ਗਿੱਦੜਬਾਹਾ, ਸ੍ਰੀ ਮੁਕਤਸਰ ਸਾਹਿਬ, 04 ਅਪਰੈਲ 2019: ਆਗਾਮੀ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਜ਼ਿਲਾ ਸ੍ਰੀ ਮੁਕਤਸਰ ਸਾਹਿਬ ਦੇ ਵੋਟਰਾਂ ਨੂੰ ਬਿਨਾਂ ਕਿਸੇ ਡਰ, ਭੈਅ ਜਾਂ ਲਾਲਚ ਦੇ ਵੋਟ ਪਾਉਣ ਲਈ ਪ੍ਰੇਰਿਤ ਕਰਨ ਵਾਸਤੇ ਅੱਜ ਪਿੰਡ ਭਲਾਈਆਣਾ, ਮਧੀਰ, ਬੁੱਟਰ ਬਖੂਆ ਤੇ ਬੁਬਾਨੀਆਂ ਵਿਚ ਜਾਗਰੂਕਤਾ ਸਮਾਗਮ ਕਰਾਏ ਗਏ। ਇਨਾਂ ਸਮਾਗਮਾਂ ਵਿਚ ਸ੍ਰੀ ਮੁਕਤਸਰ ਸਾਹਿਬ ਦੇ ਸਹਾਇਕ ਜ਼ਿਲਾ ਚੋਣ ਅਫਸਰ ਕਮ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ. ਹਰਿੰਦਰ ਸਿੰਘ ਸਰਾਂ ਤੇ ਸਹਾਇਕ ਰਿਟਰਨਿੰਗ ਅਫਸਰ ਕਮ ਐਸਡੀਐਮ ਗਿੱਦੜਬਾਹਾ ਸ੍ਰੀ ਓਮ ਪ੍ਰਕਾਸ਼ ਜੀ ਸ਼ਾਮਲ ਹੋਏ।
ਇਸ ਮੌਕੇ ਸੰਬੋਧਨ ਕਰਦਿਆਂ ਸ. ਸਰਾਂ ਅਤੇ ਸ੍ਰੀ ਓਮ ਪ੍ਰਕਾਸ਼ ਨੇ ਹਾਜ਼ਰੀਨ ਨੂੰ ਦੱਸਿਆ ਕਿ ਲੋਕਤੰਤਰ ਵਿਚ ਵੋਟ ਦਾ ਅਧਿਕਾਰੀ ਸਭ ਤੋਂ ਵੱਡਾ ਅਧਿਕਾਰ ਹੈ ਤੇ ਇਸ ਅਧਿਕਾਰ ਦੀ ਵਰਤੋਂ ਬਹੁਤ ਜ਼ਿੰਮੇਵਾਰੀ ਨਾਲ ਕਰਨੀ ਚਾਹੀਦੀ ਹੈ। ਉਨਾਂ ਕਿਹਾ ਕਿ ਵੋਟਰ ਬਿਨਾਂ ਕਿਸੇ ਡਰ, ਭੈਅ ਤੇ ਲਾਲਚ ਤੋਂ ਆਪਣੇ ਵੋਟ ਦੇ ਹੱਕ ਦਂੀ ਵਰਤਂੋ ਕਰਨ। ਸਹਾਇਕ ਰਿਟਰਨਿੰਗ ਅਫਸਰ ਨੇ ਕਿਹਾ ਕਿ ਜੇ ਕੋਈ ਵਿਅਕਤੀ ਕਿਸੇ ਨੂੰ ਵੋਟ ਪਾਉਣ ਤੋਂ ਰੋਕਦਾ ਹੈ ਜਾਂ ਧਮਕਾਉਦਾ ਹੈ ਤਾਂ 01637-231931 ’ਤੇ ਜਾਂ ਚੋਣ ਕਮਿਸ਼ਨਰ ਵੱਲੋਂ ਜਾਰੀ ਨੰਬਰ 1950 ’ਤੇ ਸ਼ਿਕਾਇਤ ਕੀਤੀ ਜਾ ਸਕਦੀ ਹੈ। ਇਸ ਮੌਕੇ ਸਵੀਪ ਗਤੀਵਿਧੀਆਂ ਵੀ ਕਰਾਈਆਂ ਗਈਆਂ ਅਤੇ ਲੋਕਾਂ ਨੂੰ ਈਵੀਐਮ/ ਵੀਵੀਪੈਟ ਮਸ਼ੀਨਾਂ ਬਾਰੇ ਵੀ ਜਾਣਕਾਰੀ ਦਿੱਤੀ ਗਈ। ਇਸ ਮੌਕੇ ਦੱਸਿਆ ਗਿਆ ਕਿ ਵੋਟਾਂ ਵਾਲੇ ਦਿਨ ਵਿਸ਼ੇਸ਼ ਲੋੜਾਂ ਵਾਲੇ ਵਿਅਕਤੀਆਂ, ਬਿਮਾਰ ਵੋਟਰਾਂ, ਬਜ਼ੁਰਗ ਵੋਟਰਾਂ, ਗਰਭਵਤੀ ਔਰਤਾਂ ਆਦਿ ਦੀ ਸਹਾਇਤਾ ਲਈ ਆਸ਼ਾ ਵਰਕਰਾਂ, ਆਂਗਣਵਾੜੀ ਵਰਕਰਾਂ, ਐਨਜੀਓਜ਼, ਜੀਓਜੀਜ਼ ਤੇ ਹੋਰ ਸਮਾਜ ਸੇਵੀਆਂ ਦੀਆਂ ਵੱਖ ਵੱਖ ਟੀਮਾਂ ਬਣਾਈਆਂ ਗਈਆਂ ਹਨ ਤੇ ਇਨਾਂ ਵੋਟਰਾਂ ਨੂੰ ਵੋਟ ਪਾਉਣ ਵਿਚ ਕੋਈ ਮੁਸ਼ਕਲ ਨਹੀਂ ਆਉਣ ਦਿੱਤੀ ਜਾਵੇਗੀ।