ਮਿੱਤਰ ਸੈਨ ਸ਼ਰਮਾ
ਮਾਨਸਾ 20 ਮਈ 2019 : ਸਥਾਨਕ ਮਾਣਯੋਗ ਅਦਾਲਤ ਵੱਲੋਂ ਭੁੱਕੀ ਦੀ ਤਸਕਰੀ ਕਰਨ ਦੇ ਮਾਮਲੇ 'ਚ ਦੋ ਵਿਅਕਤੀਆਂ ਨੂੰ ਸਜ਼ਾ ਅਤੇ ਜੁਰਮਾਨਾ ਅਦਾ ਕਰਨ ਦਾ ਹੁਕਮ ਸੁਣਾਇਆ ਗਿਆ ਹੈ, ਜਦਕਿ ਇੱਕ ਹੋਰ ਵਿਅਕਤੀ ਨੂੰ ਬਾ–ਇੱਜਤ ਬਰੀ ਕਰ ਦਿੱਤਾ ਗਿਆ ਹੈ।। ਜਾਣਕਾਰੀ ਅਨੁਸਾਰ ਥਾਣਾ ਬੋਹਾ ਦੀ ਪੁਲਿਸ ਨੇ 30 ਅਕਤੂਬਰ 2014 ਨੂੰ ਸੰਦੀਪ ਸਿੰਘ, ਰਵੀ ਸਿੰਘ ਵਾਸੀਆਨ ਭਵਾਨੀਗੜ੍ਹ ਅਤੇ ਗੁਰਪ੍ਰੀਤ ਸਿੰਘ ਵਾਸੀ ਪਿੰਡ ਬੀਰ ਕਲਾਂ, ਜ਼ਿਲ੍ਹਾ ਸੰਗਰੂਰ ਨੂੰ 151 ਕਿੱਲੋ ਭੁੱਕੀ ਸਮੇਤ ਕਾਬੂ ਕਰਕੇ ਉਨ੍ਹਾਂ ਦੇ ਖਿਲਾਫ਼ ਮਾਮਲਾ ਨੰ: 112 ਦਰਜ ਕਰਨ ਉਪਰੰਤ ਸੁਣਵਾਈ ਦੇ ਲਈ ਅਦਾਲਤ 'ਚ ਪੇਸ਼ ਕੀਤਾ, ਜਿੱਥੇ ਇਸ ਕੇਸ ਦੀ ਸੁਣਵਾਈ ਕਰਦਿਆਂ ਮਾਣਯੋਗ ਐਡੀਸ਼ਨਲ ਸ਼ੈਸ਼ਨ ਜੱਜ ਮਾਨਸਾ ਦਲਜੀਤ ਸਿੰਘ ਰੱਲ੍ਹਣ ਦੀ ਅਦਾਲਤ ਵੱਲੋਂ ਸੰਦੀਪ ਸਿੰਘ ਅਤੇ ਰਵੀ ਸਿੰਘ ਨੂੰ ਭੁੱਕੀ ਤਸਕਰੀ ਦਾ ਦੋਸ਼ੀ ਮੰਨਦੇ ਹੋਏ ਉਨ੍ਹਾਂ ਨੂੰ 11–11 ਸਾਲ ਦੀ ਸਜ਼ਾ ਅਤੇ ਇੱਕ–ਇੱਕ ਲੱਖ ਰੁਪਏ ਜੁਰਮਾਨਾ ਅਦਾ ਕਰਨ ਦਾ ਹੁਕਮ ਸੁਣਾਇਆ ਹੈ। ਜੁਰਮਾਨਾ ਅਦਾ ਨਾ ਕਰਨ ਦੀ ਸੂਰਤ 'ਚ ਦੋਸ਼ੀਆਂ ਨੂੰ ਦੋ–ਦੋ ਸਾਲ ਦੀ ਸਜ਼ਾ ਹੋਰ ਕੱਟਣੀ ਹੋਵੇਗੀ, ਜਦਕਿ ਮਾਮਲੇ 'ਚ ਨਾਮਜ਼ਦ ਗੁਰਪ੍ਰੀਤ ਸਿੰਘ ਨੂੰ ਬਾ–ਇੱਜਤ ਬਰੀ ਕਰ ਦਿੱਤਾ ਗਿਆ ਹੈ।