ਜੀਰਕਪੁਰ, 14 ਮਈ 2019: ਪਿਛਲੀ ਅਕਾਲੀ ਭਾਜਪਾ ਸਰਕਾਰ ਨੇ ਆਪਣੇ 10 ਸਾਲ ਦੇ ਕਾਰਜਕਾਲ ਦੌਰਾਨ ਡੇਰਾਬਸੀ ਹਲਕੇ ਦੇ ਲੋਕਾਂ ਨੂੰ ਬਿਜਲੀ, ਪਾਣੀ ਅਤੇ ਸਿਹਤ ਸਹੂਲਤਾਂ ਵਰਗੀਆਂ ਬੁਨਿਆਦੀ ਲੋੜਾਂ ਦੀ ਪੂਰਤੀ ਵੀ ਨਹੀਂ ਕੀਤੀ ਗਈ। ਅਕਾਲੀ ਭਾਜਪਾ ਸਰਕਾਰ ਨੇ ਇਸ ਇਲਾਕੇ ਨੂੰ ਵਿਕਾਸ ਪੱਖੋਂ ਪੂਰੀ ਤਰ੍ਹਾਂ ਅਣਗੌਲਿਆ ਕਰੀ ਰੱਖਿਆ। ਇਹ ਵਿਚਾਰ ਪਟਿਆਲਾ ਲੋਕ ਸਭਾ ਹਲਕੇ ਤੋਂ ਕਾਂਗਰਸ ਦੇ ਉਮੀਦਵਾਰ ਪਰਨੀਤ ਕੌਰ ਨੇ ਮੀਡੀਆ ਨਾਲ ਗੈਰ ਰਸਮੀ ਗੱਲਬਾਤ ਕਰਦਿਆਂ ਪ੍ਰਗਟ ਕੀਤੇ। ਉਹਨਾਂ ਆਖਿਆ ਕਿ ਮੌਜ਼ੂਦਾ ਕਾਂਗਰਸ ਦੀ ਪੰਜਾਬ ਸਰਕਾਰ ਨੇ ਪਿਛਲੇ 2 ਸਾਲਾਂ ਦੌਰਾਨ ਡੇਰਾਬਸੀ ਹਲਕੇ ਦੀਆਂ ਪ੍ਰਮੁੱਖ ਸੜਕਾਂ ਅਤੇ ਪਿੰਡਾਂ ਦੀਆਂ ਲਿੰਕ ਸੜਕਾਂ ਦੀ ਮੁਰੰਮਤ ਅਤੇ ਮਿਆਰ ਵਿੱਚ ਸੁਧਾਰ ਕਰਨ, ਡੇਰਾਬਸੀ, ਲਾਲੜੂ, ਸਮਗੋਲੀ, ਤਸਿੰਬਲੀ ਤੇ ਜੜੋਤ ਦੀਆਂ ਅਨਾਜ਼ ਮੰਡੀਆਂ ਦੇ ਨਵੇਂ ਸ਼ੈਡ ਬਣਾਉਣ ਅਤੇ ਪਹਿਲਾਂ ਬਣਿਆ ਦੀ ਮੁਰੰਮਤ ਕਰਾਉਣ ਦੇ ਪ੍ਰੋਜੈਕਟ ਚੱਲ ਰਹੇ ਹਨ।
ਪਰਨੀਤ ਕੌਰ ਨੇ ਦੱਸਿਆ ਕਿ ਡੇਰਾਬਸੀ ਦੇ ਹਲਕੇ ਵਿੱਚ ਨਿਰਵਿਘਨ ਬਿਜਲੀ ਸਪਲਾਈ ਮੁਹੱਈਆ ਕਰਵਾਉਣ ਲਈ ਹਰੀਪੁਰ ਕੂੜਾ ਅਤੇ ਸਿੰਘਪੁਰਾ ਵਿਖੇ ਦੋ ਨਵੇਂ ਗਰਿਡਾਂ ਦੀ ਉਸਾਰੀ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਬਲਟਾਣਾ ਅਤੇ ਜੀਰਕਪੁਰ ਵਿਖੇ ਵੀ ਦੋ ਨਵੇਂ ਗਰਿਡਾਂ ਦੀ ਉਸਰੀ ਵੀ ਮਿਲ ਚੁੱਕੀ ਹੈ। ਉਹਨਾਂ ਹੋਰ ਦੱਸਿਆ ਕਿ ਡੇਰਾਬਸੀ ਹਲਕੇ ਵਿੱਚ ਪੈਂਦੇ ਜੀਰਕਪੁਰ, ਡੇਰਾਬਸੀ ਅਤੇ ਲਾਲੜੂ ਨਗਰ ਕੌਂਸਲਾਂ ਦੇ ਲੋਕਾਂ ਨੂੰ ਸੀਵਰੇਜ, ਵਾਟਰ ਸਪਲਾਈ ਅਤੇ ਹੋਰ ਬੁਨਿਆਦੀ ਸਹੂਲਤਾਂ ਉਪਲਬਧ ਕਰਵਾਉਣ ਲਈ ਵੱਡੀ ਪੱਧਰ ਤੇ ਵਿਕਾਸ ਕਾਰਜ ਚੱਲ ਰਹੇ ਹਨ।
ਪਰਨੀਤ ਕੌਰ ਨੇ ਡੇਰਾਬਸੀ ਹਲਕੇ ਦੇ ਲੋਕਾਂ ਨੂੰ ਵਿਸ਼ਵਾਸ਼ ਦੁਆਇਆ ਕਿ ਉਹ ਹਲਕੇ ਵਿੱਚ ਪੈਂਦੇ ਸ਼ਹਿਰੀ ਅਤੇ ਪੇਂਡੂ ਖੇਤਰਾਂ ਵਿੱਚ ਅਧੁਨਿਕ ਸਿਹਤ ਸਹੂਲਤਾਂ ਉਪਲਬਧ ਕਰਵਾਉਣ ਲਈ ਵਿਸ਼ੇਸ਼ ਉਪਰਾਲੇ ਕਰਨਗੇ। ਉਹਨਾਂ ਹਲਕੇ ਦੇ ਲੋਕਾਂ ਨੂੰ ਇਹ ਵੀ ਯਕੀਨ ਦੁਆਇਆ ਕਿ ਜਿਵੇਂ ਪਿਛਲੀ ਕਾਂਗਰਸ ਸਰਕਾਰ ਵੇਲੇ ਇਸ ਹਲਕੇ ਦਾ ਵੱਡੀ ਪੱਧਰ ਤੇ ਵਿਕਾਸ ਕੀਤਾ ਗਿਆ ਸੀ। ਉਸੇ ਤਰ੍ਹਾਂ ਮੌਜ਼ੂਦਾ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵਲੋਂ ਇਸ ਹਲਕੇ ਨੂੰ ਵਿਕਾਸ ਪੱਖੋਂ ਮੋਹਰੀ ਹਲਕਾ ਬਣਾਉਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ। ਉਹਨਾਂ ਹਲਕੇ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਵੱਡੀ ਗਿਣਤੀ ਵਿੱਚ ਉਹਨਾਂ ਨੂੰ ਵੋਟਾਂ ਪਾ ਕੇ ਲੋਕ ਸਭਾ ਵਿੱਚ ਭੇਜਣ ਅਤੇ ਐਮ.ਪੀ ਬਣਨ ਤੋਂ ਬਾਅਦ ਕੇਂਦਰ ਵਿੱਚ ਨਵੀਂ ਬਣਨ ਵਾਲੀ ਕਾਂਗਰਸ ਸਰਕਾਰ ਤੋਂ ਵੀ ਇਸ ਹਲਕੇ ਲਈ ਵਿਕਾਸ ਪ੍ਰੋਜੈਕਟ ਮਨਜੂਰ ਕਰਵਾ ਕੇ ਲਿਆਉਣਗੇ।