ਐੱਸ.ਏ.ਐੱਸ. ਨਗਰ 22 ਮਈ 2019: ਸਕੂਲ ਸਿੱਖਿਆ ਵਿਭਾਗ, ਪੰਜਾਬ ਵੱਲੋਂ ਅੱਜ ਇੱਥੇ ਕਰਵਾਏ ਗਏ ਪ੍ਰਭਾਵਸ਼ਾਲੀ ਸਮਾਰੋਹ ਵਿੱਚ ਬਠਿੰਡਾ ਅਤੇ ਬਰਨਾਲਾ ਜ਼ਿਲ੍ਹੇ ਦੇ ਸਰਕਾਰੀ ਸਕੂਲਾਂ ਦੇ ਮੁਖੀਆਂ ਨੂੰ ਇਸ ਵਾਰ ਬਿਹਤਰ ਸਲਾਨਾ ਨਤੀਜੇ ਦੇਣ ਬਦਲੇ ਸਨਮਾਨ ਚਿੰਨ੍ਹ, ਭਰਵੀਂ ਪ੍ਰਸ਼ਸੰਾ ਅਤੇ ਆਓ ਭਗਤ ਨਾਲ ਨਿਵਾਜ਼ਿਆ ਗਿਆ|
ਪੰਜਾਬ ਸਕੂਲ ਸਿੱਖਿਆ ਬੋਰਡ ਦੇ ਆਡੀਟੋਰੀਅਮ ਵਿੱਚ ਕਰਵਾਏ ਗਏ ਸਮਾਰੋਹ ਵਿੱਚ ਮੁੱਖ ਮਹਿਮਾਨ ਵੱਜੋਂ ਸ਼ਾਮਲ ਹੋਏ ਪ੍ਰਸਿੱਧ ਸਿੱਖਿਆ ਸ਼ਾਸਤਰੀ ਅਤੇ ਪੰਜਾਬ ਯੂਨੀਵਰਸਿਟੀ ਦੇ ਸਾਬਕਾ ਵਾਈਸ ਚਾਂਸਲਰ ਪ੍ਰੋ. ਅਰੁਣ ਕੁਮਾਰ ਗਰੋਵਰ ਵੱਲੋਂ ਸਕੂਲ ਮੁਖੀਆਂ ਨੂੰ ਸਨਮਾਨ-ਚਿੰਨ੍ਹ ਭੇਂਟ ਕਰਦਿਆਂ ਕਿਹਾ ਗਿਆ ਕਿ ਉਹ ਵੀ ਸਰਕਾਰੀ ਸਕੂਲਾਂ ਵਿੱਚੋਂ ਆਪਣੀ ਮੁੱਢਲੀ ਪੜ੍ਹਾਈ ਕਰਕੇ ਇਸ ਮੁਕਾਮ 'ਤੇ ਪਹੁੰਚੇ ਹਨ| ਪ੍ਰੋ. ਗਰੋਵਰ ਨੇ ਪੰਜਾਬ ਦੇ ਸਿੱਖਿਆ ਵਿਭਾਗ ਦੇ ਇਤਿਹਾਸ ਬਾਰੇ ਚਾਨਣਾ ਪਾਉਂਦਿਆਂ ਸਰਕਾਰੀ ਸਕੂਲਾਂ ਦੇ ਮੁੱਢ ਤੋਂ ਲੈ ਕੇ ਲੰਮਾ ਸਫ਼ਰ ਤੈਅ ਕਰਨ ਅਤੇ ਮੌਜੂਦਾ ਮੰਜ਼ਿਲ ਤੱਕ ਪਹੁੰਚਣ ਦੇ ਇਤਿਹਾਸ ਨੂੰ ਬਿਆਨ ਕੀਤਾ| ਇਸ ਵਾਰੇ ਵੇਰਵਿਆਂ ਸਹਿਤ ਚਾਨਣਾ ਪਾਉਂਦਿਆਂ ਉਹਨਾਂ ਨੇ ਕਿਹਾ ਕਿ ਸਿੱਖਿਆ ਦਾ ਪਾਸਾਰ ਕਰਨ ਵਿੱਚ ਪੰਜਾਬ ਯੂਨੀਵਰਸਿਟੀ ਨੇ ਮਹੱਤਵਪੂਰਨ ਭੂਮਿਕਾ ਨਿਭਾਈ ਹੈ ਅਤੇ ਨਾਲ਼ ਹੀ ਨਾਮਵਰ ਸਖ਼ਸ਼ੀਅਤਾਂ ਪੈਦਾ ਕੀਤੀਆਂ ਹਨ|
