ਪੀ ਡਬਲਯੂ ਡੀ ਵੋਟਰ: ਵਧੀਕ ਡਿਪਟੀ ਕਮਿਸ਼ਨਰ ਅਨੁਪਮ ਕਲੇਰ ਦਿਵਿਆਂਗ ਮਤਦਾਤਾਵਾਂ ਨੂੰ ਹਰੇਕ ਚੋਣ ਬੂਥ ’ਤੇ ਵਾਲੰਟੀਅਰ ਦੀ ਸੁਵਿਧਾ ਦੇਣ ਲਈ ਮੀਟਿੰਗ ਕਰਦੇ ਹੋਏ।
ਨਵਾਂ ਸ਼ਹਿਰ, 11 ਅਪਰੈਲ 2019: ਵਧੀਕ ਡਿਪਟੀ ਕਮਿਸ਼ਨਰ (ਜ) ਕਮ ਵਧੀਕ ਜ਼ਿਲ੍ਹਾ ਚੋਣ ਅਫ਼ਸਰ ਸ੍ਰੀਮਤੀ ਅਨੁਪਮ ਕਲੇਰ ਵੱਲੋਂ ਦਿਵਿਆਂਗ ਮਤਦਾਤਾਵਾਂ ਨਾਲ ਵਾਲੰਟੀਅਰ ਲਾਉਣ ਦੀ ਪ੍ਰਕਿਰਿਆ ਨੂੰ ਅੰਤਮ ਰੂਪ ਦਿੱਤੇ ਜਾਣ ਲਈ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ, ਜ਼ਿਲ੍ਹਾ ਪ੍ਰੋਗਰਾਮ ਅਫ਼ਸਰ, ਸਹਾਇਕ ਸਿਵਲ ਸਰਜਨ ਨਾਲ ਮੀਟਿੰਗ ਕਰਕੇ, ਹਰੇਕ ਚੋਣ ਬੂਥ ’ਤੇ ਵਾਲੰਟੀਅਰ ਦੀ ਮੌਜੂਦਗੀ ਯਕੀਨੀ ਬਣਾਉਣ ਲਈ ਆਖਿਆ ਗਿਆ।
ਉਨ੍ਹਾਂ ਨੇ ਵਲੰਟੀਅਰਜ਼ ਵਲੋੋਂ ਚੋਣ ਬੂਥਾਂ ’ਤੇ ਦਿੱਤੀਆਂ ਜਾਣ ਵਾਲੀਆਂ ਸੇਵਾਵਾਂ ਦਾ ਵੇਰਵਾ ਦਿੰਦਿਆਂ ਦੱਸਿਆ ਕਿ ਉਹ ਪੋਲਿੰਗ ਸਟੇਸ਼ਨ ’ਤੇ ਲੱਗੀਆਂ ਮਤਦਾਤਾਵਾਂ ਦੀਆਂ ਕਤਾਰਾਂ ਨੂੰ ਸੁਚੱਜੇ ਢੰਗ ਨਾਲ ਲਗਵਾਉਣਗੇ। ਇਸੇ ਤਰ੍ਹਾਂ ਪੋਲਿੰਗ ਸਟੇਸ਼ਨ ’ਤੇ ਆਏ ਸੀਨੀਅਰ ਸਿਟੀਜ਼ਨ, ਦਿਵਿਆਂਗ ਵੋਟਰਾਂ ਅਤੇ ਪਹਿਲੀ ਵਾਰ ਬਣੇ ਵੋੋਟਰਾਂ ਨੂੰ ਜੀ ਆਇਆਂ ਆਖਣਗੇ। ਸੀਨੀਅਰ ਸਿਟੀਜ਼ਨ ਨੂੰ ਪੋੋਲਿੰਗ ਬੂਥ ਦੇ ਅੰਦਰ (ਦਰਵਾਜੇ ਤੱਕ) ਪਹੁੰਚਾਉਣ ਅਤੇ ਬਾਹਰ ਵਾਪਸ ਜਾਣ ਵਿੱਚ ਸਹਾਇਤਾ ਕੀਤੀ ਜਾਵੇਗੀ। ਦਿਵਿਆਂਗ ਮਤਦਾਤਾਵਾਂ ਨੂੰ ਹਰ ਤਰ੍ਹਾਂ ਦੀ ਸਹਾਇਤਾ ਪ੍ਰਦਾਨ ਕਰਨਗੇ। ਪੋਲਿੰਗ ਸਟੇਸ਼ਨ ’ਤੇ ਲੱਗੀਆਂ ਵੋੋੋਟਰਾਂ ਦੀਆਂ ਲਾਈਨਾਂ ਵਿਚ ਉਨ੍ਹਾਂ ਨੂੰ ਪਾਣੀ ਦੀ ਸੇਵਾ ਉਪਲਬਧ ਕਰਵਾਉਣਗੇ। ਵੋੋਟ ਪਾਉਣ ਆਈਆਂ ਔੌਰਤਾਂ ਦੇ ਨਾਲ ਆਏ ਬੱਚਿਆਂ ਦੀ ਦੇਖ-ਭਾਲ ਕਰਨਗੇ। ਇਸ ਤੋਂ ਇਲਾਵਾ ਚੋਣ ਬੂਥ ’ਤੇ ਆਏ ਵੋਟਰਾਂ ਨੂੰ ਵੋਟਿੰਗ ਮਸ਼ੀਨ ਅਤੇ ਵੀ.ਵੀ.ਪੀ.ਏ.ਟੀ. ਦੀ ਵਰਤੋੋਂ, ਬਰੇਲ ਬੈਲਟ ਪੇਪਰ, ਮਤਦਾਤਾ ਸਹਾਇਤਾ ਬੂਥ ਬਾਰੇ ਦੱਸਣਗੇ ਅਤੇ ਵੋਟਰ ਸੂਚੀ ਵਿਚ ਉਨ੍ਹਾਂ ਦੇ ਨਾਂ ਲੱਭਣ ਵਿੱਚ ਸਹਾਇਤਾ ਕਰਨਗੇ।
ਵਧੀਕ ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ, ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਦੀ ਸਹਾਇਤਾ ਨਾਲ ਜ਼ਿਲੇ੍ਹ ਦੀਆਂ ਆਂਗਣਵਾੜੀ ਵਰਕਰਾਂ/ਹੈਲਪਰਾਂ, ਐਨ ਸੀ ਸੀ/ਐਨ ਐਸ ਐਸ/ਸਕਾਊਟਸ ਅਤੇ ਨਹਿਰੂ ਯੁਵਾ ਕੇਂਦਰ ਦੇ ਵਲੰਟੀਅਰਜ਼ ਦੀ ਬੂਥ ਵਾਈਜ਼ ਸੂਚੀ ਤਿਆਰ ਕਰਕੇ ਉਨ੍ਹਾਂ ਨੂੰ ਵਿਧਾਨ ਸਭਾ ਹਲਕਾ ਵਾਰ ਡਿਊਟੀ ਸੌਂਪਣ ਤੇ ਸਿਖਲਾਈ ਦੇਣ ਲਈ ਆਖਿਆ।
ਉਨ੍ਹਾਂ ਨੇ ਕਾਰਜਕਾਰੀ ਇੰਜੀਨੀਅਰ ਲੋਕ ਨਿਰਮਾਣ ਵਿਭਾਗ ਨੂੰ ਹਰੇਕ ਚੋਣ ਬੂਥ ’ਤੇ ਰੈਂਪ ਦੀ ਸੁਵਿਧਾ ਨੂੰ ਵੀ ਯਕੀਨੀ ਬਣਾਉਣ ਲਈ ਆਖਿਆ। ਮੀਟਿੰਗ ’ਚ ਹੋਰਨਾਂ ਤੋਂ ਇਲਾਵਾ ਐਸ ਡੀ ਐਮ ਬਲਾਚੌਰ ਜਸਬੀਰ ਸਿੰਘ, ਐਸ ਡੀ ਐਮ ਨਵਾਂਸ਼ਹਿਰ ਡਾ. ਵਿਨੀਤ ਕੁਮਾਰ, ਡੀ.ਐਸ.ਪੀ. ਨਵਨੀਤ ਕੌਰ ਗਿੱਲ, ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਸੰਤੋਸ਼ ਵਿਰਦੀ, ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਮਨਜੀਤ ਕੌਰ, ਜ਼ਿਲ੍ਹਾ ਸਿਖਿਆ ਅਫ਼ਸਰ ਹਰਚਰਨ ਸਿੰਘ, ਤਹਿਸੀਲਦਾਰ ਚੋਣਾਂ ਹਰੀਸ਼ ਕੁਮਾਰ, ਜ਼ਿਲ੍ਹਾ ਖੇਡ ਅਫ਼ਸਰ ਕੁਲਵਿੰਦਰ ਸਿੰਘ, ਜ਼ਿਲ੍ਹਾ ਗਾਈਡੈਂਸ ਕੌਂਸਲਰ ਵਿਪਨ ਕੁਮਾਰ, ਸੀ ਡੀ ਪੀ ਓ ਸਵਿਤਾ ਕੁਮਾਰੀ ਤੇ ਨਰੇਸ਼ ਕੌਰ, ਚੋਣ ਕਾਨੂਗੋ ਵਿਵੇਕ ਮੋਇਲਾ ਤੇ ਦੀਪਕ ਕੁਮਾਰ, ਸਵੈ ਸੇਵੀ ਸੰਸਥਾਵਾਂ ਦੇ ਪ੍ਰਤੀਨਿੱਧ ਜਸਪਾਲ ਸਿੰਘ ਗਿੱਧਾ ਤੇ ਕਸ਼ਮੀਰ ਸਿੰਘ ਸਨਾਵਾ ਅਤੇ ਹੋਰ ਅਧਿਕਾਰੀ ਮੌਜੂਦ ਸਨ।