ਅਕਾਲੀ ਦਲ ਟਕਸਾਲੀ ਦੇ ਕਾਫ਼ਲੇ ਚ ਹੋਇਆ ਵਾਧਾ
ਮਹਾਰਾਸ਼ਟਰ ਕਾਂਗਰਸ ਦੇ ਨੇਤਾ ਟਕਸਾਲੀ ਦਲ 'ਚ ਹੋਏ ਸ਼ਾਮਲ
ਮੁਹਾਲੀ , 27 ਅਪ੍ਰੈਲ , 2019 :
ਅੱਜ ਮੋਹਾਲੀ ਵਿਖੇ ਅਕਾਲੀ ਦਲ ( ਟਕਸਾਲੀ ) ਦੇ ਸਕੱਤਰ ਜਰਨਲ ਤੇ ਮੁੱਖ ਬੁਲਾਰੇ ਜਥੇਦਾਰ ਸੇਵਾ ਸਿੰਘ ਸੇਖਵਾਂ ਦੁਆਰਾ ਮਹਾਰਾਸ਼ਟਰ ਕਾਂਗਰਸ ਦੇ ਸਾਈਲੈਂਟ ਜਰਨਲ ਸਕੱਤਰ ਸ. ਉਪਕਾਰ ਸਿੰਘ ਗਿੱਲ ਨੂੰ ਅਕਾਲੀ ਦਲ ਟਕਸਾਲੀ ਵਿੱਚ ਸ਼ਾਮਿਲ ਕੀਤਾ ਗਿਆ । ਸ. ਕਰਨੈਲ ਸਿੰਘ ਪੀਰ ਮੁਹੰਮਦ, ਜਰਨਲ ਸਕੱਤਰ ਤੇ ਬੁਲਾਰਾ, ਸ. ਹਰਸੁਖਿੰਦਰ ਸਿੰਘ ਬੱਬੀ ਬਾਦਲ ਯੂਥ ਪ੍ਰਧਾਨ ਅਤੇ ਐਡਵੋਕੇਟ ਜਗਰੂਪ ਸਿੰਘ ਸੇਖਵਾਂ ਵੀ ਜਥੇਦਾਰ ਸੇਖਵਾਂ ਨਾਲ ਹਾਜ਼ਰ ਸਨ ।ਇਸ ਮੌਕੇ ਸ. ਗਿੱਲ ਨੇ ਕਿਹਾ ਕਿ ਕੌਮ ਅਤੇ ਪੰਜਾਬ ਦੀ ਰਾਖੀ ਕਰਨ ਵਾਲੀ ਪਾਰਟੀ ਸ਼ੋ੍.ਅ.ਦ. ਟਕਸਾਲੀ ਹੀ ਸਾਡਾ ਅਸਲੀ ਘਰ ਹੈ ਤੇ ਮੈਂ ਹੁਣ ਆਪਣੇ ਘਰ ਆ ਗਿਆ ਹਾਂ ਤੇ ਹੁਣ ਅਕਾਲੀ ਦਲ ਟਕਸਾਲੀ ਲਈ ਸੱਚੇ ਦਿਲੋਂ ਮਿਹਨਤ ਕਰਾਂਗਾ । ਇਸ ਮੌਕੇ ਜਥੇਦਾਰ ਸੇਖਵਾਂ ਨੇ ਵੀ ਸ. ਗਿੱਲ ਦਾ ਸਵਾਗਤ ਕਰਦੇ ਹੋਏ ਉਨ੍ਹਾਂ ਨੂੰ ਵਿਸ਼ਵਾਸ ਦਿਵਾਇਆ ਕਿ ਪਾਰਟੀ ਉਨ੍ਹਾਂ ਦਾ ਬਣਦਾ ਮਾਣ ਸਨਮਾਨ ਕਰੇਗੀ । ਸ. ਗਿੱਲ ਦੀ ਰਿਹਾਇਸ਼ ਹੁਣ ਖਰੜ ਸ਼ਹਿਰ ਵਿੱਚ ਹੈ ਜੋ ਕਿ ਲੋਕ ਸਭਾ ਹਲਕਾ ਅਨੰਦਪੁਰ ਸਾਹਿਬ ਅਧੀਨ ਆਉਂਦਾ ਹੈ । ਉਹਦਾ ਦੇ ਆਉਣ ਨਾਲ ਸ਼ੋ੍.ਅ.ਦ. ਟਕਸਾਲੀ ਦੇ ਅਨੰਦਪੁਰ ਸਾਹਿਬ ਤੋਂ ਉਮੀਦਵਾਰ ਸ. ਬੀਰ ਦਵਿੰਦਰ ਸਿੰਘ ਦੇ ਚੋਣ ਪ੍ਰਚਾਰ ਨੂੰ ਹੁਲਾਰਾ ਮਿਲੇਗਾ ।