← ਪਿਛੇ ਪਰਤੋ
ਨਵਾਂਸ਼ਹਿਰ, 20 ਮਈ, 2019: ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਵਿੱਚ ਇਸ ਵਾਰ ਫ਼ਿਰ ਮਹਿਲਾ ਵੋਟਰਾਂ ਨੇ ਮਤਦਾਨ ਵਿੱਚ ਵਧੇਰੇ ਭਾਗੀਦਾਰੀ ਦਿਖਾ ਕੇ ਪੁਰਸ਼ਾਂ ਤੋਂ ਬਾਜ਼ੀ ਮਾਰ ਲਈ ਹੈ। ਜ਼ਿਲ੍ਹੇ ਵਿੱਚ ਮਹਿਲਾ ਵੋਟਰਾਂ ਦੀ ਮਤਦਾਨ ਪ੍ਰਤੀਸ਼ਤਤਾ ਪੁਰਸ਼ ਮਤਦਾਤਾਵਾਂ ਦੀ 63.83 ਫ਼ੀਸਦੀ ਦੇ ਮੁਕਾਬਲੇ 69.93 ਫ਼ੀਸਦੀ ਰਹੀ ਹੈ। ਜ਼ਿਲ੍ਹੇ ਵਿੱਚ ਮਹਿਲਾ ਤੇ ਪੁਰਸ਼ਾਂ ਤੋਂ ਇਲਾਵਾ ਤੀਸਰੀ ਸ਼੍ਰੇਣੀ ਦੇ ਵੋਟਰਾਂ ਦੀ ਮਤਦਾਨ ਪ੍ਰਤੀਸ਼ਤਤਾ ਵੀ 83.33 ਫ਼ੀਸਦੀ ਰਹੀ ਹੈ। ਬੰਗਾ ਤੇ ਬਲਾਚੌਰ ਹਲਕਿਆਂ ’ਚ ਟ੍ਰਾਂਸਜੈਂਡਰ ਮਤਦਾਤਾਵਾਂ ਦਾ ਮਤਦਾਨ 100 ਫ਼ੀਸਦੀ ਰਿਹਾ ਜਦਕਿ ਨਵਾਂਸ਼ਹਿਰ ’ਚ 86.67 ਫ਼ੀਸਦੀ ਦਰਜ ਕੀਤਾ ਗਿਆ। ਇਹ ਪ੍ਰਗਟਾਵਾ ਕਰਦਿਆਂ ਡਿਪਟੀ ਕਮਿਸ਼ਨਰ ਕਮ ਜ਼ਿਲ੍ਹਾ ਚੋਣ ਅਫ਼ਸਰ ਸ਼ਹੀਦ ਭਗਤ ਸਿੰਘ ਨਗਰ ਵਿਨੈ ਬਬਲਾਨੀ ਨੇ ਮਹਿਲਾ ਵੋਟਰਾਂ ਨੂੰ ਲੋਕਤੰਤਰ ਪ੍ਰਤੀ ਵਧੇਰੇ ਸੰਜੀਦਗੀ ਦਿਖਾਉਣ ’ਤੇ ਵਧਾਈ ਦਿੱਤੀ ਹੈ। ਉਨ੍ਹਾਂ ਕਿਹਾ ਕਿ ਮਹਿਲਾ ਵੋਟਰਾਂ ਦੀ ਪ੍ਰਤੀਸ਼ਤਤਾ ਵਿੱਚ ਪੁਰਸ਼ਾਂ ਦੇ ਮੁਕਾਬਲੇ ਵਾਧਾ, ਇਸ ਗੱਲ ਦੀ ਪ੍ਰਤੀਕ ਹੈ ਕਿ ਜ਼ਿਲ੍ਹੇ ਦੀਆਂ ਮਹਿਲਾਵਾਂ ਮਤਦਾਨ ਪ੍ਰਣਾਲੀ ਪ੍ਰਤੀ ਵਧੇਰੇ ਜਾਗਰੂਕ ਹਨ ਅਤੇ ਮਤ ਅਧਿਕਾਰ ਦੀ ਵਰਤੋਂ ਲਈ ਜ਼ਿਆਦਾ ਗੰਭੀਰ ਹਨ। ਉਨ੍ਹਾਂ ਜ਼ਿਲ੍ਹੇ ਵਿੱਚ ਮਤਦਾਨ ਪ੍ਰਤੀਸ਼ਤਤਾ ਦੇ ਅੰਕੜੇ ਦੱਸਦਿਆਂ ਕਿਹਾ ਕਿ ਬੰਗਾ ਹਲਕੇ ਵਿੱਚ 165163 ਮਤਦਾਤਾਵਾਂ ਵਿੱਚੋਂ 108437 ਮਤਦਾਤਾਵਾਂ ਨੇ ਮਤ ਅਧਿਕਾਰ ਦਾ ਇਸਤੇਮਾਲ ਕੀਤਾ ਹੈ ਜੋ ਕਿ 65.65 ਫ਼ੀਸਦੀ ਬਣਦਾ ਹੈ। ਇਸ ਹਲਕੇ ਵਿੱਚ ਭੁਗਤੀਆਂ ਇਨ੍ਹਾਂ ਵੋਟਾਂ ਵਿੱਚੋਂ 55685 ਮਹਿਲਾਵਾਂ ਦੀਆਂ ਵੋਟਾਂ ਹਨ ਜੋ ਕਿ ਹਲਕੇ ਦੀਆਂ ਕੁੱਲ ਮਹਿਲਾ ਵੋਟਰਾਂ 80372 ਦਾ 69.28 