← ਪਿਛੇ ਪਰਤੋ
ਅੰਮ੍ਰਿਤਸਰ, 15 ਮਈ 2019: ਆਨਲਾਈਨ ਖ਼ਰੀਦਦਾਰੀ ਵਾਲੀ ‘ਰੈਡਬਬਲ’ ਨਾਂ ਦੀ ਇੱਕ ਵੈੱਬਸਾਈਟ ਵੱਲੋਂ ਔਰਤਾਂ ਦੇ ਰੈਡੀਮੇਡ ਕੱਪੜਿਆਂ ’ਤੇ ਪਾਵਨ ਗੁਰਬਾਣੀ ਵਿੱਚੋਂ ‘ਇੱਕ ਓਅੰਕਾਰ’ ਛਾਪਣ ’ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਵੱਲੋਂ ਸਖ਼ਤ ਇਤਰਾਜ਼ ਪ੍ਰਗਟ ਕੀਤਾ ਗਿਆ ਹੈ। ਇਕ ਅਖ਼ਬਾਰ ਵਿਚ ਇਸ ਸਬੰਧੀ ਖ਼ਬਰ ਛਪਣ ਮਗਰੋਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਵੈੱਬਸਾਈਟ ਦੀ ਹਰਕਤ ਨੂੰ ਸਿੱਖ ਭਾਵਨਾਵਾਂ ਨਾਲ ਖਿਲਵਾੜ ਕਰਨ ਵਾਲੀ ਕਾਰਵਾਈ ਕਰਾਰ ਦਿੱਤਾ ਹੈ। ਸ਼੍ਰੋਮਣੀ ਕਮੇਟੀ ਦਫ਼ਤਰ ਤੋਂ ਜਾਰੀ ਕੀਤੇ ਗਏ ਇਕ ਪ੍ਰੈੱਸ ਬਿਆਨ ਵਿਚ ਭਾਈ ਲੌਂਗੋਵਾਲ ਨੇ ਆਖਿਆ ਕਿ ਇਹ ਹਰਕਤ ਸਿੱਖੀ ਸਿਧਾਂਤਾਂ ਅਤੇ ਰਵਾਇਤਾਂ ਨੂੰ ਢਾਹ ਲਗਾਉਣ ਵਾਲੀ ਹੈ, ਜਿਸ ਨਾਲ ਸਿੱਖ ਜਗਤ ਵਿਚ ਰੋਸ ਫੈਲਿਆ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਵੱਲੋਂ ਇਸ ਕੰਪਨੀ ਨੂੰ ਕਾਨੂੰਨੀ ਨੋਟਿਸ ਭੇਜਣ ਲਈ ਸਬੰਧਤ ਅਧਿਕਾਰੀਆਂ ਨੂੰ ਆਖਿਆ ਗਿਆ ਹੈ। ਉਨ੍ਹਾਂ ਅਜਿਹੀਆਂ ਮੰਦਭਾਗੀਆਂ ਹਰਕਤਾਂ ’ਤੇ ਚਿੰਤਾ ਪ੍ਰਗਟ ਕਰਦਿਆਂ ਆਖਿਆ ਕਿ ਕੁਝ ਲੋਕ ਜਾਣਬੁੱਝ ਕੇ ਅਜਿਹਾ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਵੀ ਕੁਝ ਸਾਈਟਾਂ ’ਤੇ ਸਿੱਖ ਵਿਰੋਧੀ ਕਾਰਵਾਈ ਦੇ ਮਾਮਲੇ ਸਾਹਮਣੇ ਆਏ ਸਨ ਅਤੇ ਸ਼੍ਰੋਮਣੀ ਕਮੇਟੀ ਵੱਲੋਂ ਕਾਰਵਾਈ ਕਰਨ ’ਤੇ ਸਬੰਧਤਾਂ ਨੇ ਖੇਦ ਪ੍ਰਗਟ ਕੀਤਾ ਸੀ। ਉਨ੍ਹਾਂ ਕਿਹਾ ਕਿ ਇਕ ਵਾਰ ਫਿਰ ਰੈਡਬਬਲ ਨਾਂ ਦੀ ਇਸ ਵੈੱਬਸਾਈਟ ਵੱਲੋਂ ‘ੴ ਅਤੇ ਹੋਰ ਧਾਰਮਿਕ ਚਿੰਨ੍ਹ ਛਾਪ ਕੇ ਸੰਗਤ ਦੇ ਹਿਰਦਿਆਂ ਨੂੰ ਸੱਟ ਮਾਰੀ ਹੈ। ਉਨ੍ਹਾਂ ਕਿਹਾ ਕਿ ਇਸ ਹਰਕਤ ਵਿਰੁੱਧ ਸ਼੍ਰੋਮਣੀ ਕਮੇਟੀ ਸਖ਼ਤ ਕਾਰਵਾਈ ਕਰੇਗੀ। ਉਨ੍ਹਾਂ ਸਰਕਾਰਾਂ ਅਤੇ ਸਾਈਬਰ ਕਰਾਈਮ ਵਿਭਾਗ ਨੂੰ ਵੀ ਚੁਸਤ ਹੋਣ ਲਈ ਆਖਿਆ ਹੈ। ਭਾਈ ਲੌਂਗੋਵਾਲ ਨੇ ਕਿਹਾ ਕਿ ਅਜਿਹੀਆਂ ਹਰਕਤਾਂ ਬਾਰ-ਬਾਰ ਸਾਹਮਣੇ ਆਉਣ ਦੇ ਬਾਵਜੂਦ ਵੀ ਸਰਕਾਰਾਂ ਦਾ ਚੁੱਪ ਰਹਿਣਾ ਚਿੰਤਾ ਦਾ ਵਿਸ਼ਾ ਹੈ। ਉਨ੍ਹਾਂ ਕਿਹਾ ਕਿ ਚਾਹੀਦਾ ਤਾਂ ਇਹ ਹੈ ਕਿ ਸਰਕਾਰਾਂ ਵੱਲੋਂ ਆਪਣੇ ਤੰਤਰ ਰਾਹੀਂ ਅਜਿਹੇ ਲੋਕਾਂ ’ਤੇ ਨਿਗ੍ਹਾ ਰੱਖੀ ਜਾਵੇ ਅਤੇ ਜੇਕਰ ਕੋਈ ਅਜਿਹਾ ਕਰਦਾ ਹੈ ਤਾਂ ਉਸ ਵਿਰੁੱਧ ਤੁਰੰਤ ਸਖ਼ਤ ਤੋਂ ਸਖ਼ਤ ਕਾਰਵਾਈ ਅਮਲ ਵਿਚ ਲਿਆਂਦੀ ਜਾਵੇ।
Total Responses : 267