾ ਨੂੰ ਨਾ ਤਾਂਂ ਪੰਜਾਬ ਨਾਲ ਕੋਈ ਦਰਦ ਹੈ ਅਤੇ ਨਾ ਹੀ ਉਸ ਨੂੰ ਕਿਸਾਨਾਂ ਦੀ ਕੋਈ ਫ਼ਿਕਰ ਹੈ।
ਸ੍ਰੀ ਸੁਨੀਲ ਜਾਖੜ ਨੇ ਕਿਹਾ ਕਿ ਮੋਦੀ ਸਰਕਾਰ ਨੇ ਖੇਤੀ ਸੰਦਾਂ, ਖਾਦਾਂ, ਕੀਟਨਾਸ਼ਕਾਂ ਤੇ ਜੀਐਸਟੀ ਲਗਾ ਕੇ ਇਕ ਪਾਸੇ ਦੇਸ਼ ਦੇ ਅੰਨਦਾਤੇ ਤੇ ਬੋਝ ਪਾਇਆ ਉੱਥੇ ਹੀ ਇਸ ਸਰਕਾਰ ਨੇ ਗੁਰੂ ਘਰਾਂ ਦੇ ਲੰਗਰ ਤੇ ਵੀ ਜੀਐਸਟੀ ਲਗਾ ਦਿੱਤਾ ਸੀ। ਉਨ੍ਹਾਂ ਨੇ ਕਿਹਾ ਕਿ ਕੇਂਦਰ ਵਿਚ ਇਕ ਵਜ਼ੀਰੀ ਦੇ ਲਾਲਚ ਵਿਚ ਅਕਾਲੀ ਦਲ ਦੇ ਆਗੂਆਂ ਨੇ ਵੀ ਲੰਗਰ ਤੇ ਲਗਾਏ ਜੀਐਸਟੀ ਖ਼ਿਲਾਫ਼ ਅਵਾਜ਼਼ ਨਹੀਂ ਚੁੱਕੀ ਸੀ, ਪਰ ਉਨ੍ਹਾਂ ਨੇ ਦਿੱਲੀ ਵਿਚ ਇਸ ਜਜ਼ੀਏ ਖ਼ਿਲਾਫ਼ ਅਵਾਜ ਬੁਲੰਦ ਕਰਕੇ ਇਹ ਕਰ ਵਾਪਸ ਲੈਣ ਲਈ ਮਜਬੂਰ ਕੀਤਾ ਸੀ।
ਸ੍ਰੀ ਜਾਖੜ ਨੇ ਕਿਹਾ ਕਿ 2014 ਵਿਚ ਸਵਾਮੀਨਾਥਨ ਰਿਪੋਰਟ ਦੀ ਗੱਲ ਕਰਨ ਵਾਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਰਾਜ ਵਿਚ ਕਿਸਾਨੀ ਸਭ ਤੋਂ ਵੱਧ ਨਪੀੜੀ ਗਈ ਹੈ। ਉਨ੍ਹਾਂ ਨੇ ਕਿਹਾ ਕਿ ਦਿੱਲੀ ਤੱਕ ਸਾਡੀ ਪਰਾਲੀ ਦਾ ਧੂੰਆਂ ਤਾ ਪੁੱਜਦਾ ਹੈ ਪਰ ਕਰਜ਼਼ੇ ਕਾਰਨ ਆਤਮਹੱਤਿਆਵਾਂ ਕਰਨ ਵਾਲੇ ਕਿਸਾਨਾਂ ਦੀਆਂ ਚਿਖਾਵਾਂ ਦਾ ਧੂੰਆਂ ਦਿੱਲੀ ਦੇ ਭਾਜਪਾ ਸਿਆਸਤਦਾਨਾਂ ਤੱਕ ਨਹੀਂ ਪੁੱਜਾ। ਉਨ੍ਹਾਂ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਕਿਸਾਨਾਂ ਦੇ ਕਰਜ਼਼ ਮਾਫ਼਼ੀ ਲਈ ਕੁਝ ਨਹੀਂ ਕੀਤਾ ਜਦ ਕਿ ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਵੱਲੋਂ ਆਪਣੇ ਸੀਮਤ ਵਿੱਤੀ ਸਾਧਨ ਹੋਣ ਦੇ ਬਾਵਜੂਦ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਦੇ ਕਰਜ ਮਾਫ ਕੀਤੇ ਗਏ ਹਨ। ਉਨ੍ਹਾਂ ਨੇ ਕਿਹਾ ਕਿ ਭਾਜਪਾ ਦੇ ਰਾਜ ਵਿਚ ਕਿਸਾਨੀ, ਵਪਾਰ, ਉਦਯੋਗ ਸਭ ਚੌਪਟ ਹੋ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਹੁਣ ਵੀ ਕਿਸਾਨਾਂ ਨੂੰ ਪਰੇਸ਼ਾਨ ਕਰਨ ਲਈ ਭਾਰਤ ਸਰਕਾਰ ਦੀ ਏਜੰਸੀ ਐਫ.ਸੀ.ਆਈ. ਵੱਲੋਂ ਕਣਕ ਵੇਚਣ ਵਾਲੇ ਕਿਸਾਨਾਂ ਨੂੰ ਤੰਗ ਕੀਤਾ ਜਾ ਰਿਹਾ ਹੈ।
ਭਾਜਪਾ ਸਰਕਾਰ ਦੀ ਵਿਦੇਸ਼ ਅਤੇ ਆਰਥਿਕ ਨੀਤੀਆਂ ਨੂੰ ਅਸਫਲ ਦੱਸਦਿਆਂ ਸ੍ਰੀ ਜਾਖੜ ਨੇ ਕਿਹਾ ਕਿ ਪੰਜਾਬ ਦੇ ਦੋ ਨੌਜਵਾਨ ਦੇ ਦੁਬਈ ਵਿਚ ਸਿਰ ਕਲਮ ਕਰ ਦਿੱਤੇ ਗਏ ਅਤੇ ਹੁਣ ਉਨ੍ਹਾਂ ਦੀਆਂ ਮ੍ਰਿਤਕ ਦੇਹਾਂ ਵੀ ਨਹੀਂ ਦਿੱਤੀਆਂ ਜਾ ਰਹੀਆਂ ਤਾਂ ਅਜਿਹੇ ਵਿਚ ਪ੍ਰਧਾਨ ਮੰਤਰੀ ਦੇ ਦੁਨੀਆ ਦਰਸ਼ਨ ਲਈ ਕੀਤੇ ਦੌਰਿਆਂ ਅਤੇ ਵਿਸ਼ਵ ਮੰਚ ਤੇ ਅਖੌਤੀ ਧਾਕ ਦਾ ਸੱਚ ਸਾਹਮਣੇ ਆ ਜਾਂਦਾ ਹੈ। ਉਨ੍ਹਾਂ ਨੇ ਕਿਹਾ ਕਿ ਅਰਥਸ਼ਾਸਤਰੀ ਸ੍ਰੀ ਮਨਮੋਹਨ ਸਿੰਘ ਜਦ ਪ੍ਰਧਾਨ ਮੰਤਰੀ ਸਨ ਤਾਂ 104 ਡਾਲਰ ਦੇ ਭਾਅ ਕੱਚਾ ਤੇਲ ਖ਼ਰੀਦ ਕਰਕੇ 52 ਰੁਪਏ ਲੀਟਰ ਡੀਜ਼ਲ ਦੇਸ਼ ਦੇ ਲੋਕਾਂ ਨੂੰ ਮੁਹੱਈਆ ਕਰਵਾ ਰਹੇ ਸਨ ਜਦ ਕਿ ਹੁਣ ਵਪਾਰੀ ਬਣੇ ਪ੍ਰਧਾਨ ਮੰਤਰੀ ਦੀ ਸਰਕਾਰ 61 ਡਾਲਰ ਦੇ ਭਾਅ ਕੱਚਾ ਤੇਲ ਖ਼ਰੀਦ ਕੇ 67 ਰੁਪਏ ਦੇ ਭਾਅ ਡੀਜ਼ਲ ਵੇਚ ਕੇ ਲੋਕਾਂ ਨੂੰ ਲੁੱਟ ਰਹੀ ਹੈ।