ਪ੍ਰੋ. ਗਰੋਵਰ ਨੇ ਸਿੱਖਿਆ ਸਕੱਤਰ ਪੰਜਾਬ ਕ੍ਰਿਸ਼ਨ ਕੁਮਾਰ ਦੀ ਕਾਰਜਸ਼ੈਲੀ, ਸਿੱਖਿਆ ਨੀਤੀ, ਉਹਨਾਂ ਦੇ ਯਤਨਾਂ ਅਤੇ ਸਫ਼ਲਤਾਵਾਂ ਦੀ ਤਾਰੀਫ਼ ਕੀਤੀ| ਉਹਨਾਂ ਪੰਜਾਬ ਦੇ ਵਿਰਸੇ ਨੂੰ ਸਿੱਖਿਆ ਰਾਹੀਂ ਪ੍ਰਫੁੱਲਤ ਕਰਨ ਤੇ ਵੀ ਖ਼ੁਸ਼ੀ ਜਾਹਿਰ ਕੀਤੀ|
ਜ਼ਿਲ੍ਹਾ ਬਠਿੰਡਾ ਅਤੇ ਬਰਨਾਲਾ ਦੇ ਅਧਿਆਪਕਾਂ ਤੇ ਸਕੂਲ ਮੁਖੀਆਂ ਦੇ ਸਨਮਾਨ ਸਮਾਰੋਹ ਨੂੰ ਸੰਬੋਧਨ ਕਰਦਿਆਂ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਨੇ ਕਿਹਾ ਕਿ ਤੁਸੀਂ ਸਾਰੇ ਅਧਿਆਪਕ, ਸਕੂਲ ਮੁਖੀ ਸਾਡੇ ਅੱਜ ਦੇ ਨਾਇਕ ਹੋ ਕਿਉਂਕਿ ਤੁਸੀਂ ਬਿਹਤਰ ਨਤੀਜੇ ਦੇ ਕੇ ਅੱਜ ਦਾ ਸਮਾਗਮ ਕਰਨ ਲਈ ਮੌਕਾ ਦਿੱਤਾ ਹੈ| ਸਿੱਖਿਆ ਸਕੱਤਰ ਨੇ ਕਿਹਾ ਕਿ ਪਿਛਲ਼ੇ ਸਾਲ ਅਸੀਂ ਸਭ ਨੇ ਮਿਲ ਕੇ ਨਕਲ ਦੇ ਕੋਹੜ ਨੂੰ ਜੜ੍ਹੋਂ ਪੁੱਟਿਆ ਹੈ ਅਤੇ ਇਸ ਵਾਰ ਵਧੀਆ ਨਤੀਜੇ ਦੇ ਕੇ ਸਿੱਧ ਕੀਤਾ ਹੈ ਕਿ ਸਿੱਖਿਆ ਵਿਭਾਗ ਪੰਜਾਬ ਦੀ ਸਮੁੱਚੀ ਟੀਮ ਮੋਢੇ ਨਾਲ਼ ਮੋਢਾ ਜੋੜ ਕੇ ਟੀਚਿਆਂ ਨੂੰ ਸਰ ਕਰਨ ਲਈ ਤੇਜ਼ੀ ਨਾਲ ਅੱਗੇ ਵਧ ਰਹੀ ਹੈ|
ਸਿੱਖਿਆ ਸਕੱਤਰ ਨੇ ਸੰਬੋਧਨ ਕਰਦਿਆਂ ਸਮੂਹ ਹਾਜ਼ਰ ਸਕੂਲ ਮੁਖੀਆਂ ਨੂੰ ਕਿਹਾ ਕਿ ਦੇਸ ਦੇ 29 ਸੂਬਿਆਂ ਅਤੇ 7 ਕੇਂਦਰੀ ਸ਼ਾਸ਼ਿਤ ਪ੍ਰਦੇਸ਼ਾਂ ਵਿੱਚੋਂ ਪੰਜਾਬ ਅੱਵਲ ਨੰਬਰ 'ਤੇ ਹੈ, ਬੋਰਡ ਦੀਆਂ ਦਸਵੀਂ ਅਤੇ ਬਾਰ੍ਹਵੀਂ ਜਮਾਤਾਂ ਵਿੱਚ ਪੰਜਾਬ ਦੇ ਸਰਕਾਰੀ ਸਕੂਲਾਂ ਦੇ ਨਤੀਜੇ ਪ੍ਰਾਈਵੇਟ ਸਕੂਲਾਂ ਦੇ ਨਤੀਜਿਆਂ ਨਾਲੋਂ ਬਿਹਤਰ ਰਹੇ ਹਨ| ਉਹਨਾਂ ਜ਼ਿਕਰ ਕੀਤਾ ਕਿ ਬੋਰਡ ਦੇ ਇਤਿਹਾਸ ਵਿੱਚ ਪਹਿਲੀ ਵਾਰ ਇਸ ਤਰ੍ਹਾਂ ਦੇ ਵਧੀਆ ਨਤੀਜੇ ਆਏ ਹਨ| ਸਿੱਖਿਆ ਸਕੱਤਰ ਨੇ ਨਤੀਜਿਆਂ ਦੀ ਕਾਮਯਾਬੀ ਲਈ ਅਧਿਆਪਕਾਂ ਦੀ ਸਖ਼ਤ ਮਿਹਨਤ ਅਤੇ ਯੋਗ ਅਗਵਾਈ ਦੀ ਭਰਪੂਰ ਪ੍ਰਸ਼ੰਸਾ ਕੀਤੀ| ਉਹਨਾਂ ਇਹ ਵੀ ਕਿਹਾ ਕਿ ਸਖ਼ਤ ਮਿਹਨਤ, ਲਗਾਤਾਰਤਾ ਅਤੇ ਅਨੁਸਾਸ਼ਨ ਸਫ਼ਲਤਾ ਦੇ ਗੁੱਝੇ ਭੇਤ ਹਨ| ਉਹਨਾਂ ਨੇ ਅਧਿਆਪਕਾਂ ਨੂੰ ਹੁਣੇ ਤੋਂ ਹੀ ਅਗਲੇ ਇਮਤਿਹਾਨਾਂ ਦੀ ਤਿਆਰੀ ਵਿੱਚ ਜੁਟ ਜਾਣ ਤੇ ਅੱਗੇ ਲਈ ਹੋਰ ਚੰਗੇ ਨਤੀਜੇ ਦੇਣ ਲਈ ਵੀ ਉਤਸ਼ਾਹਿਤ ਕੀਤਾ|
ਸਨਮਾਨ ਸਮਾਰੋਹ ਦੇ ਮੁੱਖ ਮਹਿਮਾਨ ਅਤੇ ਅਧਿਆਪਕਾਂ ਨੂੰ ਜੀ ਆਇਆਂ ਨੂੰ ਕਹਿੰਦਿਆਂ ਇੰਦਰਜੀਤ ਸਿੰਘ ਡਾਇਰੈਕਟਰ ਰਾਜ ਸਿੱਖਿਆ ਖੋਜ ਅਤੇ ਸਿਖਲਾਈ ਪ੍ਰੀਸ਼ਦ ਪੰਜਾਬ ਨੇ ਕਿਹਾ ਕਿ ਲਗਪਗ ਪੌਣੇ ਦੋ ਸਾਲ ਪਹਿਲਾਂ ਨਾਲੋਂ ਸਿੱਖਿਆ ਵਿਭਾਗ ਦੀ ਹੁਣ ਦੀ ਕਾਰਗੁਜ਼ਾਰੀ ਬਹੁਤ ਹੀ ਸ਼ਾਨਦਾਰ ਅਤੇ ਸ਼ਲਾਘਾਯੋਗ ਹੈ| ਉਹਨਾਂ ਵਿਭਾਗ ਵੱਲੋਂ ਮੁਹੱਈਆ ਕਰਵਾਈ ਜਾ ਰਹੀ ਸਕੂਲੀ ਗੁਣਾਤਮਿਕ ਸਿੱਖਿਆ ਨੂੰ ਹੋਰ ਚੰਗੇਰਾ ਬਣਾਉਣ ਲਈ ਵੀ ਸਕੂਲ ਮੁਖੀਆਂ ਨੂੰ ਪ੍ਰੇਰਿਤ ਕੀਤਾ| ਉਹਨਾਂ ਇਸ ਵਾਰ 30 ਫੀਸਦੀ ਨਤੀਜਿਆਂ ਦੇ ਇਜ਼ਾਫੇ ਦਾ ਜ਼ਿਕਰ ਕਰਦਿਆਂ ਕਿਹਾ ਕਿ ਸਿੱਖਿਆ ਵਿਭਾਗ ਕਮਜ਼ੋਰ ਵਿਦਿਆਰਥੀਆਂ ਵੱਲ ਵੀ ਵਿਸ਼ੇਸ਼ ਤਵੱਜੋ ਦੇ ਰਿਹਾ ਹੈ|
ਅੱਜ ਦੇ ਇਸ ਸਨਮਾਨ ਸਮਾਰੋਹ ਵਿੱਚ ਜ਼ਿਲ੍ਹਾ ਬਠਿੰਡਾ ਦੇ 65 ਸੀਨੀਅਰ ਸੈਕੰਡਰੀ ਸਕੂਲਾਂ ਤੇ 52 ਹਾਈ ਸਕੂਲਾਂ ਦੇ ਮੁਖੀਆਂ ਦੇ ਨਾਲ਼-ਨਾਲ਼ ਨੋਡਲ ਅਫ਼ਸਰ ਪਰਮਿੰਦਰ ਕੌਰ, ਬਲਜੀਤ ਕੁਮਾਰ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ, ਭੁਪਿੰਦਰ ਕੌਰ ਉਪ-ਜ਼ਿਲ੍ਹਾ ਸਿੱਖਿਆ ਅਫ਼ਸਰ, ਸਤਵਿੰਦਰ ਕੌਰ ਪ੍ਰਿੰਸੀਪਲ ਡਾਇਟ, ਪ੍ਰੇਮ ਕੁਮਾਰ ਮਿੱਤਲ ਇੰਚਾਰਜ ਸਿੱਖਿਆ ਸੁਧਾਰ ਟੀਮ, ਜ਼ਿਲ੍ਹਾ ਸਮਾਰਟ ਸਕੂਲ ਮੈਂਟਰ ਮਹਿੰਦਰਪਾਲ ਸਿੰਘ, ਜ਼ਿਲ੍ਹਾ ਮੈਂਟਰ ਸਾਇੰਸ ਹਰਸਿਮਰਨ ਸਿੰਘ, ਜ਼ਿਲ੍ਹਾ ਮੈਂਟਰ ਅੰਗਰੇਜ਼ੀ ਬਾਲ ਕ੍ਰਿਸ਼ਨ, ਜ਼ਿਲ੍ਹਾ ਮੈਂਟਰ ਗਣਿਤ ਹਰਭਜਨ ਸਿੰਘ ਨੂੰ ਵੀ ਸਨਮਾਨਿਤ ਕੀਤਾ ਗਿਆ|
ਇਸੇ ਤਰ੍ਹਾਂ ਜ਼ਿਲ੍ਹਾ ਬਰਨਾਲਾ ਦੇ 26 ਸੀਨੀਅਰ ਸੈਕੰਡਰੀ ਸਕੂਲਾਂ ਅਤੇ 13 ਹਾਈ ਸਕੂਲਾਂ ਦੇ ਸਕੂਲ ਮੁਖੀਆਂ ਦੇ ਨਾਲ਼-ਨਾਲ਼ ਜ਼ਿਲ੍ਹਾ ਨੋਡਲ ਅਫ਼ਸਰ ਜਯੋਤੀ ਚਾਵਲਾ, ਰਾਜਵੰਤ ਕੌਰ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ, ਹਰਕੰਵਲ ਕੌਰ ਉਪ-ਜ਼ਿਲ੍ਹਾ ਸਿੱਖਿਆ ਅਫ਼ਸਰ, ਜ਼ਿਲ੍ਹਾ ਸਮਾਰਟ ਸਕੂਲ ਮੈਂਟਰ ਰਵਿੰਦਰਪਾਲ ਸਿੰਘ, ਜ਼ਿਲ੍ਹਾ ਮੈਂਟਰ ਸਾਇੰਸ ਸ਼ਿਵ ਕੁਮਾਰ, ਜ਼ਿਲ੍ਹਾ ਮੈਂਟਰ ਅੰਗਰੇਜ਼ੀ ਰਾਜੇਸ਼ ਕੁਮਾਰ, ਜ਼ਿਲ੍ਹਾ ਮੈਂਟਰ ਗਣਿਤ ਪੁਨੀਤ ਗਰਗ ਨੂੰ ਵੀ ਸਨਮਾਨਿਤ ਕੀਤਾ ਗਿਆ|
ਇਸ ਮੌਕੇ ਮੁੱਖ ਦਫ਼ਤਰ ਵੱਲੋਂ ਸੁਭਾਸ਼ ਮਹਾਜਨ, ਮਨੋਜ ਕੁਮਾਰ, ਪਵਨ ਕੁਮਾਰ, ਸੰਜੀਵ ਕੁਮਾਰ, ਗੁਰਮੇਜ ਕੈਂਥ, ਡਾ. ਜਰਨੈਲ ਸਿੰਘ ਕਾਲੇਕੇ, ਮਨਿੰਦਰ ਸਿੰਘ ਸਰਕਾਰੀਆ, ਲਲਿਤ ਕਿਸ਼ੋਰ ਘਈ, ਡਾ. ਦਵਿੰਦਰ ਬੋਹਾ, ਜਸਕੀਰਤ ਕੌਰ, ਬਲਜਿੰਦਰ ਸਿੰਘ, ਕਮਲਜੀਤ ਕੌਰ, ਰੇਨੂੰ ਮਹਿਤਾ, ਸੋਹਨ ਸਿੰਘ, ਗੁਰਜੀਤ ਸਿੰਘ, ਸੰਦੀਪ ਨਾਗਰ, ਕਰਮਜੀਤ ਕੌਰ, ਬਲਵਿੰਦਰ ਸਿੰਘ, ਅਤੇ ਸਿੱਖਿਆ ਵਿਭਾਗ ਦੇ ਹੋਰ ਆਹਲਾ ਅਧਿਕਾਰੀ ਵੀ ਹਾਜ਼ਰ ਸਨ|