ਨਵਾਂ ਸ਼ਹਿਰ, 28 ਅਪਰੈਲ,2019: ਵਧੀਕ ਡਿਪਟੀ ਕਮਿਸ਼ਨਰ (ਜ) ਕਮ ਵਧੀਕ ਜ਼ਿਲ੍ਹਾ ਚੋਣ ਅਫ਼ਸਰ ਸ੍ਰੀਮਤੀ ਅਨੁਪਮ ਕਲੇਰ ਨੇ ਅੱਜ ਸਥਾਨਕ ਸ਼ਿਵਾਲਿਕ ਪਬਲਿਕ ਸਕੂਲ ਵਿਖੇ ਨਵਾਂਸ਼ਹਿਰ ਹਲਕੇ ਨਾਲ ਸਬੰਧਤ ਚੋਣ ਅਮਲੇ ਦੀ ਪਹਿਲੀ ਰੀਹਰਸਲ ਨੂੰ ਸੰਬੋਧਿਤ ਹੁੰਦਿਆਂ ਕਿਹਾ ਕਿ ਮਤਦਾਨ ਨੂੰ ਨਿਰਵਿਘਨ ਨੇਪਰੇ ਚਾੜ੍ਹਨ ਲਈ ਚੋਣ ਅਮਲੇ ਦਾ ਆਪਣੇ ਕੰਮ ’ਚ ਨਿਪੁੰਨ ਹੋਣਾ ਲਾਜ਼ਮੀ ਹੈ। ਇਸ ਲਈ ਚੋਣ ਅਮਲੇ ਲਈ ਕਰਵਾਈਆਂ ਜਾ ਰਹੀਆਂ ਇਨ੍ਹਾਂ ਰੀਹਰਸਲਾਂ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਚੋਣ ਅਮਲ ਦੀ ਹਰ ਇੱਕ ਨਿੱਕੀ ਤੋਂ ਨਿੱਕੀ ਗੱਲ ਨੂੰ ਸਿਖਿਆ ਜਾਵੇ।
ਉਨ੍ਹਾਂ ਕਿਹਾ ਕਿ ਜ਼ਿਲ੍ਹੇ ਦੇ ਹਰੇਕ ਵਿਧਾਨ ਸਭਾ ਹਲਕੇ ’ਚ ਚੋਣ ਅਮਲੇ ਦੀਆਂ ਚਾਰ-ਚਾਰ ਰੀਹਰਸਲਾਂ ਦੀ ਕੜੀ ’ਚ ਅੱਜ ਸਮੁੱਚੇ ਜ਼ਿਲ੍ਹੇ ’ਚ ਵਿਧਾਨ ਸਭਾ ਪੱਧਰ ’ਤੇ ਪਹਿਲੀ ਰੀਹਰਸਲ ਕਰਵਾਈ ਗਈ ਹੈ, ਜਿਸ ਦਾ ਮੰਤਵ ਚੋਣ ਅਮਲੇ ਨੂੰ ਮਤਦਾਨ ਪ੍ਰਕਿਰਿਆ ’ਚ ਨਿਪੁੰਨ ਕਰਨਾ ਹੈ। ਉਨ੍ਹਾਂ ਦੱਸਿਆ ਕਿ ਰੀਹਰਸਲਾਂ ਦੌਰਾਨ ਸਿਖਲਾਈ ਪ੍ਰੈਕਟੀਕਲ ਤੌਰ ’ਤੇ ਲੈਬਜ਼ ਰਾਹੀਂ ਅਤੇ ਲਿਖਤੀ ਤੌਰ ’ਤੇ ਕਲਾਸ ਰੂਮਜ਼ ਰਾਹੀਂ ਦਿੱਤੀ ਜਾ ਰਹੀ ਹੈ ਤਾਂ ਜੋ ਚੋਣ ਕਮਿਸ਼ਨ ਵੱਲੋਂ ਨਿਰਧਾਰਿਤ ਸੇਧਾਂ ਮੁਤਾਬਕ ਚੋਣ ਅਮਲੇ ਨੂੰ ਆਪਣੀ ਡਿਊਟੀ ’ਚ ਨਿਪੁੰਨ ਕੀਤਾ ਜਾ ਸਕੇ।
