ਆਪਣੇ ਸਮਰਥਕਾਂ ਨਾਲ ਵਿਧਾਇਕ ਅਤੇ ਲੁਧਿਆਣਾ ਦੇ ਉਮੀਦਵਾਰ ਸਿਮਰਜੀਤ ਸਿੰਘ ਬੈਂਸ।
ਲੁਧਿਆਣਾ, 06 ਅਪਰੈਲ 2019: ਪੀਡੀਏ ਦੀ ਮੈਂਬਰ ਪਾਰਟੀ ਲੋਕ ਇਨਸਾਫ ਪਾਰਟੀ ਦੇ ਲੁਧਿਆਣਾ ਤੋਂ ਲੋਕ ਸਭਾ ਦੀ ਚੋਣ ਲੜ ਰਹੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਅੱਜ ਸਿੱਧਵਾਂ ਬੇਟ ਇਲਾਕੇ ਵਿੱਚ ਪਿੰਡ ਗੋਰਸੀਆ ਖਾਨ ਮੁਹੰਮਦ ਵਿੱਚ ਰੋਜਾਨਾ 80 ਤੋਂ 85 ਲੱਖ ਦਾ ਨਜਾਇਜ ਰੇਤ ਕਾਰੋਬਾਰ ਕਰਨ ਵਾਲਿਆਂ ਦੀ ਸ਼ਿਕਾਇਤ ਮੁੱਖ ਚੋਣ ਕਮਿਸ਼ਨ ਨੂੰ ਕਰਦੇ ਹੋਏ ਕਿਹਾ ਕਿ ਇਹ ਰੇਤ ਮਾਫੀਆ ਮੌਜੂਦਾ ਸਰਕਾਰ ਦੇ ਇਸ਼ਾਰੇ ਤੇ ਚੱਲ ਰਿਹਾ ਹੈ ਅਤੇ ਇਸ ਵਿੱਚ ਸਿੱਧੇ ਤੌਰ ਤੇ ਮੁੱਖ ਮੰਤਰੀ ਦੇ ਓ.ਐਸ.ਡੀ ਦੀ ਮਿਲੀਭੁਗਤ ਹੈ ਜਦੋਂ ਕਿ ਕਾਂਗਰਸ ਇਸ ਕਾਲੇ ਕਾਰੋਬਾਰ ਦੇ ਪੈਸੇ ਦੇ ਪ੍ਰਯੋਗ ਨਾਲ ਲੋਕ ਸਭਾ ਚੋਣਾਂ ਜਿੱਤਣਾ ਚਾਹੁੰਦੀ ਹੈ ਪਰ ਸੂਬੇ ਦੇ ਲੋਕ 19 ਮਈ ਨੂੰ ਕਾਂਗਰਸ ਦਾ ਬਿਸਤਰਾ ਗੋਲ ਕਰ ਦੇਣਗੇ।
ਵਿਧਾਇਕ ਬੈਂਸ ਅੱਜ ਕੋਟ ਮੰਗਲ ਸਿੰਘ ਵਿੱਖੇ ਆਪਣੇ ਮੁੱਖ ਦਫਤਰ ਵਿੱਖੇ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਇਸ ਦੌਰਾਨ ਵਿਧਾਇਕ ਬੈਂਸ ਨੇ ਦੱਸਿਆ ਕਿ ਉਹ ਪਿਛਲੇ ਦਿਨੀਂ ਮੌਕੇ ਤੇ ਗਏ ਸਨ ਅਤੇ ਸਥਾਨਕ ਲੋਕਾਂ ਨੇ ਜਾਣਕਾਰੀ ਦਿੱਤੀ ਕਿ ਇਹ ਖੱਡ ਪਿੰਡ ਕੈਮਵਾਲਾ ਜਿਲਾ ਜਲੰਧਰ ਦੇ ਨਾਮ ਤੇ ਅਲਾਟ ਹੋਈ ਸੀ ਪਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਓ.ਐਸ.ਡੀ ਵਲੋਂ ਰੇਤ ਮਾਫੀਆ ਨਾਲ ਮਿਲ ਕੇ ਇੱਥੋਂ ਨਜਾਇਜ ਤੌਰ ਤੇ ਰੇਤਾ ਭਰ ਕੇ ਰੋਜਾਨਾ 80 ਤੋਂ 85 ਲੱਖ ਰੁਪਏ ਦੀ ਹੇਰਾਫੇਰੀ ਕੀਤੀ ਜਾ ਰਹੀ ਹੈ, ਜਦੋਂ ਕਿ ਕਾਂਗਰਸ ਸਰਕਾਰ ਵਲੋਂ ਇਹ ਕੀਤੀ ਜਾ ਰਹੀ ਕਾਲੀ ਕਮਾਈ ਨੂੰ ਵੋਟਾਂ ਦੌਰਾਨ ਜਿੱਥੇ ਲੋਕਾਂ ਨੂੰ ਨਗਦੀ ਦੇ ਰੂਪ ਵਿੱਚ ਦਿੱਤੀ ਜਾਵੇਗੀ ਉੱਥੇ ਇਸ ਪੈਸੇ ਨਾਲ ਹੀ ਸੂਬੇ ਭਰ ਵਿੱਚ ਨਸ਼ਾ ਵੇਚਿਆ ਜਾਵੇਗਾ। ਵਿਧਾਇਕ ਬੈਂਸ ਨੇ ਖੁਲਾਸਾ ਕੀਤਾ ਕਿ ਉਨ•ਾਂ ਮੌਕੇ ਤੇ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਸਮੇਤ ਜਗਰਾਓਂ ਦੇ ਐਸਐਸਪੀ ਅਤੇ ਲੁਧਿਆਣਾ ਦੇ ਮਾਈਨਿੰਗ ਅਧਿਕਾਰੀ ਨੂੰ ਵੀ ਸ਼ਿਕਾਇਤ ਕੀਤੀ ਪਰ ਕਾਂਗਰਸ ਸਰਕਾਰ ਦੇ ਇਸ਼ਾਰੇ ਤੇ ਕੋਈ ਵੀ ਪ੍ਰਸ਼ਾਸਨਿਕ ਅਧਿਕਾਰੀ ਅਤੇ ਕਿਸੇ ਵੀ ਪੁਲਸ ਅਧਿਕਾਰੀ ਨੇ ਕੋਈ ਕਾਰਵਾਈ ਨਹੀਂ ਕੀਤੀ। ਵਿਧਾਇਕ ਬੈਂਸ ਨੇ ਚੋਣ ਕਮਿਸ਼ਨ ਨੂੰ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਇਸ ਕਾਲੇ ਕਾਰੋਬਾਰ ਵਿੱਚ ਸ਼ਾਮਲ ਰੇਤ ਮਾਫੀਆ ਦਾ ਪਰਦਾ ਫਾਸ਼ ਕੀਤਾ ਜਾਵੇ ਅਤੇ ਸਬੰਧਤ ਅਧਿਕਾਰੀਆਂ ਬੇਸ਼ੱਕ ਉਹ ਕਿਸੇ ਵੀ ਕੁਰਸੀ ਤੇ ਬੈਠੇ ਹੋਣ ਉਨ•ਾਂ ਨੂੰ ਇਸ ਜਿਲੇ ਤੋਂ ਤਬਦੀਲ ਕਰਕੇ ਉਨ•ਾਂ ਖਿਲਾਫ ਤੁਰੰਤ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ। ਵਿਧਾਇਕ ਬੈਂਸ ਨੇ ਦੋਸ਼ ਲਾਇਆ ਕਿ ਕਾਂਗਰਸ ਸਰਕਾਰ ਅਜਿਹੇ ਨਜਾਇਜ ਧੰਦਿਆਂ ਤੋਂ ਇਕੱਤਰ ਕੀਤੇ ਪੈਸਿਆਂ ਨਾਲ ਹੀ ਵੋਟਾਂ ਜਿੱਤਣਾ ਚਾਹੁੰਦੀ ਹੈ ਪਰ ਸੂਬੇ ਦੇ ਲੋਕ ਸਭ ਜਾਣਦੇ ਹਨ ਅਤੇ ਉਹ ਲੋਕ ਸਭਾ ਚੋਣਾਂ ਦਾ ਇੰਤਜਾਰ ਕਰ ਰਹੇ ਅਤੇ 19 ਮਈ ਨੂੰ ਕਾਂਗਰਸ ਦਾ ਸੂਬੇ ਵਿੱਚੋਂ ਬੋਰੀਆ ਬਿਸਤਰਾ ਗੋਲ ਕਰ ਦੇਣਗੇ ਅਤੇ 23 ਮਈ ਨੂੰ ਨਤੀਜਿਆਂ ਦੌਰਾਨ ਹੀ ਸੂਬੇ ਵਿੱਚ ਨਵੀਂ ਸਵੇਰ ਦਾ ਆਗਾਜ਼ ਹੋਵੇਗਾ, ਜਦੋਂ ਸੂਬੇ ਵਿੱਚੋਂ ਰੇਤ ਮਾਫੀਆ, ਨਸ਼ਾ ਮਾਫੀਆ, ਭੂ-ਮਾਫੀਆ ਅਤੇ ਹਰ ਸਰਕਾਰੀ ਦਫਤਰ ਵਿੱਚੋਂ ਰਿਸ਼ਵਤਖੋਰੀ ਦਾ ਖਾਤਮਾ ਹੋ ਜਾਵੇਗਾ। ਇਸ ਮੌਕੇ ਤੇ ਜਗਦੀਪ ਸਿੰਘ ਕਾਲਾ ਘਵੱਦੀ ਸਰਪੰਚ, ਜਸਵਿੰਦਰ ਸਿੰਘ ਖਾਲਸਾ, ਸੁਰਿੰਦਰ ਸਿੰਘ ਗਰੇਵਾਲ ਤੇ ਅਨੇਕਾਂ ਸਮਰਥਕ ਸ਼ਾਮਲ ਸਨ।