ਫਰੀਦਕੋਟ/ਲੁਧਿਆਣਾ, 15 ਮਈ 2019: ਬੇਅਦਬੀ ਦੇ ਮਾਮਲੇ 'ਤੇ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਗੱਠਜੋੜ 'ਤੇ ਵਰ੍ਹਦਿਆਂ ਕਾਂਗਰਸ ਦੇ ਪ੍ਰਧਾਨ ਰਾਹੁਲ ਗਾਂਧੀ ਨੇ ਪਵਿੱਤਰ ਧਾਰਮਿਕ ਗ੍ਰੰਥਾਂ ਦੇ ਬੇਅਦਬੀ ਦੇ ਮਾਮਲਿਆਂ ਅਤੇ ਬਰਗਾੜੀ ਘਟਨਾ ਦੇ ਦੋਸ਼ੀਆਂ ਵਿਰੁੱਧ ਸਖ਼ਤ ਕਾਰਵਾਈ ਦੀ ਚਿਤਾਵਨੀ ਦਿੱਤੀ। ਉਨ੍ਹਾਂ ਕਿਹਾ ਕਿ ਇਹ ਜੁਰਮ ਕਰਨ ਵਾਲਿਆਂ ਅਤੇ ਇਸ ਤੋਂ ਬਾਅਦ ਪੁਲੀਸ ਗੋਲੀਬਾਰੀ ਦੀਆਂ ਵਾਪਰੀਆਂ ਘਟਨਾਵਾਂ ਦੇ ਸਬੰਧ ਵਿੱਚ ਕਿਸੇ ਨੂੰ ਵੀ ਮੁਆਫ਼ ਨਹੀਂ ਕੀਤਾ ਜਾਵੇਗਾ।
ਬਹਿਬਲ ਕਲਾਂ ਅਤੇ ਕੋਟਕਪੂਰਾ ਦੀਆਂ ਗੋਲੀ ਦੀਆਂ ਘਟਨਾਵਾਂ ਅਤੇ ਬੇਅਦਬੀ ਦੇ ਮਾਮਲਿਆਂ ਦੌਰਾਨ ਇਸ ਖਿੱਤੇ ਦੇ ਆਪਣੇ ਪਿਛਲੇ ਦੌਰੇ ਨੂੰ ਯਾਦ ਕਰਦੇ ਹੋਏ ਰਾਹੁਲ ਗਾਂਧੀ ਨੇ ਕਿਹਾ ਕਿ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਕਰਨ ਵਾਲੇ ਕਿਸੇ ਵੀ ਰਹਿਮਦਿਲੀ ਦੇ ਹੱਕਦਾਰ ਨਹੀਂ ਹਨ।
ਫਰੀਦਕੋਟ ਤੋਂ ਕਾਂਗਰਸ ਦੇ ਉਮੀਦਵਾਰ ਮੁਹੰਮਦ ਸਦੀਕ ਅਤੇ ਲੁਧਿਆਣਾ ਤੋਂ ਰਵਨੀਤ ਸਿੰਘ ਬਿੱਟੂ ਦੇ ਸਮਰਥਨ ਵਿੱਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਰੈਲੀਆਂ ਨੂੰ ਸੰਬੋਧਨ ਕਰਦੇ ਹੋਏ ਰਾਹੁਲ ਗਾਂਧੀ ਨੇ ਪੰਜਾਬ ਅਤੇ ਬਾਕੀ ਭਾਰਤ ਨੂੰ ਬੇਇਜ਼ਤ ਕਰਨ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਤਿੱਖੇ ਹਮਲੇ ਕੀਤੇ। ਪਿਛਲੇ 70 ਸਾਲ ਦੌਰਾਨ ਕੋਈ ਵੀ ਵਿਕਾਸ ਨਾ ਹੋਣ ਅਤੇ ਉਨ੍ਹਾਂ ਦੇ ਸੱਤਾ ਵਿੱਚ ਆਉਣ ਤੋਂ ਬਾਅਦ ਦੇਸ਼ ਦੇ ਜਾਗਣ ਸਬੰਧੀ ਮੋਦੀ ਦੇ ਦਾਅਵੇ ਨੂੰ ਰਾਹੁਲ ਗਾਂਧੀ ਨੇ ਬੁਰੀ ਤਰ੍ਹਾਂ ਲਤਾੜਿਆ।
ਪ੍ਰਧਾਨ ਮੰਤਰੀ ਵੱਲੋਂ ਸਿਰਫ਼ ਉਨ੍ਹਾਂ ਦੁਆਰਾ ਹੀ ਦੇਸ਼ ਨੂੰ ਚਲਾ ਸਕਣ ਦੇ ਕੀਤੇ ਜਾ ਰਹੇ ਦਾਅਵਿਆਂ ਦੇ ਸਬੰਧ ਵਿੱਚ ਰਾਹੁਲ ਗਾਂਧੀ ਨੇ ਮੋਦੀ ਨੂੰ ਪੁਛਿਆ,''ਉਦੋਂ ਤੁਸੀਂ ਕਿੱਥੇ ਸੀ ਜਦੋਂ ਪੰਜਾਬ ਦੇ ਕਿਸਾਨਾਂ ਨੇ ਹਰੀ ਕ੍ਰਾਂਤੀ ਲਿਆਂਦੀ?'' ਉਨ੍ਹਾਂ ਕਿਹਾ ਕਿ ਭਾਰਤ ਦੇ ਲੋਕ ਆਪਣੇ ਖੂਨ ਅਤੇ ਪਸੀਨੇ ਨਾਲ ਦੇਸ਼ ਨੂੰ ਚਲਾ ਰਹੇ ਹਨ। ਉਨ੍ਹਾਂ ਕਿਹਾ ਕਿ ਕਾਂਗਰਸ, ਦੇਸ਼ ਦੇ ਵਿਕਾਸ ਲਈ ਜਾਤ, ਧਰਮ, ਭਾਈਚਾਰੇ ਦੀ ਥਾਂ ਹਰੇਕ ਭਾਰਤੀ ਨੂੰ ਆਪਣੇ ਨਾਲ ਲੈਣ ਵਿੱਚ ਵਿਸ਼ਵਾਸ ਰੱਖਦੀ ਹੈ।
ਰੁਜ਼ਗਾਰ ਉਤਪਤੀ ਅਤੇ ਕਿਸਾਨਾਂ ਦੀ ਭਲਾਈ ਕਾਂਗਰਸ ਪਾਰਟੀ ਦੀਆਂ ਮੁੱਖ ਤਰਜੀਹਾਂ ਹੋਣ ਦੀ ਗੱਲ ਦੁਹਰਾਉਂਦੇ ਹੋਏ ਰਾਹੁਲ ਗਾਂਧੀ ਨੇ ਲੁਧਿਆਣਾ ਦੇ ਲੋਕਾਂ ਨਾਲ ਵਾਅਦਾ ਕੀਤਾ ਕਿ ਉਨ੍ਹਾਂ ਦੀ ਪਾਰਟੀ ਛੋਟੇ ਅਤੇ ਦਰਮਿਆਨੇ ਵਪਾਰ ਦੀ ਮੁੜ ਸੁਰਜੀਤੀ ਕਰੇਗੀ। ਉਨ੍ਹਾਂ ਕਿਹਾ ਕਿ 'ਮੇਡ ਇਨ ਲੁਧਿਆਣਾ' ਤੋਂ ਬਿਨਾਂ ਭਾਰਤ, ਚੀਨ ਨੂੰ ਚੁਣੌਤੀ ਨਹੀਂ ਦੇ ਸਕਦਾ। ਉਨ੍ਹਾਂ ਕਿਹਾ ਕਿ 'ਮੇਡ ਇਨ ਲੁਧਿਆਣਾ', 'ਮੇਕ ਇਨ ਇੰਡੀਆ' ਦਾ ਅਨਿੱਖਵਾਂ ਹਿੱਸਾ ਹੋਵੇਗਾ। ਉਨ੍ਹਾਂ ਕਿਹਾ ਕਿ ਛੋਟੇ ਅਤੇ ਦਰਮਿਆਨੇ ਵਪਾਰ ਦੀ ਮੁੜ ਸੁਰਜੀਤੀ ਤੋਂ ਬਿਨਾਂ ਰੁਜ਼ਗਾਰ ਉਤਪਤੀ ਵਿੱਚ ਵੀ ਸਫ਼ਲਤਾ ਨਹੀਂ ਮਿਲ ਸਕਦੀ। ਕਾਂਗਰਸ ਦੇ ਚੋਣ ਮੈਨੀਫੈਸਟੋ ਵਿੱਚ ਨੌਜਵਾਨਾਂ ਦੇ ਰੁਜ਼ਗਾਰ ਦਾ ਵਾਅਦਾ ਅਤੇ ਕਿਸਾਨਾਂ ਲਈ ਵੱਖਰੇ ਬਜਟ ਦਾ ਵਾਅਦਾ ਕਰਦੇ ਹੋਏ ਰਾਹੁਲ ਗਾਂਧੀ ਨੇ 'ਨਿਆਏ' ਦੀ ਚਰਚਾ ਕਰਦਿਆਂ ਕਿਹਾ ਕਿ ਮੋਦੀ ਸਰਕਾਰ ਨਾ ਕੇਵਲ ਸਾਰੇ ਮੋਰਚਿਆਂ 'ਤੇ ਅਸਫਲ ਹੋ ਚੁੱਕੀ ਹੈ ਸਗੋਂ ਇਸ ਨੇ ਮੁੱਠੀ ਭਰ ਅਮੀਰ ਉਦਯੋਗਪਤੀਆਂ ਦੀ ਮਦਦ ਲਈ ਆਮ ਲੋਕਾਂ ਦੀਆਂ ਜੇਬਾਂ ਵਿਚੋਂ ਪੈਸਾ ਚੋਰੀ ਕੀਤਾ ਹੈ। ਇਨ੍ਹਾਂ ਮੁੱਠੀ ਭਰ ਅਮੀਰ ਉਦਯੋਗਪਤੀਆਂ ਵਿੱਚੋਂ ਕੁਝ ਤਾਂ ਦੇਸ਼ ਛੱਡ ਕੇ ਹੀ ਭੱਜ ਗਏ ਹਨ ਜਿਨ੍ਹਾਂ ਨੂੰ ਕਰੋੜਾਂ ਰੁਪਏ ਦੇ ਕਰਜ਼ਈ ਹੋਣ ਦੇ ਬਾਵਜੂਦ ਜੇਲ੍ਹਾਂ ਵਿੱਚ ਨਹੀਂ ਤਾੜਿਆ ਗਿਆ।
ਮੋਦੀ ਦੇ 'ਅੱਛੇ ਦਿਨਾਂ ਦੇ ਵਾਅਦਿਆਂ' 'ਤੇ ਸਵਾਲ ਖੜ੍ਹੇ ਕਰਦੇ ਹੋਏ ਕਾਂਗਰਸ ਪਾਰਟੀ ਦੇ ਪ੍ਰਧਾਨ ਨੇ ਕਿਹਾ ਕਿ ਹੁਣ ਪੰਜ ਸਾਲ ਬਾਅਦ ਮੋਦੀ ਇਸ ਵਿਸ਼ੇ 'ਤੇ ਕੋਈ ਗੱਲ ਨਹੀਂ ਕਰ ਰਿਹਾ। ਉਹ ਨੌਕਰੀਆਂ, ਹਰੇਕ ਦੇ ਬੈਂਕ ਖਾਤਿਆਂ ਵਿੱਚ 15-15 ਲੱਖ ਰੁਪਏ ਪਾਉਣ ਅਤੇ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਵਾਅਦਿਆਂ ਰਾਹੀਂ ਸੱਤਾ ਵਿੱਚ ਆਇਆ ਸੀ ਪਰ ਇਸ ਸਬੰਧ ਵਿੱਚ ਉਸ ਨੇ ਕੁਝ ਵੀ ਨਹੀਂ ਕੀਤਾ। ਡਾ. ਮਨਮੋਹਨ ਸਿੰਘ ਅਤੇ ਉਨ੍ਹਾਂ ਦੀਆਂ ਅਗਾਂਹਵਧੂ ਆਰਥਿਕ ਨੀਤੀਆਂ ਦਾ ਮਜ਼ਾਕ ਬਣਾਉਣ ਵਾਲਾ ਮੋਦੀ ਪੰਜ ਸਾਲਾਂ ਵਿੱਚ ਹੀ ਇਕ ਲਤੀਫਾ ਬਣ ਗਿਆ ਹੈ। ਉਸ ਨੇ ਝੂਠ ਬੋਲ ਕੇ ਅਤੇ ਧੋਖੇ ਦੇ ਨਾਲ ਦੇਸ਼ ਨੂੰ ਛਲਿਆ ਹੈ। ਉਨ੍ਹਾਂ ਕਿਹਾ ਕਿ ਮੋਦੀ ਨੇ ਦੇਸ਼ ਦੀ ਆਰਥਿਕਤਾ ਨੂੰ ਤਬਾਹ ਕਰ ਦਿੱਤਾ ਹੈ ਜਿਸ ਨੂੰ 'ਨਿਆਏ' ਦੇ ਨਾਲ ਮੁੜ ਸੁਰਜੀਤ ਕੀਤਾ ਜਾਵੇਗਾ।
'ਨਿਆਏ' ਦੇ ਲਈ ਕੋਈ ਵੀ ਫੰਡ ਨਾ ਹੋਣ ਦੇ ਮੋਦੀ ਦੇ ਦਾਅਵੇ ਦੇ ਉਲਟ ਰਾਹੁਲ ਗਾਂਧੀ ਨੇ ਕਿਹਾ ਕਿ ਕਾਂਗਰਸ ਅਨਿਲ ਅੰਬਾਨੀ, ਨੀਰਵ ਮੋਦੀ, ਲਲਿਤ ਮੋਦੀ, ਵਿਜੇ ਮਾਲਿਆ, ਚੌਕਸੀ ਆਦਿ ਵਰਗੇ ਚੋਰਾਂ ਕੋਲੋਂ ਧਨ ਵਾਪਸ ਲਿਆਵੇਗੀ।
ਕਾਂਗਰਸ ਪ੍ਰਧਾਨ ਨੇ ਰਾਫੇਲ ਸੌਦਾ ਅਤੇ ਇਸ ਉਪਰ ਬਹਿਸ ਲਈ ਉਨ੍ਹਾਂ ਦੀ ਚੁਣੌਤੀ ਨਾ ਕਬੂਲਣ ਸਮੇਤ ਨੋਟਬੰਦੀ ਵਰਗੇ ਵਿੱਤੀ ਪਾਗਲਪਨ ਜਿਹੇ ਮੁੱਦਿਆਂ 'ਤੇ ਮੋਦੀ ਨੂੰ ਆੜੇ ਹੱਥੀਂ ਲਿਆ। ਰਾਹੁਲ ਗਾਂਧੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਅਜਿਹਾ ਕਰਨ ਤੋਂ ਭੈਅ ਖਾਂਦੇ ਹਨ ਕਿਉਂਕਿ 15 ਮਿੰਟ ਦੀ ਬਹਿਸ ਕਰਨ ਤੋਂ ਬਾਅਦ ਉਹ ਲੋਕਾਂ ਨੂੰ ਆਪਣਾ ਚਿਹਰਾ ਨਹੀਂ ਦਿਖਾ ਸਕਣਗੇ।
ਕਾਂਗਰਸੀ ਪ੍ਰਧਾਨ ਨੇ ਕਿਹਾ ਕਿ ਯੋਜਨਾਬੱਧ ਸਵਾਲਾਂ ਦੇ ਤਿਆਰ ਕੀਤੇ ਜਵਾਬ ਨਾਲ ਪਹਿਲਾਂ ਹੀ ਲਿਖੀਆਂ ਮੀਡੀਆ ਇੰਟਰਵਿਊ 'ਤੇ ਮੋਦੀ ਦੇ ਚਿਹਰੇ 'ਤੇ ਡਰ ਦਿਸਦਾ ਹੈ। ਉਨ੍ਹਾਂ ਨੇ ਪ੍ਰਧਾਨ ਮੰਤਰੀ ਦੀ 'ਨਿੱਜੀ' ਇੰਟਰਵਿਊ ਦੀ ਖਿੱਲੀ ਉਡਾਈ ਜਿਸ ਵਿੱਚ ਉਹ ਬਿਨਾਂ ਸਿਰ-ਪੈਰ ਦੀਆਂ ਗੱਲਾਂ ਕਰਦੇ ਹਨ ਜਿਵੇਂ ਉਨ੍ਹਾਂ ਨੇ ਅੰਬ ਕਿਵੇਂ ਖਾਧੇ ਅਤੇ ਉਹ ਆਪਣੇ ਅਟੈਚੀ ਵਿੱਚ ਕੱਪੜੇ ਕਿਵੇਂ ਫਿੱਟ ਕਰਦੇ ਹਨ। ਉਨ੍ਹਾਂ ਕਿਹਾ ਕਿ ਨੋਟਬੰਦੀ ਦਾ ਮਕਸਦ ਕਾਲਾ ਧਨ ਖਤਮ ਕਰਨਾ ਨਹੀਂ ਸੀ ਸਗੋਂ ਲੁਧਿਆਣਾ ਅਤੇ ਹੋਰ ਥਾਵਾਂ 'ਤੇ ਛੋਟੀ ਅਤੇ ਮੱਧਮ ਦਰਜੇ ਦੀ ਸਨਅਤ ਨੂੰ ਤਬਾਹ ਕਰਨਾ ਸੀ।
ਮੋਦੀ ਵੱਲੋਂ ਉਨ੍ਹਾਂ ਦੇ ਪਰਿਵਾਰ (ਨਹਿਰੂ-ਗਾਂਧੀ) ਉਪਰ ਨਿੱਜੀ ਹਮਲੇ ਕਰਨ 'ਤੇ ਸਖ਼ਤ ਆਲੋਚਨਾ ਕਰਦਿਆਂ ਰਾਹੁਲ ਗਾਂਧੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੂੰ ਇਹ ਵੀ ਨਹੀਂ ਪਤਾ ਕਿ ਉਹ ਕੀ ਕਹਿ ਰਹੇ ਹਨ ਅਤੇ ਉਹ ਸਿਰਫ ਬੋਲਣ ਲਈ ਹੀ ਬੋਲ ਰਹੇ ਹਨ। ਉਨ੍ਹਾਂ ਕਿਹਾ,''ਮੈਂ ਪ੍ਰਧਾਨ ਮੰਤਰੀ ਦੀ ਨਫ਼ਰਤ ਦਾ ਮੁਕਾਬਲਾ ਪਿਆਰ ਨਾਲ ਕਰਾਂਗਾ ਕਿਉਂ ਜੋ ਇਹ ਸਾਡੇ ਡੀ.ਐਨ.ਏ. ਵਿੱਚ ਹੈ ਅਤੇ ਇਹ ਮੈਂ ਪੰਜਾਬ ਦੇ ਲੋਕਾਂ ਤੋਂ ਸਿੱਖਿਆ ਅਤੇ ਇਹੋ ਸੰਦੇਸ਼ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਦਿੱਤਾ।''
