ਸੰਗਰੂਰ , 11 ਮਈ 2019 - ਬਰਨਾਲਾ / ਲੋਕ ਸਭਾ ਹਲਕਾ ਸੰਗਰੂਰ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਕੇਵਲ ਸਿੰਘ ਢਿੱਲੋਂ ਦੀ ਚੋਣ ਮੁਹਿੰਮ ਨੂੰ ਸਿਖਰਾਂ ਤੇ ਪਹੁੰਚਾਉਂਦਿਆਂ ਉੱਘੇ ਆਗੂ ਭੋਲਾ ਸਿੰਘ ਵਿਰਕ ਦੇ ਦਿਸ਼ਾ ਨਿਰਦੇਸ਼ ਹੇਠ ਦਾਣਾ ਮੰਡੀ ਬਰਨਾਲਾ ਵਿਖੇ ਵਿਸ਼ਾਲ ਚੋਣ ਰੈਲੀ ਕਰਵਾਈ ਗਈ ਜਿਸ ਵਿੱਚ ਵੱਡੀ ਗਿਣਤੀ ਵਿੱਚ ਇਲਾਕਾ ਵਾਸੀਆਂ ਨੇ ਹਿਸਾ ਲਿਆ।
ਰੈਲੀ ਵਿੱਚ ਮੁਖੀ ਤੌਰ ਤੇ ਮਾਨਸਾ ਤੋਂ ਵਿਧਾਇਕ ਨਾਜ਼ਰ ਸਿੰਘ ਮਾਨਸ਼ਾਹੀਆ , ਭਦੌੜ ਤੋਂ ਸਾਬਕਾ ਵਿਧਾਇਕ ਨਿਰਮਲ ਸਿੰਘ ਨਿਮਾ , ਕੁਲਦੀਪ ਸਿੰਘ ਕਾਲਾ ਢਿੱਲੋਂ , ਹਰਪਾਲ ਸਿੰਘ ਵਿਰਕ , ਵੱਖ ਵੱਖ ਪਿੰਡਾਂ ਦੇ ਸਰਪੰਚ - ਪੰਚ , ਜ਼ਿਲ੍ਹਾ ਪ੍ਰੀਸ਼ਦ ਮੈਂਬਰ , ਬਲਾਕ ਸੰਮਤੀ ਮੈਂਬਰ , ਮਹਿਲਾ ਕਾਂਗਰਸ ਤੇ ਯੂਥ ਕਾਂਗਰਸ ਦੇ ਵਰਕਰ ਵੱਡੀ ਗਿਣਤੀ ਵਿੱਚ ਹਾਜ਼ਿਰ ਸਨ ।
ਵਿਧਾਨ ਸਭਾ ਹਲਕਾ ਬਰਨਾਲਾ ਵਿਖੇ ਕਰਵਾਈ ਵਿਸ਼ਾਲ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਕਾਂਗਰਸੀ ਉਮੀਦਵਾਰ ਕੇਵਲ ਸਿੰਘ ਢਿੱਲੋਂ ਨੂੰ ਵੋਟਾਂ ਪਾਉਣ ਦੀ ਅਪੀਲ ਕਰਦਿਆਂ ਭੋਲਾ ਸਿੰਘ ਵਿਰਕ ਨੇ ਕਿਹਾ ਕਿ ਪੰਜਾਬ ਤੇ 10 ਸਾਲ ਰਾਜ ਕਰਕੇ ਗਏ ਅਕਾਲੀ ਦਲ-ਭਾਜਪਾ ਗਠਜੋੜ੍ਹ ਦੇ ਆਗੂਆਂ ਨੇ ਦੋਹੀਂ ਹੱਥੀ ਪੰਜਾਬ ਨੂੰ ਲੁਟਿਆ ਤੇ ਹੱਕ ਮੰਗਣ ਵਾਲੇ ਪੰਜਾਬੀਆਂ ਨੂੰ ਕੁੱਟਿਆ। ਭੋਲਾ ਸਿੰਘ ਵਿਰਕ ਨੇ ਕਿਹਾ ਕਿ ਗਠਜੋੜ ਦੀ ਸਰਕਾਰ ਸਮੇਂ ਪੰਜਾਬ ਦੀ ਨੌਜੁਆਨੀ ਨਸ਼ਿਆਂ ਵਿੱਚ ਪੈ ਗਈ ਸੀ ਅਤੇ ਅਜਿਹੀਆਂ ਗਲਤੀਆਂ ਕਾਰਨ ਪੰਜਾਬ ਵਾਸੀ ਗਠਜੋੜ ਦੇ ਉਮੀਦਵਾਰਾਂ ਦੀਆਂ ਜਮਾਨਤਾਂ ਤੱਕ ਜਬਤ ਕਰਵਾ ਕੇ ਮੁਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੀਆਂ ਲੋਕ ਪੱਖੀ ਨੀਤੀਆਂ ਤੇ ਮੋਹਰ ਲਾਉਣਗੇ ।
ਵਿਸ਼ਾਲ ਚੋਣ ਰੈਲੀ ਵਿੱਚ ਵਿਸ਼ੇਸ਼ ਤੌਰ ਤੇ ਪਹੁੰਚੇ ਮਾਨਸਾ ਤੋਂ ਵਿਧਾਇਕ ਨਾਜ਼ਰ ਸਿੰਘ ਮਾਨਸ਼ਾਹੀਆ ਆਮ ਆਦਮੀ ਪਾਰਟੀ ਦੇ ਪੋਤੜੇ ਫਰੋਲਦਿਆਂ ਦਸਿਆ ਕਿ ਆਮ ਆਦਮੀ ਪਾਰਟੀ ਨੇ ਆਪਣੇ ਸਿਆਸੀ ਸੌਡ਼ੇ ਹਿੱਤਾਂ ਲਈ ਪੰਜਾਬੀਆਂ ਦੇ ਨਾਲ ਧ੍ਰੋਹ ਤੇ ਧੋਖਾ ਕੀਤਾ । ਨਾਜ਼ਰ ਸਿੰਘ ਮਾਨਸ਼ਾਹੀਆ ਨੇ ਕਿਹਾ ਕਿ ਭਗਵੰਤ ਮਾਨ ਨੇ ਕੁਰਸੀ ਤੇ ਆਪਣੇ ਸਿਆਸੀ ਲਾਲਚ ਦੀ ਖਾਤਿਰ ਪੰਜਾਬ ਦੀ ਕੁਰਬਾਨੀ ਦੇ ਦਿੱਤੀ ਤੇ ਪਾਰਟੀ ਦੇ ਕੌਮੀ ਪ੍ਰਧਾਨ ਅਰਵਿੰਦ ਕੇਜਰੀਵਾਲ ਦੇ ਤਾਨਾਸ਼ਾਹੀ ਰਵਈਏ ਨੇ ਝਾੜੂ ਤੀਲਾ ਤੀਲਾ ਕਰ ਦਿੱਤਾ।
ਮਾਨਸ਼ਾਹੀਆ ਨੇ ਸਮੂਹ ਨਿਵਾਸੀਆਂ ਨੂੰ ਸੰਬੋਧਨ ਕਰਦਿਆਂ ਅਕਾਲੀ-ਬੀ.ਜੇ.ਪੀ ਗਠਜੋੜ ਨੂੰ ਹਰਾਉਣ ਲਈ , ਆਪਣੀਆਂ ਵੋਟਾਂ ਵੰਡੀਆਂ ਜਾਣ ਦੀ ਬਜਾਏ ਕਾਂਗਰਸ ਪਾਰਟੀ ਦੇ ਹਕ ਵਿਚ ਇਕ ਜਗ੍ਹਾ ਕੇਂਦਰਿਤ ਕਰਨ ਦੀ ਅਪੀਲ ਕੀਤੀ।ਇਸ ਮੌਕੇ ਮਾਨਸ਼ਾਹੀਆ ਨੇ ਦਸਿਆ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿਚ ਸੰਗਰੂਰ ਲੋਟ ਸਭਾ ਸੀਟ ਦੀ ਸਥਿਤੀ ਬਹੁਤ ਹੀ ਮਜ਼ਬੂਤ ਹੈ ਅਤੇ ਕੇਵਲ ਸਿੰਘ ਢਿੱਲੋਂ ਇਥੋਂ ਭਾਰੀ ਬਹੁਮਤ ਨਾਲ ਜਿਤ ਹਾਸਲ ਕਰ ਰਹੇ ਹਨ।
