← ਪਿਛੇ ਪਰਤੋ
ਭੁੱਚੋ ਮੰਡੀ (ਬਠਿੰਡਾ) 07 ਮਈ 2019: ਮਾਲਵਾ ਖੇਤਰ ਵਿਚ ਆਮ ਆਦਮੀ ਪਾਰਟੀ ਦੇ ਆਗੂਆਂ ਅਤੇ ਵਰਕਰਾਂ ਵੱਲੋਂ ਵੱਡੀ ਗਿਣਤੀ ਵਿਚ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਿਲ ਹੋਣਾ ਲਗਤਾਰ ਜਾਰੀ ਹੈ ਅਤੇ ਆਉਣ ਵਾਲੇ ਦਿਨਾਂ ਵਿਚ ਇਸ ਰੁਝਾਣ ਦੇ ਹੋਰ ਜ਼ੋਰ ਫੜਣ ਦੀ ਸੰਭਾਵਨਾ ਹੈ। ਅੱਜ ਇੱਥੇ ਹੋਏ ਇੱਕ ਸਾਦਾ ਪਰੰਤੂ ਪ੍ਰਭਾਵਸ਼ਾਲੀ ਸਮਾਰੋਹ ਦੌਰਾਨ ਤਕਰੀਬਨ ਇੱਕ ਦਰਜਨ ਆਪ ਦੇ ਸੀਨੀਅਰ ਆਗੂ ਅਤੇ ਵਰਕਰ ਅਕਾਲੀ ਦਲ ਦੇ ਜਨਰਲ ਸਕੱਤਰ ਅਤੇ ਸਾਬਕਾ ਮੰਤਰੀ ਸਰਦਾਰ ਬਿਕਰਮ ਸਿੰਘ ਮਜੀਠੀਆ ਦੀ ਮੌਜੂਦਗੀ ਵਿਚ ਅਕਾਲੀ ਦਲ ਵਿਚ ਸ਼ਾਮਿਲ ਹੋਏ। ਸਰਦਾਰ ਮਜੀਠੀਆਂ ਨੇ ਇਹ ਸਾਰੇ ਆਗੂਆਂ ਅਤੇ ਵਰਕਰਾਂ ਦਾ ਸਵਾਗਤ ਕਰਦਿਆਂ ਉਹਨਾਂ ਨੂੰ ਭਰੋਸਾ ਦਿਵਾਇਆ ਕਿ ਪਾਰਟੀ ਵੱਲੋਂ ਉਹਨਾਂ ਦੇ ਮੁੱਦਿਆਂ ਦਾ ਖ਼ਿਆਲ ਰੱਖਿਆ ਜਾਵੇਗਾ। ਅੱਜ ਅਕਾਲੀ ਦਲ ਵਿਚ ਸ਼ਾਮਿਲ ਹੋਣ ਵਾਲੇ ਆਪ ਆਗੂਆਂ ਵਿਚ ਸਾਬਕਾ ਸਰਪੰਚ ਹਰਕਰਨ ਸਿੰਘ, ਨੰਬਰਦਾਰ ਦਰਸ਼ਨ ਸਿੰਘ ਅਤੇ ਸਿਮਰਜੀਤ ਸਿੰਘ ਠੇਕੇਦਾਰ ਸ਼ਾਮਿਲ ਸਨ। ਦਿਲਚਸਪ ਗੱਲ ਇਹ ਹੈ ਕਿ ਆਪ ਦਾ ਆਧਾਰ ਬੜੀ ਤੇਜ਼ੀ ਨਾਲ ਖੁਰ ਰਿਹਾ ਹੈ ਅਤੇ ਪਿਛਲੀਆਂ ਵਿਧਾਨ ਸਭਾ ਚੋਣਾਂ ਵਿਚ ਅਕਾਲੀ ਦਲ ਦਾ ਵਿਰੋਧ ਕਰਨ ਆਪ ਆਗੂ ਵੱਡੀ ਗਿਣਤੀ ਵਿਚ ਦੁਬਾਰਾ ਤੋਂ ਅਕਾਲੀ ਦਲ ਨਾਲ ਜੁੜ ਰਹੇ ਹਨ। ਆਪ ਆਗੂਆਂ ਅਤੇ ਵਰਕਰਾਂ ਵੱਲੋਂ ਪਾਰਟੀ ਕੋਲੋਂ ਮੂੰਹ ਮੋੜਣ ਦੀ ਵਜ੍ਹਾ ਆਮ ਆਦਮੀ ਪਾਰਟੀ ਅਤੇ ਇਸ ਲੀਡਰਸ਼ਿਪ ਦਾ ਉਹਨਾਂ ਆਦਰਸ਼ਾਂ ਤੋਂ ਥਿੜਕ ਜਾਣਾ ਹੈ, ਜਿਹਨਾਂ ਦੇ ਬਲਬੂਤੇ ਇਸ ਪਾਰਟੀ ਨੇ ਪੰਜਾਬ ਵਿਚ ਆਪਣੇ ਪੈਰ ਲਗਾਏ ਸਨ। ਇਸ ਮੌਕੇ ਟਿੱਪਣੀ ਕਰਦਿਆਂ ਇੱਕ ਆਪ ਆਗੂ ਨੇ ਕਿਹਾ ਕਿ ਬਹੁਤ ਸਾਰੇ ਆਪ ਵਿਧਾਇਕ ਆਪਣੇ ਸਮਰਥਕਾਂ ਨੂੰ ਛੱਡ ਕੇ ਕਾਂਗਰਸ ਵਿਚ ਛਾਲਾਂ ਮਾਰ ਗਏ ਹਨ ਜਦਕਿ ਵੱਡੀ ਗਿਣਤੀ ਵਿਚ ਆਪ ਵਰਕਰ ਅਤੇ ਵਲੰਟੀਅਰ ਅਕਾਲੀ ਦਲ ਵਿਚ ਜਾ ਰਹੇ ਹਨ।
Total Responses : 267