ਵਧੀਕ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਸ ਵਾਰ ਹਰੇਕ ਈ ਵੀ ਐਮ ਮਸ਼ੀਨ ਨਾਲ ਵੀ ਵੀ ਪੀ ਏ ਟੀ ਜੋੜੇ ਜਾਣ ਕਾਰਨ ਚੋਣ ਅਮਲੇ ਨੂੰ ਇਨ੍ਹਾਂ ਮਸ਼ੀਨਾਂ ਦੀ ਨਾਜ਼ੁਕਤਾ ਨੂੰ ਧਿਆਨ ’ਚ ਰੱਖਦੇ ਹੋਏ, ਇਨ੍ਹਾਂ ਦਾ ਸੰਚਾਲਨ ਕਰਨਾ ਪਵੇਗਾ। ਉਨ੍ਹਾਂ ਕਿਹਾ ਕਿ ਪ੍ਰੈਕਟੀਕਲ ਲੈਬਜ਼ ਦੀ ਟ੍ਰੇਨਿੰਗ ਕੇਵਲ ਤੇ ਕੇਵਲ ਇਨ੍ਹਾਂ ਮਸ਼ੀਨਾਂ ਨੂੰ ਓਪਰੇਟ ਕਰਨ ਨਾਲ ਸਬੰਧਤ ਹੈ ਤਾਂ ਜੋ ਮਤਦਾਨ ਮੌਕੇ ਚੋਣ ਅਮਲੇ ਨੂੰ ਕਿਸੇ ਵੀ ਤਰ੍ਹਾਂ ਦੀ ਤਕਨੀਕੀ ਸਮੱਸਿਆ ਨਾਲ ਨਾ ਜੂਝਣਾ ਪਵੇ।
ਇਸ ਮੌਕੇ ਏ ਆਰ ਓ ਕਮ ਐਸ ਡੀ ਐਮ ਨਵਾਂਸ਼ਹਿਰ ਡਾ. ਵਿਨੀਤ ਕੁਮਾਰ ਨੇ ਚੋਣ ਅਮਲੇ ਨੂੰ ਸੰਬੋਧਨ ਕਰਦਿਆਂ ਕਿਹਾ ਸਮੁੱਚੇ ਚੋਣ ਅਮਲੇ ਦਾ ਅਹਿਮ ਹਿੱਸਾ ਚੋਣ ਅਮਲਾ (ਪੋਲਿੰਗ ਪਾਰਟੀ) ਹੁੰਦਾ ਹੈ। ਇਸ ਲਈ ਚੋਣ ਅਮਲੇ ਦੇ ਹਰੇਕ ਮੈਂਬਰ ਨੂੰ ਆਪਣੇ ਕੰਮ ਪ੍ਰਤੀ ਸਿਖਲਾਈ ਹੋਣੀ ਲਾਜ਼ਮੀ ਹੈ ਤਾਂ ਜੋ ਮਤਦਾਨ ਵਾਲੇ ਦਿਨ ਆਪਸੀ ਤਾਲਮੇਲ ਰਾਹੀਂ ਮਤਦਾਨ ਪ੍ਰਕਿਰਿਆ ’ਚ ਕੋਈ ਵੀ ਮੁਸ਼ਕਿਲ ਨਾ ਆਉਣ ਦਿੱਤੀ ਜਾਵੇ। ਉਨ੍ਹਾਂ ਕਿਹਾ ਕਿ ਪ੍ਰੀਜ਼ਾਇਡਿੰਗ ਅਫ਼ਸਰਾਂ ਅਤੇ ਸਹਾਇਕ ਪ੍ਰੀਜ਼ਾਇਡਿੰਗ ਅਫ਼ਸਰਾਂ ਨੂੰ ਸਿਖਲਾਈ ਦੌਰਾਨ ਚੋਣ ਅਮਲ ਦੀਆਂ ਬਾਰੀਕੀਆਂ ਤੋਂ ਜਾਣੂ ਹੋਣਾ ਜ਼ਰੂਰੀ ਹੈ ਤਾਂ ਜੋ ਕੋਈ ਵੀ ਮੁਸ਼ਕਿਲ ਖੜ੍ਹੀ ਹੋਣ ’ਤੇ ਉਸ ਦਾ ਹੱਲ ਕੱਢਿਆ ਜਾ ਸਕੇ।
ਚੋਣ ਅਮਲੇ ਨੂੰ ਸਿਖਲਾਈ ਦੇਣ ਦਾ ਕੰਮ ਵਿਧਾਨ ਸਭਾ ਪੱਧਰ ਮਾਸਟਰ ਟ੍ਰੇਨਰਾਂ ਵੱਲੋਂ ਕੀਤਾ ਗਿਆ ਅਤੇ ਉਨ੍ਹਾਂ ਨੂੰ ਮਤਦਾਨ ਕੇਂਦਰ ’ਤੇ ਕੀਤੇ ਜਾਣ ਵਾਲੇ ਸਮੁੱਚੇ ਪ੍ਰਬੰਧਾਂ ਅਤੇ ਮੋਕ ਪੋਲ ਬਾਰੇ ਦੱਸਿਆ ਗਿਆ। ਚੋਣ ਅਮਲੇ ਨੂੰ ਮਸ਼ੀਨ ਚਲਾਉਣ ਬਾਰੇ ਵੀ ਵਿਸਥਾਰ ’ਚ ਸਿਖਲਾਈ ਦਿੱਤੀ ਗਈ। ਇਸ ਮੌਕੇ 12 ਕਲਾਸਰੂਮ ਬਣਾਏ ਗਏ ਸਨ।