ਆਪਣੇ ਸੰਬੋਧਨ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਲੋਕਾਂ ਉਪਰ ਇਹ ਫੈਸਲਾ ਛੱਡਦਿਆਂ ਕਿਹਾ ਕਿ ਕੀ ਉਹ ਮੌਜੂਦਾ ਪ੍ਰਧਾਨ ਮੰਤਰੀ ਚਾਹੁੰਦੇ ਹਨ ਜੋ ਅਕਾਲੀਆਂ ਵਾਲੀ ਸੋਚ ਰੱਖਦਾ ਹੈ ਅਤੇ ਲੋਕਾਂ ਦਾ ਧੁਰਵੀਕਰਨ ਕਰਕੇ ਮੁਲਕ ਦੀਆਂ ਧਰਮ ਨਿਰਪੱਖ ਕਦਰਾਂ-ਕੀਮਤਾਂ ਨੂੰ ਖੇਰੂੰ-ਖੇਰੂੰ ਕਰਨ 'ਤੇ ਤੁਲਿਆ ਹੋਇਆ ਜਾਂ ਫਿਰ ਕੋਈ ਹੋਰ ਪ੍ਰਧਾਨ ਮੰਤਰੀ ਹੋਵੇ ਜੋ ਹਰ ਵੱਖ-ਵੱਖ ਧਰਮਾਂ ਅਤੇ ਜਾਤ ਦੇ ਲੋਕਾਂ ਦਾ ਭਾਰਤੀਆਂ ਵਜੋਂ ਸਤਿਕਾਰ ਕਰੇ।
ਮੁੱਖ ਮੰਤਰੀ ਨੇ ਪੰਜਾਬ ਦੀ ਆਰਥਿਕਤਾ ਦਾ ਭੱਠਾ ਬਿਠਾਉਣ ਲਈ ਅਕਾਲੀਆਂ ਦੀ ਸਖ਼ਤ ਆਲੋਚਨਾ ਕੀਤੀ ਜਦਕਿ ਉਨ੍ਹਾਂ ਦੀ ਸਰਕਾਰ ਸੀਮਿਤ ਵਸੀਲਿਆਂ ਦੇ ਬਾਵਜੂਦ ਵਿੱਤੀ ਸਥਿਤੀ ਨੂੰ ਮੁੜ ਮਜ਼ੂਬਤ ਬਣਾਉਣ ਦੀਆਂ ਕੋਸ਼ਿਸ਼ਾਂ ਕਰ ਰਹੀ ਹੈ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਵਿੱਤੀ ਸੰਕਟ ਦੇ ਬਾਵਜੂਦ ਉਨ੍ਹਾਂ ਦੀ ਸਰਕਾਰ ਨੇ ਕਿਸਾਨਾਂ ਲਈ ਕਰਜ਼ਾ ਮੁਆਫੀ ਸਕੀਮ ਚਾਲੂ ਕੀਤੀ ਅਤੇ ਪੰਜਾਬ ਇਕੋ-ਇਕ ਸੂਬਾ ਹੈ ਜਿੱਥੇ ਕਿਸਾਨਾਂ ਦਾ 2-2 ਲੱਖ ਰੁਪਏ ਦਾ ਕਰਜ਼ਾ ਮੁਆਫ ਕੀਤਾ ਗਿਆ ਹੈ। ਉਨ੍ਹਾਂ ਨੇ ਆਪਣੀ ਮੰਗ ਨੂੰ ਦੁਹਰਾਉਂਦਿਆਂ ਆਖਿਆ ਕਿ ਖੇਤੀ ਨੂੰ ਲਾਹੇਵੰਦ ਬਣਾਉਣ ਦਾ ਇਕਮਾਤਰ ਹੱਲ ਐਮ.ਐਸ. ਸਵਾਮੀਨਾਥਨ ਕਮੇਟੀ ਦੀ ਰਿਪੋਰਟ ਨੂੰ ਹੂ-ਬ-ਹੂ ਲਾਗੂ ਕਰਨਾ ਹੈ।
