ਗੁਰਦਾਸਪੁਰ ਵਿਖੇ ਚੋਣ ਪ੍ਰਚਾਰ ਕਰਦੇ ਜਾਖੜ ਅਤੇ ਨਾਲ ਬਰਿੰਦਰਮੀਤ ਪਾਹੜਾ
ਲੋਕੇਸ਼ ਰਿਸ਼ੀ
ਗੁਰਦਾਸਪੁਰ, 05 ਮਈ 2019 - ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਤੇ ਗੁਰਦਾਸਪੁਰ ਤੋਂ ਲੋਕ ਸਭਾ ਉਮੀਦਵਾਰ ਸੁਨੀਲ ਜਾਖੜ ਨੇ ਅੱਜ ਗੁਰਦਾਸਪੁਰ ਵਿਧਾਨ ਸਭਾ ਹਲਕੇ ਵਿਚ ਚੋਣ ਪ੍ਰਚਾਰ ਦੌਰਾਨ ਕਿਹਾ ਕਿ ਗੁਰਦਾਸਪੁਰ ਅਤੇ ਪਠਾਨਕੋਟ ਜ਼ਿਲ੍ਹਿਆਂ ਦੇ ਬੁਨਿਆਦੀ ਢਾਂਚੇ ਦੇ ਵਿਕਾਸ ਦੇ ਨਾਲ ਨਾਲ ਇੱਥੇ ਉਦਯੋਗ ਸਥਾਪਿਤ ਕਰਨੇ ਹੀ ਉਨ੍ਹਾਂ ਦਾ ਮੁੱਖ ਏਜੰਡਾ ਹੈ। ਉਨ੍ਹਾਂ ਨੇ ਕਿਹਾ ਕਿ ਇਸ ਸਰਹੱਦੀ ਇਲਾਕੇ ਦੇ ਲੋਕਾਂ ਨੂੰ ਫ਼ਿਲਮੀ ਸਿਤਾਰਿਆਂ ਦੀ ਡਾਇਲਾਗ ਡਲਿਵਰੀ ਨਹੀਂ ਚਾਹੀਦੀ ਸਗੋਂ ਲੋਕਾਂ ਨੂੰ ਤਾਂ ਕੰਮ ਚਾਹੀਦਾ ਹੈ ਜੋ ਕਿ ਇਕ ਤਜਰਬੇਕਾਰ ਸਾਂਸਦ ਹੀ ਕਰਵਾ ਸਕਦਾ ਹੈ।
ਜਾਖੜ ਨੇ ਕਿਹਾ ਕਿ ਭਾਜਪਾ ਦੇ ਉਮੀਦਵਾਰ ਨੂੰ ਸਥਾਨਕ ਮੁਸ਼ਕਲਾਂ ਦੀ ਸਮਝ ਹੀ ਨਹੀਂ ਹੈ ਤਾਂ ਹੀ ਉਹ ਹਲਕੇ ਦੀਆਂ ਸਮੱਸਿਆਵਾਂ ਅਤੇ ਉਨ੍ਹਾਂ ਦੇ ਹੱਲ ਸਬੰਧੀ ਆਪਣਾ ਪੱਖ ਸਾਫ਼ ਕਰਨ ਦੀ ਬਜਾਏ ਰੋਡ ਸ਼ੋਅ ਕਰ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਪਿਛਲੇ 16 ਮਹੀਨਿਆਂ ਵਿਚ ਕੀਤੇ ਆਪਣੇ ਕੰਮ ਦੇ ਅਧਾਰ ਤੇ ਉਹ ਵੋਟਾਂ ਮੰਗ ਰਹੇ ਹਨ ਅਤੇ ਨਾਲ ਹੀ ਉਨ੍ਹਾਂ ਅਗਲੇ 5 ਸਾਲ ਵਿਚ ਹਲਕੇ ਦੇ ਵਿਕਾਸ ਦੀ ਨੀਤੀ ਵੀ ਵੋਟਰਾਂ ਨਾਲ ਚੋਣ ਬੈਠਕਾਂ ਦੌਰਾਨ ਸਾਂਝੀ ਕਰ ਰਹੇ ਹਨ।
ਜਾਖੜ ਨੇ ਕਿਹਾ ਕਿ ਇਸ ਛੋਟੇ ਜਿਹੇ ਕਾਰਜਕਾਲ ਦੌਰਾਨ ਉਨ੍ਹਾਂ ਨੇ 5 ਰੇਲਵੇ ਓਵਰ-ਅੰਡਰ ਬ੍ਰਿਜ ਦੇ ਨਿਰਮਾਣ ਸਬੰਧੀ ਕਾਰਵਾਈ ਪੂਰੀ ਕਰਵਾਈ ਹੈ। ਜਿਸ ਸਬੰਧੀ 172 ਕਰੋੜ ਰੁਪਏ ਦੀ ਪ੍ਰਵਾਨਗੀ ਪੰਜਾਬ ਸਰਕਾਰ ਨੇ ਰੇਲਵੇ ਨੂੰ ਦੇ ਦਿੱਤੀ ਹੈ। ਤਿੰਨ ਰੇਲ ਓਵਰ ਬ੍ਰਿਜ ਸਬੰਧੀ ਰੇਲਵੇ ਵੱਲੋਂ ਪ੍ਰਵਾਨਗੀ ਜਾਰੀ ਹੋਣ ਤੋਂ ਬਾਅਦ ਕੰਮ ਸ਼ੁਰੂ ਹੋ ਚੁੱਕਾ ਹੈ। ਜਿਸ ਵਿਚ ਦੀਨਾਨਗਰ ਦਾ ਆਰ.