ਹਜ਼ਾਰਾਂ ਦੀ ਗਿਣਤੀ ਵਿੱਚ ਪ੍ਰਤੀਭਾਗੀ ਲੈਣਗੇ ਭਾਗ
ਲੁਧਿਆਣਾ, 30 ਮਾਰਚ 2019: ਆਉਂਦੀਆਂ ਲੋਕ ਸਭਾ ਚੋਣਾਂ-2019 ਦੇ ਮੱਦੇਨਜ਼ਰ ਅਧੀਨ ਜ਼ਿਲ•ਾ ਪ੍ਰਸ਼ਾਸ਼ਨ ਵੱਲੋਂ 31 ਮਾਰਚ ਨੂੰ ਪੀ.ਏ.ਯੂ, ਲੁਧਿਆਣਾ ਵਿਖੇ ਮੈਰਾਥਨ ਦੌੜ ਦਾ ਆਯੋਜਨ ਕੀਤਾ ਜਾ ਰਿਹਾ ਹੈ ਤਾਂ ਜੋ ਲੋਕਾਂ ਖਾਸ ਨੌਜਵਾਨਾਂ ਨੂੰ ਲੋਕ ਸਭਾ ਚੋਣਾਂ ਵਿੱਚ ਵੋਟ ਦੇ ਅਧਿਕਾਰ ਦਾ ਵੱਧ ਤੋਂ ਵੱਧ ਇਸਤੇਮਾਲ ਕਰਨ ਲਈ ਪ੍ਰੇਰਿਤ ਕੀਤਾ ਜਾ ਸਕੇ। ਇਸ ਦੌੜ ਸੰਬੰਧੀ ਇੱਕ ਟੀ-ਸ਼ਰਟ ਅੱਜ ਡਿਪਟੀ ਕਮਿਸ਼ਨਰ ਸ੍ਰੀ ਪ੍ਰਦੀਪ ਕੁਮਾਰ ਅਗਰਵਾਲ ਨੇ ਲਾਂਚ ਕੀਤੀ। ਇਸ ਦੌਰਾਨ ਇਸ ਸੰਬੰਧੀ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਮੀਟਿੰਗ ਦਾ ਵੀ ਆਯੋਜਨ ਕੀਤਾ ਗਿਆ, ਜਿਸ ਵਿੱਚ ਸਾਰੇ ਸੰਬੰਧਤ ਅਧਿਕਾਰੀਆਂ ਨੇ ਸ਼ਮੂਲੀਅਤ ਕੀਤੀ।
ਸ੍ਰੀ ਅਗਰਵਾਲ ਨੇ ਦੱਸਿਆ ਕਿ ਮੈਰਾਥਨ ਦੌੜ ਕਰਵਾਉਣ ਦਾ ਮੁੱਖ ਨਿਸ਼ਾਨਾ ਲੋਕਾਂ ਨੂੰ ਵੋਟ ਦੇ ਅਧਿਕਾਰ ਦੀ ਮਹੱਤਤਾ ਤੋਂ ਜਾਣੂ ਕਰਵਾਉਣਾ ਅਤੇ ਵੋਟ ਦੇ ਅਧਿਕਾਰ ਦੀ ਵੱਧ ਤੋਂ ਵੱਧ ਵਰਤੋਂ ਲਈ ਪ੍ਰੇਰਿਤ ਕਰਨਾ ਹੈ। ਉਹਨਾਂ ਦੱਸਿਆ ਕਿ ਮੈਰਾਥਨ ਦੌੜ 5 ਕਿਲੋਮੀਟਰ (ਲੜਕੀਆਂ) ਅਤੇ 10 ਕਿਲੋਮੀਟਰ (ਲੜਕੇ) ਵਿੱਚ ਹੋਵੇਗੀ।
ਸ੍ਰੀ ਸਾਗਰ ਸੇਤੀਆ ਆਈ.ਏ.ਐਸ. (ਅੰਡਰ ਟ੍ਰੇਨਿੰਗ) ਨੇ ਕਿਹਾ ਕਿ ਉਮੀਦ ਕੀਤੀ ਜਾ ਰਹੀ ਹੈ ਕਿ 2500 ਤੋਂ ਵੱਧ ਦੀ ਗਿਣਤੀ ਵਿੱਚ ਲੋਕ ਇਸ ਦੌੜ ਵਿੱਚ ਭਾਗ ਲੈਣਗੇ। ਉਹਨਾਂ ਦੱਸਿਆ ਕਿ ਭਾਗ ਲੈਣ ਵਾਲਿਆਂ ਨੂੰ ਟੀ-ਸ਼ਰਟ, ਰਿਫਰੈਸ਼ਮੈਂਟ ਅਤੇ ਨਗਦ ਇਨਾਮ ਦਿੱਤੇ ਜਾਣਗੇ। ਉਹਨਾਂ ਦੱਸਿਆ ਕਿ ਹਰੇਕ ਵਰਗ ਵਿੱਚੋਂ ਪਹਿਲੇ 10 ਜੇਤੂਆਂ ਨੂੰ ਕੁੱਲ ਇੱਕ ਲੱਖ ਰੁਪਏ ਦੇ ਨਗਦ ਇਨਾਮ ਅਤੇ ਪਹਿਲੇ 10 ਜੇਤੂਆਂ ਨੂੰ ਮੈਡਲ ਵੀ ਦਿੱਤੇ ਜਾਣਗੇ। ਭਾਗ ਲੈਣ ਵਾਲੇ ਸਾਰੇ ਪ੍ਰਤੀਯੋਗੀਆਂ ਨੂੰ ਸਰਟੀਫਿਕੇਟ ਦਿੱਤੇ ਜਾਣਗੇ। ਉਹਨਾਂ ਦੱਸਿਆ ਕਿ ਮੈਰਾਥਨ ਦੌੜ ਜਿਮਨੇਜ਼ੀਅਮ ਹਾਲ ਪੀ.ਏ.ਯੂ ਤੋਂ ਸ਼ੁਰੂ ਅਤੇ ਖਤਮ ਹੋਵੇਗੀ।
ਡਾ. ਪੂਨਮ ਪ੍ਰੀਤ ਕੌਰ ਸਹਾਇਕ ਕਮਿਸ਼ਨਰ (ਸ਼ਿਕਾਇਤਾਂ) ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਵੱਧ ਤੋਂ ਵੱਧ ਗਿਣਤੀ ਵਿੱਚ ਇਸ ਦੌੜ 'ਚ ਭਾਗ ਲੈਣ। ਉਹਨਾਂ ਦੱਸਿਆ ਕਿ ਦੌੜ ਵਿੱਚ ਹਿੱਸਾ ਲੈਣ ਲਈ ਫੋਨ ਨੰ 92162-77487 ਜਾਂ 98888-44723 'ਤੇ ਸੰਪਰਕ ਕੀਤਾ ਜਾ ਸਕਦਾ ਹੈ। ਉਹਨਾਂ ਦੱਸਿਆ ਕਿ ਇਸ ਦੌੜ ਵਿੱਚ ਭਾਗ ਲੈਣ ਦੇ ਚਾਹਵਾਨ 31 ਮਾਰਚ ਨੂੰ ਮੌਕੇ 'ਤੇ ਆ ਕੇ ਵੀ ਆਪਣੀ ਰਜਿਸਟ੍ਰੇਸ਼ਨ ਕਰਵਾ ਸਕਦੇ ਹਨ।