ਇਸ ਮੌਕੇ ਕੈਪਟਨ ਅਮਰਿੰਦਰ ਸਿੰਘ ਨੇ ਉਨ੍ਹਾਂ ਦੀ ਸਰਕਾਰ ਵੱਲੋਂ ਸਨਅਤ ਦੀ ਸੁਰਜੀਤੀ, ਰੁਜ਼ਗਾਰ ਦੇ ਮੌਕੇ ਪੈਦਾ ਕਰਨ ਅਤੇ ਸਮਾਜ ਦੇ ਸਾਰੇ ਤਬਕਿਆਂ ਦਾ ਪੱਧਰ ਉਚਾ ਚੁੱਕਣ ਲਈ ਕੀਤੇ ਯਤਨਾਂ ਦਾ ਜ਼ਿਕਰ ਕਰਦਿਆਂ ਐਲਾਨ ਕੀਤਾ ਕਿ ਲੋਕਾਂ ਨਾਲ ਕੀਤਾ ਹਰ ਵਾਅਦਾ ਪੂਰਾ ਕੀਤਾ ਜਾਵੇਗਾ। ਮੁੱਖ ਮੰਤਰੀ ਨੇ ਕਿਹਾ ਕਿ ਜਦੋਂ ਰਾਹੁਲ ਗਾਂਧੀ ਪ੍ਰਧਾਨ ਮੰਤਰੀ ਬਣੇ ਤਾਂ ਉਨ੍ਹਾਂ ਨੂੰ ਪੰਜਾਬ ਦੀ ਸਨਅਤ ਨੂੰ ਮੁੜ ਪੈਰਾਂ-ਸਿਰ ਕਰਨ ਲਈ ਮਦਦ ਦੀ ਅਪੀਲ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਦੀ ਮਦਦ ਨਾਲ ਸੂਬੇ ਦੇ ਵਿਕਾਸ ਨੂੰ ਹੋਰ ਵੱਡਾ ਹੁਲਾਰਾ ਮਿਲੇਗਾ।
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਇਨ੍ਹਾਂ ਚੋਣਾਂ ਨੇ ਪੰਜਾਬ ਅਤੇ ਮੁਲਕ ਦਾ ਭਵਿੱਖ ਤੈਅ ਕਰਨਾ ਹੈ ਜਿਸ ਕਰਕੇ ਉਨ੍ਹਾਂ ਨੇ ਲੋਕਾਂ ਨੂੰ 'ਪਾਖੰਡੀ' ਸਰਕਾਰ ਨੂੰ ਸੱਤਾ ਤੋਂ ਲਾਂਭੇ ਕਰਨ ਦੀ ਅਪੀਲ ਕੀਤੀ।
ਮੁੱਖ ਮੰਤਰੀ ਨੇ ਸੂਬੇ ਦੇ ਸਰਕਾਰੀ ਸਕੂਲਾਂ ਦੇ ਨਤੀਜਿਆਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਉਨ੍ਹਾਂ ਨੂੰ ਭਰੋਸਾ ਦਿੱਤਾ ਕਿ ਸਿੱਖਿਆ ਦੇ ਬੁਨਿਆਦੀ ਢਾਂਚੇ ਅਤੇ ਹੋਰ ਸਹੂਲਤਾਂ ਲਈ ਸਰਕਾਰ ਵੱਲੋਂ ਨਿਵੇਸ਼ ਜਾਰੀ ਰੱਖਿਆ ਜਾਵੇਗਾ।