ਗਿੱਦੜਬਾਹਾ, ਸ੍ਰੀ ਮੁਕਤਸਰ ਸਾਹਿਬ, 11 ਅਪਰੈਲ 2019: ਸਹਾਇਕ ਰਿਟਰਨਿੰਗ ਅਫਸਰ ਕਮ ਐਸ.ਡੀ.ਐਮ ਗਿੱਦੜਬਾਹਾ ਸ੍ਰੀ ਓਮ ਪ੍ਰਕਾਸ਼ ਜੀ, ਤਹਿਸੀਲਦਾਰ ਗਿੱਦੜਬਾਹਾ ਸ. ਗੁਰਮੇਲ ਸਿੰਘ ਦੀ ਅਗਵਾਈ ਹੇਠ ਅਤੇ ਸ੍ਰੀਮਤੀ ਮਨਛਿੰਦਰ ਕੌਰ ਜ਼ਿਲਾ ਸਵੀਪ ਨੋਡਲ ਅਫਸਰ-ਕਮ-ਉਪ ਜ਼ਿਲਾ ਸਿੱਖਿਆ ਅਫਸਰ, ਸ੍ਰੀ ਰਾਜ ਕੁਮਾਰ ਜ਼ਿਲਾ ਸਵੀਪ ਕੋਆਰਡੀਨੇਟਰ ਅਤੇ ਸ. ਸਾਧੂ ਸਿੰਘ ਰੋਮਾਣਾ ਬਲਾਕ ਨੋਡਲ ਇੰਚਾਰਜ ਸਵੀਪ ਪ੍ਰੋਜੈਕਟ ਦੀ ਅਗਵਾਈ ਵਿਚ ਆਉਣ ਵਾਲੀਆਂ ਲੋਕ ਸਭਾ ਚੋਣਾਂ ਦੌਰਾਨ 100 ਪ੍ਰਤੀਸ਼ਤ ਮਤਦਾਨ ਦੇ ਟੀਚੇ ਨੂੰ ਪ੍ਰਾਪਤ ਕਰਨ ਲਈ ਵੋਟਰ ਜਾਗਰੂਕਤਾ ਮੁਹਿੰਮ “ਸਵੀਪ” ਤਹਿਤ ਬਾਬਾ ਫਰੀਦ ਪਬਲਿਕ ਸੀਨੀਅਰ ਸੈਕੰਡਰੀ ਸਕੂਲ, ਛੱਤੇਆਣਾ ਵਿਖੇ ਨੁੱਕੜ ਨਾਟਕ ‘ਪਾਵਰ ਆਫ ਕਾਮਨ ਮੈਨ’ ਪੇਸ਼ ਕੀਤਾ ਗਿਆ। ਇਸ ਬਾਰੇ ਜਾਣਕਾਰੀ ਦਿੰਦਿਆਂ ਸ੍ਰੀ ਰਾਜ ਕੁਮਾਰ ਅਤੇ ਸ. ਸਾਧੂ ਸਿੰਘ ਰੋਮਾਣਾ ਨੇ ਦੱਸਿਆ ਕਿ ਹਰੇਕ ਨਾਗਰਿਕ ਦਾ ਫਰਜ਼ ਬਣਦਾ ਹੈ ਕਿ ਉਹ ਚੋਣਾਂ ਵਾਲੇ ਦਿਨ ਨੂੰ ਦੇਸ਼ ਦੇ ਸਭ ਤੋਂ ਵੱਡੇ ਤਿਉਹਾਰ ਦੇ ਰੂਪ ਵਿੱਚ ਮਨਾਵੇ। ਇਸ ਤਹਿਤ ਸ੍ਰੀ ਮੁਕਤਸਰ ਸਾਹਿਬ ਜ਼ਿਲੇ ਦੇ ਹਰੇਕ ਵੋਟਰ ਨੂੰ ਜਾਗਰੂਕ ਕਰਨ ਲਈ ਨੁੱਕੜ ਨਾਟਕ ਪੇਸ਼ ਕੀਤੇ ਜਾ ਰਹੇ ਹਨ। ਇਸ ਮੌਕੇ ਸ. ਸਾਧੂ ਸਿੰਘ ਰੋਮਾਣਾ ਨੇ ਵੋਟਾਂ ਨਾਲ ਸਬੰਧਤ ਗੀਤ ਵੀ ਪੇਸ਼ ਕੀਤਾ। ਸਕੂਲ ਦੇ ਮੈਨੇਜਿੰਗ ਡਾਇਰੈਕਟਰ ਸ. ਹਰਜੀਤ ਸਿੰਘ ਬਰਾੜ ਨੇ ਸਕੂਲ ਸਟਾਫ ਤੇ ਵਿਦਿਆਰਥੀਆਂ ਵੱਲੋਂ ਸਥਾਨਕ ਪੱਧਰ ’ਤੇ ਵੋਟਰ ਜਾਗਰੂਕਤਾ ਲਈ ਭਰਪੂਰ ਸਹਿਯੋਗ ਦੇਣ ਦਾ ਭਰੋਸਾ ਜਤਾਇਆ। ਇਸ ਮੌਕੇ ਸਵੀਪ ਪ੍ਰੋਜੈਕਟ ਟੀਮ ਮੈਂਬਰ ਅਸ਼ੋਕ ਕੁਮਾਰ, ਹਰਜੀਤ ਸਿੰਘ ਅਤੇ ਕਮਲਜੀਤ ਸਿੰਘ ਨੇ ਸਾਰੇ ਹੀ ਵਿਦਿਆਰਥੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਘਰ ਜਾ ਕੇ ਆਪਣੇ ਮਾਪਿਆਂ ਨੂੰ ਆ ਰਹੀਆਂ ਚੋਣਾਂ ਬਾਰੇ ਜਾਗਰੂਕ ਕਰਨ ਤਾਂ ਜੋ ਉਹ ਵੋਟ ਦਾ ਸਹੀ ਇਸਤੇਮਾਲ ਕਰਨ। ਅੰਤ ਵਿੱਚ ਸਵੀਪ ਟੀਮ ਮੈਂਬਰਾਂ ਦੁਆਰਾ ਵੋਟ ਦਾ ਸਹੀ ਇਸਤੇਮਾਲ ਕਰਨ ਦਾ ਪ੍ਰਣ ਵੀ ਦਿਵਾਇਆ ਗਿਆ। ਇਸ ਮੌਕੇ ਸਕੂਲ ਦਾ ਸਾਰਾ ਸਟਾਫ ਮੌਜੂਦ ਸੀ।