ਓ.ਬੀ. ਗੁਰਦਾਸਪੁਰ ਅਤੇ ਨਲੰਗਾ ਦਾ ਰੇਲਵੇ ਅੰਡਰ ਬ੍ਰਿਜ ਸ਼ਾਮਿਲ ਹੈ। ਜਦ ਕਿ ਪਠਾਨਕੋਟ ਅਤੇ ਸੁਜਾਨਪੁਰ ਵਿਚ ਵੀ ਅਜਿਹੇ ਆਰ.ਓ.ਬੀ. ਆਰ.ਯੂ.ਬੀ. ਦੇ ਨਿਰਮਾਣ ਸਬੰਧੀ ਕਾਰਵਾਈ ਚੱਲ ਰਹੀ ਹੈ । ਇਸੇ ਤਰਾਂ ਉਨ੍ਹਾਂ ਦੱਸਿਆ ਕਿ ਲਿੰਕ ਰੋਡ ਰਿਪੇਅਰ ਪ੍ਰੋਗਰਾਮ ਸਾਲ 2018-19 ਫ਼ੇਜ਼ ਇਕ ਤਹਿਤ ਗੁਰਦਾਸਪੁਰ ਲੋਕ ਸਭਾ ਹਲਕੇ ਵਿਚ 1361 ਕਿੱਲੋਮੀਟਰ ਸੜਕਾਂ ਦੀ 144 ਕਰੋੜ ਨਾਲ ਮੁਰੰਮਤ ਦਾ ਕੰਮ ਹੋ ਰਿਹਾ ਹੈ ਜਿਸ ਵਿਚੋਂ 749 ਕਿੱਲੋਮੀਟਰ ਸੜਕਾਂ ਦੀ ਮੁਰੰਮਤ ਹੋ ਚੁੱਕੀ ਹੈ ਜਦ ਕਿ ਬਾਕੀ ਦਾ ਕੰਮ ਪ੍ਰਗਤੀ ਅਧੀਨ ਹੈ। ਬਟਾਲਾ ਕਾਦੀਆਂ ਰੋਡ ਦੀ ਮੁਰੰਮਤ ਦਾ ਕੰਮ 4.40 ਕਰੋੜ ਰੁਪਏ ਨਾਲ ਅਤੇ ਗੁਰਦਾਸਪੁਰ ਮੁਕੇਰੀਆਂ ਰੋਡ ਦੀ ਮੁਰੰਮਤ ਦਾ ਕੰਮ 6.26 ਕਰੋੜ ਰੁਪਏ ਨਾਲ ਚੱਲ ਰਿਹਾ ਹੈ।
ਇਸ ਮੌਕੇ ਕਾਂਗਰਸ ਪਾਰਟੀ ਵੱਲੋਂ ਐਲਾਨੀ ਨਿਆਏ ਸਕੀਮ ਦਾ ਜ਼ਿਕਰ ਕਰਦਿਆਂ ਸ੍ਰੀ ਜਾਖੜ ਨੇ ਦੱਸਿਆ ਕਿ ਇਸ ਸਕੀਮ ਤਹਿਤ ਉਨ੍ਹਾਂ ਸਾਰੇ ਪਰਿਵਾਰਾਂ ਨੂੰ 6000 ਰੁਪਏ ਮਹੀਨਾ ਕੇਂਦਰੀ ਸਹਾਇਤਾ ਪਰਿਵਾਰ ਦੀ ਮਹਿਲਾ ਮੁਖੀ ਦੇ ਬੈਂਕ ਖਾਤੇ ਵਿਚ ਮਿਲੇਗੀ ਜਿਨ੍ਹਾਂ ਪਰਿਵਾਰਾਂ ਦੀ ਸਲਾਨਾ ਆਮਦਨ 72000 ਰੁਪਏ ਤੋਂ ਘੱਟ ਹੈ।
ਇਸ ਮੌਕੇ ਵਿਧਾਇਕ ਸ: ਬਰਿੰਦਰਮੀਤ ਸਿੰਘ ਪਾਹੜਾ ਨੇ ਕਿਹਾ ਕਿ ਦੇਸ਼ ਵਿਚ ਕਾਂਗਰਸ ਦੀ ਸਰਕਾਰ ਬਣਨੀ ਹੁਣ ਤੈਅ ਹੈ ਅਤੇ ਪੰਜਾਬ ਅਤੇ ਕੇਂਦਰ ਸਰਕਾਰ ਵਿਚ ਸਾਡੇ ਨੁਮਾਇੰਦੇ ਹੋਣ ਨਾਲ ਇਲਾਕੇ ਦੇ ਵਿਕਾਸ ਲਈ ਫ਼ੰਡਾਂ ਦੀ ਕੋਈ ਘਾਟ ਨਹੀਂ ਆਵੇਗੀ। ਉਨ੍ਹਾਂ ਨੇ ਇਸ ਮੌਕੇ ਕਿਹਾ ਕਿ ਪੰਜਾਬ ਸਰਕਾਰ ਨੇ ਕਰਜ਼ਾ ਮਾਫ਼ੀ ਸਕੀਮ ਲਾਗੂ ਕਰਕੇ ਕਿਸਾਨਾਂ ਨੂੰ ਵੱਡੀ ਰਾਹਤ ਦਿੱਤੀ ਹੈ ਜਦ ਕਿ ਮੋਦੀ ਸਰਕਾਰ ਦੀਆਂ ਸਾਰੀਆਂ ਨੀਤੀਆਂ ਹੀ ਕਿਸਾਨ ਵਿਰੋਧੀ ਰਹੀਆਂ ਹਨ।