ਐੱਸ.ਏ.ਐੱਸ. ਨਗਰ 19 ਮਈ, 2019: ਸਿੱਖਿਆ ਵਿਭਾਗ ਪੰਜਾਬ ਵੱਲੋਂ ਜਿੱਥੇ ਆਹਲਾ ਅਧਿਕਾਰੀ, ਸਕੂਲ ਪ੍ਰਿੰਸੀਪਲ ਤੇ ਮੁੱਖ ਅਧਿਆਪਕ, ਵੱਡੀ ਗਿਣਤੀ ਵਿੱਚ ਅਧਿਆਪਕ ਅਤੇ ਨਾਨ-ਟੀਚਿੰਗ ਸਟਾਫ਼ ਲੋਕ ਸਭਾ ਚੋਣਾਂ ਦੇ ਆਯੋਜਨ ਲਈ ਆਪਣੀਆਂ ਸੇਵਾਵਾਂ ਇੱਕ ਜਿੰਮੇਵਾਰਾਨਾ ਢੰਗ ਨਾਲ ਨਿਭਾਉਂਦੇ ਨਜ਼ਰ ਆਏ ਉੱਥੇ ਹੀ ਇਸ ਵਾਰ ਸਰਕਾਰੀ ਸਕੂਲਾਂ ਦੇ ਬੱਚਿਆਂ ਨੇ ਵੋਟ ਵਲੰਟੀਅਰ ਦੇ ਤੌਰ 'ਤੇ ਸੇਵਾ ਕਰਕੇ ਲੋਕਤੰਤਰ ਦੇ ਖ਼ਾਸ ਤਿਉਹਾਰ ਵਿੱਚ ਆਪਣਾ ਬਣਦਾ ਯੋਗਦਾਨ ਪਾਇਆ|
ਪਹਿਲਾਂ ਦੀ ਤਰ੍ਹਾਂ ਇਸ ਵਾਰ ਵੀ ਸਰਕਾਰੀ ਸਕੂਲਾਂ ਵਿੱਚ ਮਾਡਲ ਬੂਥ ਬਣਾਏ ਗਏ ਤੇ ਸਕੂਲ ਮੁਖੀਆਂ ਦੁਆਰਾ ਵੀ ਇਹਨਾਂ ਬੂਥਾਂ ਨੂੰ ਸਜਾਉਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਗਈ| ਪਰੰਤੂ ਇਸ ਵਾਰ ਚੋਣ ਕਮਿਸ਼ਨ ਵੱਲੋਂ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਬਤੌਰ ਵਲੰਟੀਅਰ ਕੰਮ ਕਰਨ ਦਾ ਮੌਕਾ ਦੇ ਕੇ ਚੋਣਾਂ ਦੇ ਮਾਹੌਲ ਪ੍ਰਤੀ ਪ੍ਰਯੋਗੀ ਜਾਣਕਾਰੀ ਵੀ ਪ੍ਰਾਪਤ ਕਰਨ ਦਾ ਮੌਕਾ ਦਿੱਤਾ ਗਿਆ ਹੈ| ਇਹਨਾਂ ਵਲੰਟੀਅਰ ਵਿਦਿਆਰਥੀਆਂ ਨੂੰ ਚੋਣ ਕਮਿਸ਼ਨ ਵੱਲੋਂ ਵਿਸ਼ੇਸ਼ ਪ੍ਰਮਾਣ-ਪੱਤਰ ਵੀ ਦਿੱਤੇ ਗਏ ਹਨ|
ਇਸ ਸਬੰਧੀ ਸਸਸਸ ਮੂਲੇਪੁਰ ਫ਼ਤਿਹਗੜ੍ਹ ਸਾਹਿਬ ਦੇ ਪ੍ਰਿੰਸੀਪਲ ਰਾਜੇਸ਼ ਵਰਮਾ ਨੇ ਦੱਸਿਆ ਗਿਆ ਕਿ ਯੁਵਕ ਸੇਵਾਵਾਂ ਵਿਭਾਗ ਦੇ ਡਾਇਰੈਕਟਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਇਸ ਵਾਰ ਉਨ੍ਹਾਂ ਦੇ ਚਾਰ ਵਿਦਿਆਰਥੀਆਂ ਨੇ ਬਤੌਰ ਵੋਟ ਵਲੰਟੀਅਰ ਸੇਵਾ ਨਿਭਾਈ ਹੈ| ਉਨ੍ਹਾਂ ਨੂੰ ਇਸ ਗੱਲ ਦੀ ਬਹੁਤ ਖ਼ੁਸ਼ੀ ਹੈ ਕਿ ਵਿਦਿਆਰਥੀਆਂ ਨੇ ਸਰੀਰਕ ਪੱਖੋਂ ਕਮਜ਼ੋਰ ਜਾਂ ਵਿਸ਼ੇਸ਼ ਜ਼ਰੂਰਤਾਂ ਵਾਲੇ ਵੋਟਰਾਂ ਨੂੰ ਆਉਣ ਜਾਣ ਵਿੱਚ ਸਹਿਯੋਗ ਦਿੱਤਾ ਹੈ ਅਤੇ ਦੁਆਵਾਂ ਲਈਆਂ ਹਨ| ਇਸ ਦੇ ਨਾਲ ਹੀ ਉਨ੍ਹਾਂ ਨੇ ਚੋਣ ਪ੍ਰਕਿਰਿਆ ਨੂੰ ਨਜ਼ਦੀਕ ਤੋਂ ਹੋ ਕੇ ਸਮਝਣ ਦੀ ਕੋਸ਼ਿਸ਼ ਵੀ ਕੀਤੀ ਹੈ| ਉਨ੍ਹਾਂ ਕਿਹਾ ਕਿ ਚੋਣ ਕਮਿਸ਼ਨ ਦਾ ਇਹ ਫ਼ੈਸਲਾ ਸ਼ਲਾਘਾਯੋਗ ਹੈ| ਇਸ ਸਬੰਧੀ ਪ੍ਰਿੰਸੀਪਲ ਅਸ਼ੋਕ ਬਸਰਾ ਜਲੰਧਰ ਨੇ ਕਿਹਾ ਕਿ ਇਹਨਾਂ ਵਿਦਿਆਰਥੀਆਂ ਨੂੰ ਬਜ਼ੁਰਗਾਂ ਨੇ ਦਿਲੋਂ ਦੁਆਵਾਂ ਦਿੱਤੀਆਂ ਅਤੇ ਨੇਕੀ ਕਰਨ ਲਈ ਵੀ ਪ੍ਰੇਰਿਆ|
ਇਸ ਸਬੰਧੀ ਸਕੱਤਰ ਸਕੂਲ ਸਿੱਖਿਆ ਕ੍ਰਿਸ਼ਨ ਕੁਮਾਰ ਨੇ ਚੋਣ ਪ੍ਰਕਿਰਿਆ ਵਿੱਚ ਬਤੌਰ ਵੋਟ ਵਲੰਟੀਅਰ ਕੰਮ ਕਰਨ ਵਾਲੇ ਵਿਦਿਆਰਥੀਆਂ ਤੇ ਉਨ੍ਹਾਂ ਦੇ ਅਧਿਆਪਕਾਂ ਨੂੰ ਵਧਾਈ ਦਿੱਤੀ| ਉਨ੍ਹਾਂ ਕਿਹਾ ਕਿ ਇਸ ਨਾਲ ਸਪਸ਼ਟ ਹੋਇਆ ਹੈ ਕਿ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਵਿੱਚ ਸੇਵਾ ਭਾਵਨਾ ਬਹੁਤ ਹੈ| ਉਨ੍ਹਾਂ ਨੇ ਇਸ ਮੌਕੇ ਨੂੰ ਅਜਾਈਂ ਨਹੀਂ ਜਾਣ ਦਿੱਤਾ ਹੈ| ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਪੰਜਾਬ ਦੇ ਸਮੂਹ ਸਕੂਲ ਮੁਖੀਆਂ ਤੋਂ ਇਸ ਤਰ੍ਹਾਂ ਦੀ ਰਿਪੋਰਟਾਂ ਪ੍ਰਾਪਤ ਹੋਈਆਂ ਹਨ| ਵਿਦਿਆਰਥੀਆਂ ਨੇ ਸਕਾਊਟ ਐਂਡ ਗਾਈਡ, ਐਨ.ਸੀ.ਸੀ. ਅਤੇ ਰਾਸ਼ਟਰੀ ਸੇਵਾ ਯੋਜਨਾ ਦੇ ਤਹਿਤ ਸਕੂਲਾਂ ਵਿੱਚ ਵੋਟਰਾਂ ਨੂੰ ਅਸਾਨੀ ਨਾਲ਼ ਲਿਆਉਣ ਤੇ ਲਿਜਾਉਣ ਦੇ ਨਾਲ਼-ਨਾਲ਼ ਪੀਣ ਵਾਲੇ ਪਾਣੀ ਦੀ ਸੇਵਾ ਵੀ ਕੀਤੀ ਹੈ| ਉਨ੍ਹਾਂ ਸਮੂਹ ਸਕੂਲ ਮੁਖੀਆਂ ਨੂੰ ਇਸ ਸਬੰਧੀ ਮੁਬਾਰਕਬਾਦ ਦਿੱਤੀ ਹੈ|