ਫ਼ੀਸਦੀ ਬਣਦੀਆਂ ਹਨ। ਬੰਗਾ ਹਲਕੇ ਵਿੱਚ ਪੁਰਸ਼ ਵੋਟਰਾਂ ਦੀ ਮਤਦਾਨ ਪ੍ਰਤੀਸ਼ਤਤਾ 62.21 ਫ਼ੀਸਦੀ ਰਹੀ ਹੈ। ਇਸ ਹਲਕੇ ਵਿੱਚ ਕੁੱਲ 84787 ਪੁਰਸ਼ ਵੋਟਰ ਹਨ ਜਿਨ੍ਹਾਂ ਵਿੱਚੋਂ 52748 ਨੇ ਆਪਣੇ ਮਤ ਅਧਿਕਾਰ ਦੀ ਵਰਤੋਂ ਕੀਤੀ। ਨਵਾਂਸ਼ਹਿਰ ਹਲਕੇ ਦੀ ਪੁਰਸ਼-ਮਹਿਲਾ ਪ੍ਰਤੀਸ਼ਤਤਾ ’ਤੇ ਚਾਨਣਾ ਪਾਉਂਦਿਆਂ ਉਨ੍ਹਾਂ ਦੱਸਿਆ ਕਿ ਇਸ ਹਲਕੇ ਵਿੱਚ ਵੀ ਮਹਿਲਾ ਵੋਟਰਾਂ ਨੇ 69.24 ਫ਼ੀਸਦੀ ਮਤਦਾਨ ਕੀਤਾ ਹੈ ਜਦਕਿ ਪੁਰਸ਼ ਵੋਟਰਾਂ ਦੀ ਮਤਦਾਨ ਪ੍ਰਤੀਸ਼ਤਤਾ 62.21 ਰਹੀ। ਇਸ ਹਲਕੇ ਵਿੱਚ ਕੁੱਲ 84592 ਮਹਿਲਾ ਵੋਟਰਾਂ ਵਿੱਚੋਂ 58572 ਨੇ ਆਪਣੇ ਮਤ ਅਧਿਕਾਰ ਦੀ ਵਰਤੋਂ ਕੀਤੀ ਜਦਕਿ 88498 ਪੁਰਸ਼ ਵੋਟਰਾਂ ਵਿੱਚੋਂ 56700 ਨੇ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਕੀਤਾ। ਇਸ ਹਲਕੇ ਦੀ ਮਤਦਾਨ ਪ੍ਰਤੀਸ਼ਤਤਾ 66.60 ਰਹੀ ਅਤੇ ਕੁੱਲ 173099 ਵੋਟਰਾਂ ਵਿੱਚੋਂ 115278 ਵੋਟਰਾਂ ਨੇ ਆਪਣੇ ਮਤ ਅਧਿਕਾਰ ਦਾ ਇਸਤੇਮਾਲ ਕੀਤਾ। ਬਲਾਚੌਰ ਹਲਕੇ ਬਾਰੇ ਦੱਸਦਿਆਂ ਜ਼ਿਲ੍ਹਾ ਚੋਣ ਅਫ਼ਸਰ ਨੇ ਕਿਹਾ ਕਿ ਇੱਥੇ ਵੀ ਮਤਦਾਨ ਪ੍ਰਤੀਸ਼ਤਤਾ ਵਿੱਚ ਮਹਿਲਾਵਾਂ ਦੀ ਪੁਰਸ਼ ਵੋਟਰਾਂ ’ਤੇ ਸਰਦਾਰੀ ਰਹੀ। ਇਸ ਹਲਕੇ ਵਿੱਚ ਜ਼ਿਲ੍ਹੇ ਵਿੱਚ ਸਭ ਤੋਂ ਵਧੇਰੇ 71.43 ਫ਼ੀਸਦੀ ਮਹਿਲਾ ਵੋਟਰਾਂ ਨੇ ਅਤੇ 64.65 ਫ਼ੀਸਦੀ ਪੁਰਸ਼ ਵੋਟਰਾਂ ਨੇ ਆਪਣੇ ਮਤ ਅਧਿਕਾਰ ਦੀ ਵਰਤੋਂ ਕੀਤੀ। ਇਸ ਹਲਕੇ ਵਿੱਚ 72993 ਮਹਿਲਾ ਵੋਟਰਾਂ ਵਿੱਚੋਂ 52141 ਮਤਦਾਤਾਵਾਂ ਨੇ ਅਤੇ 79303 ਪੁਰਸ਼ ਵੋਟਰਾਂ ਵਿੱਚੋਂ 51273 ਨੇ ਆਪਣੇ ਵੋਟ ਪਾਏ। ਹਲਕੇ ਦੀ ਮਤਦਾਨ ਪ੍ਰਤੀਸ਼ਤਤਾ 67.90 ਫ਼ੀਸਦੀ ਰਹੀ ਅਤੇ ਕੁੱਲ 152301 ਮਤਦਾਤਾਵਾਂ ਵਿੱਚੋਂ 103419 ਮਤਦਾਤਾਵਾਂ ਨੇ ਆਪਣੇ ਮਤ ਅਧਿਕਾਰ ਦੀ ਵਰਤੋਂ ਕੀਤੀ।
Total Responses : 267