ਲੁਧਿਆਣਾ, 19 ਮਈ 2019: ਕਾਂਗਰਸ ਉਮੀਦਵਾਰ ਐਮ ਪੀ ਰਵਨੀਤ ਸਿੰਘ ਬਿੱਟੂ ਨੇ ਲੁਧਿਆਣਾ ਲੋਕ ਸਭਾ ਹਲਕੇ ਵਿੱਚ 200 ਤੋਂ ਵੱਧ ਪੋਲਿੰਗ ਕੇਂਦਰਾਂ ਦਾ ਦੌਰਾ ਕਰਕੇ ਵੋਟਿੰਗ ਦੀ ਪ੍ਰੀਕਿ੍ਆ ਦਾ ਜਾਇਜ਼ਾ ਲਿਆ ਅਤੇ ਪੋਲਿੰਗ ਕੇਂਦਰਾਂ ਦੇ ਅੰਦਰ ਅਤੇ ਬਾਹਰ ਤਾਇਨਾਤ ਪਾਰਟੀ ਵਰਕਰਾਂ ਦੀ ਸ਼ਲਾਘਾ ਕੀਤੀ ਅਤੇ ਉਨ੍ਹਾਂ ਦਾ ਹੌਸਲਾ ਵਧਾਇਆ । ਸ. ਬਿੱਟੂ ਨੇ ਵੋਟਰਾਂ ਵਲੋਂ ਵੱਡੀ ਤਾਦਾਦ ਵਿਚ ਆਪਣੇ ਵੋਟ ਪਾਉਣ ਦੇ ਹੱਕ ਦਾ ਇਸ਼ਤੇਮਾਲ ਪੂਰੇ ਸ਼ਾਤਮਈ ਢੰਗ ਨਾਲ ਕਰਨ ਦਾ ਧੰਨਵਾਦ ਕਰਦੇ ਦਾਅਵਾ ਕੀਤਾ ਕਿ ਕਾਂਗਰਸ ਦੇ ਬੂਥਾਂ ਉਪਰ ਭਾਰੀ ਭੀੜ ਅਤੇ ਕਾਂਗਰਸ ਲਈ ਵੋਟਰਾਂ ਦੇ ਚਿਹਰਿਆਂ ਤੇ ਉਤਸ਼ਾਹ ਤੋਂ ਸਪੁਸ਼ਟ ਹੈ ਕਿ ਉਨ੍ਹਾਂ ਦੀ ਜਿੱਤ ਵੱਡੇ ਫਰਕ ਨਾਲ ਯਕੀਨੀ ਹੈ।
ਇਸੇ ਤਰ੍ਹਾਂ ਹਲਕਾ ਲੁਧਿਆਣਾ ਪੱਛਮੀ ਵਿਚ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ , ਲੁਧਿਆਣਾ ਉਤਰੀ ਵਿਚ ਰਾਕੇਸ਼ ਪਾਂਡੇ, ਲੁਧਿਆਣਾ ਕੇਂਦਰੀ ਵਿਚ ਸੁਰਿੰਦਰ ਡਾਵਰ, ਪੂਰਬੀ ਵਿਚ ਸੰਜੇ ਤਲਵਾੜ, ਗਿੱਲ ਵਿਚ ਕੁਲਦੀਪ ਸਿੰਘ ਵੈਦ ਨੇ ਆਪਣਿਆਂ ਹਲਕਿਆਂ ਵਿਚ ਪੋਲਿੰਗ ਕੇਂਦਰਾਂ ਦਾ ਦੌਰਾ ਕਰਕੇ ਪਾਰਟੀ ਕਾਰਕੁਨਾਂ ਦਾ ਹੌਸਲਾ ਵਧਾਇਆ ਅਤੇ ਉਨ੍ਹਾਂ ਦੀ ਸ਼ਲਾਘਾ ਕੀਤੀ। ਸ਼ਹਿਰੀ ਕਾਂਗਰਸ ਜਿਲਾ ਪ੍ਰਧਾਨ ਅਸ਼ਵਨੀ ਸ਼ਰਮਾ, ਜਿਲਾ ਕਾਂਗਰਸ ਦਿਹਾਤੀ ਪ੍ਰਧਾਨ ਸੋਨੀ ਗਾਲਿਬ , ਮਲਕੀਤ ਸਿੰਘ ਦਾਖਾ, ਮੇਜਰ ਸਿੰਘ ਭੈਣੀ, ਕਮਲਜੀਤ ਸਿੰਘ ਕੜਵਲ ਨੇ ਵੀ ਪੋਲਿੰਗ ਕੇਂਦਰਾਂ ਦਾ ਦੌਰਾ ਕਰਕੇ ਸਥਿਤੀ ਤੇ ਨਜ਼ਰ ਬਣਾਈ ਰੱਖੀ।
ਸ. ਬਿੱਟੂ ਨੇ ਕਿਹਾ ਕਿ ਮੇਰੀ ਚੋਣ ਮੁਹਿੰਮ ਦੇ ਸ਼ੁਰੂ ਤੋਂ ਲੈ ਕੇ ਵੋਟਾਂ ਪੈਣ ਤਕ ਪਾਰਟੀ ਦੇ ਸਾਰੇ ਅਹੁਦੇਦਾਰਾਂ ਅਤੇ ਵਰਕਰਾਂ ਨੇ ਪੂਰੀ ਲਗਨ ਨਾਲ ਦਿਨ ਰਾਤ ਇਕ ਕਰਕੇ ਕਾਂਗਰਸ ਪਾਰਟੀ ਦੀ ਜਿੱਤ ਯਕੀਨੀ ਬਣਾਉਣ ਲਈ ਕੰਮ ਕੀਤਾ, ਉਸ ਲਈ ਉਹ ਸਦਾ ਰਿਣੀ ਰਹਿਣਗੇ ਅਤੇ ਭਵਿਖ ਵਿਚ ਉਨਾਂ ਨੂੰ ਨਾਲ ਲੈਕੇ ਪਾਰਟੀ ਨੂੰ ਹੋਰ ਮਜਬੂਤ ਕਰਨ ਅਤੇ ਲੁਧਿਆਣਾ ਨੂੰ ਇਕ ਨਮੂਨੇ ਦਾ ਵਿਕਸਿਤ ਹਲਕਾ ਬਣਾਉਣ ਲਈ ਹਮੇਸ਼ਾਂ ਉਨ੍ਹਾਂ ਨੂੰ ਨਾਲ ਲੈ ਕੇ ਯਤਨ ਕਰਨਗੇ । ਸ. ਬਿੱਟੂ ਨੇ ਅੱਜ ਪਾਇਲ ਹਲਕੇ ਵਿਚ ਆਪਣੇ ਜੱਦੀ ਪਿੰਡ ਕੋਟਲੀ ਵਿਖੇ ਆਪਣੀ ਵੋਟ ਪਾਈ।