ਨਵਾਂ ਸ਼ਹਿਰ, 18 ਮਈ,2019 : ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਵਿੱਚ ਕਲ੍ਹ 19 ਮਈ ਨੂੰ ਹੋਣ ਵਾਲੇ ਲੋਕ ਸਭਾ ਚੋਣਾਂ ਦੇ ਮਤਦਾਨ ਲਈ ਬਣਾਏ ਜਾ ਰਹੇ 35 ਮਾਡਲ ਚੋਣ ਬੂਥਾਂ ਵਿੱਚੋਂ ਕਈਆਂ ਦਾ ਅੱਜ ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀਮਤੀ ਅਨੁਪਮ ਕਲੇਰ ਵੱਲੋਂ ਦੌਰਾ ਕੀਤਾ ਗਿਆ ਅਤੇ ਉੱਥੇ ਮਤਦਾਤਾਵਾਂ ਨੂੰ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਤੇ ਦਿਸ਼ਾ-ਨਿਰਦੇਸ਼ਾਂ ਮੁਤਾਬਕ ਦਿੱਤੀਆਂ ਜਾਣ ਵਾਲੀਆਂ ਸੁਵਿਧਾਵਾਂ ਦਾ ਜਾਇਜ਼ਾ ਲਿਆ ਗਿਆ।
ਉਨ੍ਹਾਂ ਦੱਸਿਆ ਕਿ ਇਨ੍ਹਾਂ ਮਾਡਲ ਚੋਣ ਬੂਥਾਂ ਦਾ ਮੰਤਵ ਮਤਦਾਤਾਵਾਂ ਨੂੰ ਲੋਕਤੰਤਰ ਦੇ ਇਸ ਸਭ ਤੋਂ ਵੱਡੇ ਤਿਉਹਾਰ ਵਿੱਚ ਵੱਧ-ਚੜ੍ਹ ਕੇ ਹਿੱਸਾ ਲੈਣ ਲਈ ਪ੍ਰੇਰਿਤ ਕਰਨਾ ਹੈ। ਉਨ੍ਹਾਂ ਦੱਸਿਆ ਕਿ ਨਵਾਂਸ਼ਹਿਰ ਹਲਕੇ ਵਿੱਚ 9 ਮਾਡਲ ਚੋਣ ਬੂਥ ਬਣਾਏ ਗਏ ਹਨ ਜਦਕਿ ਬੰਗਾ ਵਿੱਚ 10 ਅਤੇ ਬਲਾਚੌਰ ਵਿੱਚ 13 ਮਾਡਲ ਪੋਲਿੰਗ ਬੂਥ ਬਣਾਏ ਗਏ ਹਨ ਜਦਕਿ ਇਨ੍ਹਾਂ ਤੋਂ ਇਲਾਵਾ ਤਿੰਨਾਂ ਹਲਕਿਆਂ ਵਿੱਚ ਇੱਕ-ਇੱਕ ਮਹਿਲਾ ਮਾਡਲ ਚੋਣ ਬੂਥ ਵੀ ਬਣਾਇਆ ਗਿਆ ਹੈ ਜਿੱਥੇ ਕੇਵਲ ਮਹਿਲਾ ਸਟਾਫ਼ ਹੀ ਹੋਵੇਗਾ।
ਸ੍ਰੀਮਤੀ ਕਲੇਰ ਅਨੁਸਾਰ ਮਹਿਲਾ ਸਟਾਫ਼ ਵਾਲੇ ਪੋਲਿੰਗ ਸਟੇਸ਼ਨਾਂ 'ਤੇ ਸ਼ਾਮਿਆਨੇ ਦਾ ਰੰਗ ਗੁਲਾਬੀ/ਜਾਮਣੀ ਹੋਣ ਨੂੰ ਤਰਜੀਹ ਦਿੱਤੀ ਜਾਵੇਗੀ ਜਦਕਿ ਬਾਕੀ ਮਾਡਲ ਪੋਲਿੰਗ ਸਟੇਸ਼ਨਾਂ 'ਤੇ ਕਿਸੇ ਵੀ ਰੰਗ ਦਾ ਸ਼ਾਮਿਆਨਾ ਲਗਾਇਆ ਜਾ ਸਕੇਗਾ। ਇਸ ਤੋਂ ਇਲਾਵਾ ਸਜਾਵਟੀ ਪ੍ਰਵੇਸ਼ ਗੇਟ, ਗੇਟ ਤੋਂ ਚੋਣ ਬੂਥ ਤੱਕ ਮੈਟ, ਗੁਬਾਰੇ, ਸਜਾਵਟੀ ਗਮਲੇ, ਸੈਲਫ਼ੀ ਸਟੈਂਡ, ਚੋਣ ਕਮਿਸ਼ਨ ਵੱਲੋਂ ਸੁਝਾਏ ਕਟ ਆਊਟ, ਪੋਲਿੰਗ ਪਾਰਟੀਆਂ ਦੇ ਬੈਜ, ਵੇਟਿੰਗ ਰੂਮ, ਪੀਣ ਵਾਲਾ ਪਾਣੀ, ਪਖਾਨਾ ਆਦਿ ਸੁਵਿਧਾਵਾਂ ਤੋਂ ਇਲਾਵਾ ਬੱਚਿਆਂ ਨਾਲ ਆਉਣ ਵਾਲੀਆਂ ਵੋਟਰਾਂ ਦੇ ਬੱਚਿਆਂ ਲਈ ਖਿਡੌਣੇ ਆਦਿ ਮੌਜੂਦ ਰੱਖੇ ਜਾਣਗੇ।
ਉਨ੍ਹਾਂ ਵੱਲੋਂ ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨਵਾਂਸ਼ਹਿਰ, ਲੰਗੜੋਆ, ਉਸਮਾਨਪੁਰ, ਗੜ੍ਹੀ ਕਾਨੂੰਗੋ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਹਿੰਦੀਪੁਰ ਤੇ ਬੀ ਏ ਵੀ ਸੀਨੀਅਰ ਸੈਕੰਡਰੀ ਸਕੂਲ ਬਲਾਚੌਰ ਵਿਖੇ ਬਣਾਏ ਗਏ ਬੂਥਾਂ ਦਾ ਵੀ ਦੌਰਾ ਕੀਤਾ। ਇਸ ਮੌਕੇ ਉਨ੍ਹਾਂ ਦੇ ਨਾਲ ਸਹਾਇਕ ਨੋਡਲ ਅਫ਼ਸਰ ਸਵੀਪ ਵਿਪਨ ਕੁਮਾਰ, ਲੈਕਚਰਾਰ ਸਤਨਾਮ ਸਿੰਘ ਤੇ ਮਾਸ ਮੀਡੀਆ ਅਫ਼ਸਰ ਜਗਤ ਰਾਮ ਵੀ ਮੌਜੂਦ ਸਨ।