ਰੈਲੀ ਦੌਰਾਨ ਲੋਕ ਸਭਾ ਹਲਕਾ ਸੰਗਰੂਰ ਤੋਂ ਉਮੀਦਵਾਰ ਕੇਵਲ ਸਿੰਘ ਢਿੱਲੋਂ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਦੀਆਂ ਆਪ ਹੁਦਰੀਆਂ ਤੇ ਜਨ ਵਿਰੋਧੀ ਨੀਤੀਆਂ ਕਾਰਨ ਦੇਸ਼ ਦੀ ਗੱਡੀ ਪਟੜੀ ਤੋਂ ਉਤਰੀ ਪਈ ਹੈ ਅਤੇ ਦੇਸ਼ ਰੂਪੀ ਗੱਡੀ ਨੂੰ ਮੁੜ ਪਟੜੀ ਤੇ ਲ਼ਿਆਉਣ ਲਈ ਕੇਂਦਰ ਵਿੱਚ ਸ਼੍ਰੀ ਰਾਹੁਲ ਗਾਂਧੀ ਦੀ ਅਗਵਾਈ ਹੇਠ ਕਾਂਗਰਸੀ ਸਰਕਾਰ ਦਾ ਗਠਨ ਜਰੂਰੀ ਹੈ।
ਕੇਵਲ ਸਿੰਘ ਢਿੱਲੋਂ ਨੇ ਕਿਹਾ ਕਿ ਪੰਜਾਬ ਵਿਚ ਕਾਂਗਰਸ ਦੀ ਸਰਕਾਰ ਨੇ ਆਪਣੇ ਵਾਅਦੇ ਮੁਤਾਬਕ ਕਿਸਾਨਾਂ ਦੇ ਕਰਜ਼ੇ ਮੁਆਫ਼ ਕਰਕੇ ਕਿਸਾਨ ਵਰਗ ਨੂੰ ਵੱਡੀ ਰਾਹਤ ਪ੍ਰਦਾਨ ਕੀਤੀ ਹੈ। ਉਹਨਾਂ ਨੇ ਕਿਹਾ ਕਿ ਮੁਲਕ ਦੇ ਅੰਦਰ ਤਰੱਕੀ ਹੋਈ ਹੈ ਉਹ ਕਾਂਗਰਸ ਪਾਰਟੀ ਦੀ ਸਰਕਾਰ ਦੌਰਾਨ ਹੋਈ ਤੇ ਆਗਾਮੀ ਲੋਕ ਸਭਾ ਚੋਣਾਂ ਵਿਚ ਕਾਂਗਰਸ ਪਾਰਟੀ ਸੂਬੇ ਦੀਆਂ 13 ਸੀਟਾਂ 'ਤੇ ਵੱਡੇ ਫਰਕ ਨਾਲ ਜਿੱਤ ਦਰਜ ਕਰੇਗੀ ਤੇ ਕੇਂਦਰ ਵਿਚ ਕਾਂਗਰਸ ਦੀ ਸਰਕਾਰ ਸੱਤਾ ਵਿਚ ਆਵੇਗੀ।
ਕੇਵਲ ਸਿੰਘ ਢਿੱਲੋਂ ਨੇ ਕਿਹਾ ਕਿ ਉਹ ਵੱਡੇ ਯਤਨਾਂ ਨਾਲ ਭਵਾਨੀਗੜ੍ ਇਲਾਕੇ ਵਿਚ ਪੈਪਸੀਕੋ ਵਰਗੀ ਵੱਡੀ ਕੰਪਨੀ ਲੈ ਕੇ ਆਏ, ਜਿਸ ਨਾਲ ਵੱਡੇ ਪੱਧਰ 'ਤੇ ਨੌਜਵਾਨਾਂ ਨੂੰ ਰੁਜ਼ਗਾਰ ਮਿਲਿਆ। ਉਨ੍ਹਾਂ ਨੇ ਵਾਅਦਾ ਕੀਤਾ ਕਿ ਲੋਕਾਂ ਦੇ ਸਾਥ ਤੇ ਸਹਿਯੋਗ ਨਾਲ ਆਉਣ ਵਾਲੇ ਸਮੇਂ ਵਿਚ ਸੰਗਰੂਰ ਹਲਕੇ ਦੇ ਵਿਚ ਵੱਡੀ ਯੂਨੀਵਰਸਿਟੀ ਤੇ ਇੰਡਸਟਰੀ ਸਥਾਪਤ ਕੀਤੇ ਜਾਣਗੇ।
ਕੇਵਲ ਸਿੰਘ ਢਿੱਲੋਂ ਨੇ ਆਪਣੇ ਸੰਬੋਧਨ ਵਿੱਚ ਵਿਰੋਧੀ ਅਕਾਲੀ ਦਲ ਉਮੀਦਵਾਰ ਤੇ ਸਿਆਸੀ ਵਾਰ ਕਰਦਿਆਂ ਕਿਹਾ ਕਿ ਢੀਂਡਸਾ ਪਰਿਵਾਰ ਨੇ ਪੰਜਾਬ ਤੇ ਕੇਂਦਰ ਸਰਕਾਰ ਵਿੱਚ ਵਜੀਰੀਆਂ ਮਾਣਿਆਂ ਪਰ ਹਲਕੇ ਦੇ ਵਿਕਾਸ ਲਈ ਇੱਕ ਇੱਟ ਵੀ ਨਹੀਂ ਲਗਾਈ । ਉਹਨਾਂ ਨੇ ਕਿਹਾ ਕਿ ਅਕਾਲੀ ਦਲ ਨੂੰ ਤਾਂ ਸੰਗਰੂਰ ਤੋਂ ਕੋਈ ਵੀ ਉਮੀਦਵਾਰ ਨਹੀਂ ਲੱਭ ਰਿਹਾ ਸੀ ਜਿਸ ਤੋਂ ਸਾਬਿਤ ਹੁੰਦਾ ਹੈ ਜੋ ਬੰਦਾ ਇਲੈਕਸ਼ਨ ਹੀ ਦੋ ਚਿੱਤੀ ਵਿੱਚ ਲੜ ਰਿਹਾ ਉਹ ਕਿ ਇਹ ਕਿਸੇ ਦਾ ਕੀ ਭਲਾ ਕਰੇਗਾ । ਓਹਨਾ ਨੇ ਕਿਹਾ ਕਿ ਅਕਾਲੀ ਦਲ ਸਰਕਾਰ ਸਮੇਂ ਹੋਇਆਂ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀਆਂ ਤੇ ਬਰਗਾੜੀ ਕਾਂਡ ਨੇ ਹਰ ਇਕ ਇਨਸਾਨ ਦਾ ਹਿਰਦਾ ਵਲੂੰਧਰ ਕੇ ਰੱਖ ਦਿੱਤਾ ਅਤੇ ਜਿਸ ਪਾਰਟੀ ਨੇ ਇਹ ਘੋਰ ਪਾਪ ਕੀਤਾ ਉਸਦਾ ਸਿਆਸੀ ਭੋਗ ਪੈਣਾ ਤੈਅ ਹੈ।
ਆਮ ਆਦਮੀ ਪਾਰਟੀ ਦੇ ਉਮੀਦਵਾਰ ਤੇ ਬੋਲਦਿਆਂ ਕਿਹਾ ਕਿ ਚੁਟਕਲੇਬਾਜ਼ੀ ਦੇ ਨਾਲ ਕਿਸੇ ਦਾ ਢਿੱਡ ਨਹੀਂ ਭਰਦਾ। ਓਹਨਾ ਨੇ ਕਿਹਾ ਕਿ ਕੇਂਦਰ ਸਰਕਾਰ ਨੇ 120 ਯੂਨੀਵਰਸਿਟੀਆਂ ਵੰਡੀਆਂ ਪਰ ਸੰਗਰੂਰ ਦੇ ਮੈਂਬਰ ਪਾਰਲੀਮੈਂਟ ਹਲਕੇ ਵਾਸਤੇ ਇਕ ਵੀ ਵੱਡੀ ਯੂਨੀਵਰਸਿਟੀ ਯਾ ਇੰਡਸਟਰੀ ਸਥਾਪਿਤ ਨਹੀਂ ਕਰ ਸਕਿਆ । ਉਹਨਾਂ ਨੇ ਕਿਹਾ ਕਿ ਜਿਸ ਬੰਦੇ ਕੋਲ ਵਿਕਾਸ ਦਾ ਕੋਈ ਵਿਜ਼ਨ ਨਹੀਂ ਉਸ ਕੋਲੋਂ ਹਲਕੇ ਦੀਆਂ ਮੁਸ਼ਕਿਲਾਂ ਦੇ ਹੱਲ ਦੀ ਕੀ ਉਮੀਦ ਕੀਤੀ ਜਾ ਸਕਦੀ ਹੈ। ਕੇਵਲ ਸਿੰਘ ਢਿੱਲੋਂ ਨੇ ਆਮ ਆਦਮੀ ਪਾਰਟੀ ਤੋਂ ਉਤਾਰੇ ਉਮੀਦਵਾਰ ਨੂੰ ਸਵਾਲ ਕੀਤਾ ਕਿ ਉਨ੍ਹਾਂ ਨੇ ਮੈਂਬਰ ਪਾਰਲੀਮੈਂਟ ਹੁੰਦਿਆਂ ਸੰਗਰੂਰ ਲਈ ਕੀ ਕੀਤਾ ਜਾਂ ਕਿਹੜਾ ਵੱਡਾ ਪ੍ਰੋਜੈਕਟ ਸ਼ਹਿਰ ਵਾਸੀਆਂ ਲਈ ਦਿਤਾ। ਕੇਵਲ ਸਿੰਘ ਢਿੱਲੋਂ ਨੇ ਇਲਾਕਾ ਵਾਸੀਆਂ ਨੂੰ ਇਹਨਾਂ ਦੋਵੇਂ ਪਾਰਟੀਆਂ ਤੋਂ ਸੁਚੇਤ ਰਹਿਣ ਦੀ ਅਪੀਲ ਕੀਤੀ ।