ਸ੍ਰੀ ਜਾਖੜ ਨੇ ਕਿਹਾ ਕਿ ਅਕਾਲੀ ਦਲ ਅਤੇ ਭਾਜਪਾ ਦੋਨੋਂ ਧਰਮ ਦੇ ਨਾਂਅ ਤੇ ਸਿਆਸਤ ਕਰਦੇ ਹਨ ਜਦ ਕਿ ਕਾਂਗਰਸ ਪਾਰਟੀ ਵਿਕਾਸ ਦੀ ਗੱਲ ਕਰਦੀ ਹੈ। ਉਨ੍ਹਾਂ ਨੇ ਕਿਹਾ ਕਿ ਭਾਜਪਾ ਕੋਲ ਲੋਕਾਂ ਦੇ ਸਵਾਲਾਂ ਦੇ ਜਵਾਬ ਨਹੀਂ ਸਨ ਇਸੇ ਲਈ ਉਸ ਨੇ ਫ਼ਿਲਮੀ ਸਿਤਾਰੇ ਨੂੰ ਮੁੰਬਈ ਤੋਂ ਚੋਣ ਮੈਦਾਨ ਵਿਚ ਲਿਆਂਦਾ ਹੈ। ਉਨ੍ਹਾਂ ਨੇ ਕਿਹਾ ਕਿ ਸਾਂਸਦ ਦਾ ਕੰਮ ਆਪਣੇ ਲੋਕਾਂ ਦੀ ਅਵਾਜ਼ ਬਣਨਾ ਹੁੰਦਾ ਹੈ, ਜੋ ਇਲਾਕੇ ਦਾ ਵਿਕਾਸ ਕਰ ਸਕੇ। ਉਨ੍ਹਾਂ ਨੇ ਕਿਹਾ ਕਿ ਕਾਂਗਰਸ ਪਾਰਟੀ ਨੇ ਆਪਣੇ ਚੋਣ ਮੈਨੀਫੈਸਟੋ ਵਿਚ ਐਲਾਨ ਕੀਤਾ ਹੈ ਕਿ ਜਿਸ ਪਰਿਵਾਰ ਦੀ ਆਮਦਨ ਮਹੀਨਾਵਾਰ 12000 ਤੋਂ ਘੱਟ ਹੋਵੇਗੀ ਉਹਨੂੰ 6000 ਰੁਪਏ ਦੀ ਮਦਦ ਦਿੱਤੀ ਜਾਵੇਗੀ।
ਇਸ ਮੌਕੇ ਪੰਚਾਇਤੀ ਰਾਜ ਮੰਤਰੀ ਸ: ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਕਿਹਾ ਕਿ ਪੰਜਾਬ ਵਿਚ ਕਾਂਗਰਸ ਪਾਰਟੀ ਸਾਰੀਆਂ 13 ਸੀਟਾਂ ਤੇ ਜਿੱਤ ਦਰਜ ਕਰੇਗੀ। ਉਨ੍ਹਾਂ ਨੇ ਕਿਹਾ ਕਿ ਪੰਜਾਬ ਦਾ ਵਿਕਾਸ ਕਾਂਗਰਸ ਸਰਕਾਰ ਸਮੇਂ ਹੀ ਹੋਇਆ ਹੈ ਅਤੇ ਹੁਣ ਕੇਂਦਰ ਵਿਚ ਸਰਕਾਰ ਬਣਨ ਤੋਂ ਬਾਅਦ ਵਿਕਾਸ ਦੀ ਇਹ ਗਤੀ ਹੋਰ ਤੇਜ਼ ਹੋਵੇਗੀ। ਇਸ ਮੌਕੇ ਕਾਂਗਰਸ ਜ਼ਿਲ੍ਹਾ ਪ੍ਰਧਾਨ ਰੌਸ਼ਨ ਜੋਸਫ ਸਮੇਤ ਇਲਾਕੇ ਦੀ ਲੀਡਰਸ਼ਿਪ ਵੀ ਹਾਜ਼ਰ ਸਨ।