← ਪਿਛੇ ਪਰਤੋ
ਮਾਨਸਾ 08 ਮਈ 2019: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਕਿਹਾ ਕਿ ਪੰਜਾਬ ਦਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਾਹਮਣੇ ਸ਼ਰਮਨਾਕ ਹਾਰ ਵੇਖ ਕੇ ਪੂਰੀ ਤਰ੍ਹਾਂ ਹਿੱਲ ਗਿਆ ਹੈ ਅਤੇ ਪੰਜਾਬ ਅੰਦਰ ਦੁਬਾਰਾ ਅੱਗ ਲਾਉਣ ਲਈ ਖਾਲਿਸਤਾਨੀਆਂ ਦਾ ਇਸਤੇਮਾਲ ਕਰ ਰਿਹਾ ਹੈ। ਸਰਦਾਰ ਬਾਦਲ ਅੱਜ ਬਾਦਲ ਪਿੰਡ ਵਿਚ ਅਮਰਿੰਦਰ ਦੇ ਚਹੇਤੇ ਖਾਲਿਸਤਾਨੀ ਬਲਜੀਤ ਸਿੰਘ ਦਾਦੂਵਾਲ ਦੀ ਅਗਵਾਈ ਵਿਚ ਖਾਲਿਸਤਾਨੀਆਂ ਵੱਲੋਂ ਸਾਬਕਾ ਮੁੱਖ ਮੰਤਰੀ ਸਰਦਾਰ ਪਰਕਾਸ਼ ਸਿੰਘ ਬਾਦਲ ਦੀ ਰਿਹਾਇਸ਼ ਅੱਗੇ ਧਰਨਾ ਲਾਉਣ ਦੀ ਕੀਤੀ ਨਾਕਾਮ ਕੋਸ਼ਿਸ਼ ਬਾਰੇ ਆਪਣਾ ਪ੍ਰਤੀਕਰਮ ਦੇ ਰਹੇ ਹਨ, ਜਿਹਨਾਂ ਨੂੰ ਸਰਦਾਰ ਸੁਖਬੀਰ ਸਿੰਘ ਬਾਦਲ ਵੱਲੋਂ ਕੀਤੀ ਦਖ਼ਲਅੰਦਾਜ਼ੀ ਮਗਰੋਂ ਖਦੇੜ ਦਿੱਤਾ ਗਿਆ ਸੀ। ਸਰਦਾਰ ਬਾਦਲ ਨੇ ਕਿਹਾ ਕਿ ਸਰਕਾਰ ਵੱਲੋਂ ਕਰਵਾਈ ਗਈ ਇਹ ਘਟਨਾ ਇਸ ਗੱਲ ਦਾ ਸਬੂਤ ਹੈ ਕਿ ਕਾਂਗਰਸ ਲੋਕ ਸਭਾ ਚੋਣਾਂ 'ਚ ਬੁਰੀ ਤਰ੍ਹਾਂ ਹਾਰ ਚੁੱਕੀ ਹੈ। ਉਹਨਾਂ ਕਿਹਾ ਕਿ ਮੁੱਖ ਮੰਤਰੀ ਪਟਿਆਲਾ ਵਿਚ ਹੋ ਰਹੀ ਆਪਣੀ ਸ਼ਰਮਨਾਕ ਹਾਰ ਤੋਂ ਲੋਕਾਂ ਦਾ ਧਿਆਨ ਲਾਂਭੇ ਕਰਨ ਲਈ ਅਜਿਹੀਆਂ ਘਟੀਆਂ ਹਰਕਤਾਂ ਕਰ ਰਿਹਾ ਹੈ। ਉਹਨਾਂ ਕਿਹਾ ਕੈਪਟਨ ਅਤੇ ਉਸ ਦੀ ਸਰਕਾਰ ਖ਼ਿਲਾਫ ਪਨਪੇ ਲੋਕਾਂ ਦੇ ਗੁੱਸੇ ਕਰਕੇ ਕਾਂਗਰਸ ਪੂਰੇ ਰਾਜ ਵਿਚ ਬੁਰੀ ਤਰ੍ਹਾਂ ਹਾਰ ਰਹੀ ਹੈ। ਅਕਾਲੀ ਦਲ ਪ੍ਰਧਾਨ ਨੇ ਕਿਹਾ ਕਿ ਇਹਨਾਂ ਖਾਲਿਸਤਾਨੀਆਂ ਨੂੰ ਪੁਲਿਸ ਦੀ ਸੁਰੱਖਿਆ ਹੇਠ ਸਾਬਕਾ ਮੁੱਖ ਮੰਤਰੀ ਦੀ ਰਿਹਾਇਸ਼ ਤਕ ਲਿਆਂਦਾ ਗਿਆ ਸੀ। ਉਹਨਾਂ ਕਿਹਾ ਕਿ ਜਦੋਂ ਸੂਬੇ ਅੰਦਰ ਚੋਣ ਜ਼ਾਬਤਾ ਲੱਗਿਆ ਹੋਵੇ ਤਾਂ 100 ਦੇ ਕਰੀਬ ਹਥਿਆਰਬੰਦ ਵਿਅਕਤੀ ਕਿਸ ਤਰ੍ਹਾਂ ਖੁੱਲ੍ਹੇ ਘੁੰਮ ਸਕਦੇ ਹਨ? ਦਾਦੂਵਾਲ ਅਤੇ ਉਸ ਦੇ ਟੋਲੇ ਨੂੰ ਸਿੱਖ-ਵਿਰੋਧੀ ਕਾਂਗਰਸ ਪਾਰਟੀ ਦੀ ਬੀ ਟੀਮ ਕਰਾਰ ਦਿੰਦਿਆਂ ਸਰਦਾਰ ਬਾਦਲ ਨੇ ਕਿਹਾ ਕਿ ਇਹਨਾਂ ਖਾਲਿਸਤਾਨੀਆਂ ਨੇ ਅਮਰਿੰਦਰ ਸਿੰਘ ਵੱਲੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਪਾਵਨ ਚਰਨਾਂ ਅਤੇ ਗੁਟਕਾ ਸਾਹਿਬ ਦੀਆਂ ਖਾਧੀਆਂ ਝੂਠੀਆਂ ਸਹੁੰਾਂ ਵਿਰੁੱਧ ਕਦੇ ਪ੍ਰਦਰਸ਼ਨ ਨਹੀਂ ਕੀਤਾ। ਉਹਨਾਂ ਕਿਹਾ ਕਿ ਇਹਨਾਂ ਖਾਲਿਸਤਾਨੀਆਂ ਨੇ ਸ੍ਰੀ ਹਰਿਮੰਦਰ ਸਾਹਿਬ ਉੱਤੇ ਹੋਏ ਫੌਜੀ ਹਮਲੇ, ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਢਾਹੇ ਜਾਣ ਅਤੇ ਹਜ਼ਾਰਾਂ ਨਿਰਦੋਸ਼ ਸਿੱਖਾਂ ਦੇ ਕਤਲੇਆਮ ਖ਼ਿਲਾਫ ਕਦੇ ਕਿਉਂ ਪ੍ਰਦਰਸ਼ਨ ਨਹੀਂ ਕੀਤਾ? ਉਹਨਾਂ ਕਿਹਾ ਕਿ ਇਹ ਸਾਰੇ ਖਾਲਸਾ ਪੰਥ ਦੇ ਗੱਦਾਰ ਅਤੇ ਕਾਂਗਰਸ ਦੇ ਭਾੜੇ ਦੇ ਏਜੰਟ ਹਨ। ਸਰਦਾਰ ਬਾਦਲ ਨੇ ਕਿਹਾ ਕਿ ਅੱਜ ਇਹ ਖਾਲਿਸਤਾਨੀ ਬਹੁਤ ਸਾਰੇ ਪੁਲਿਸ ਨਾਕਿਆਂ ਕੋਲੋਂ ਬਿਨਾਂ ਕਿਸੇ ਰੁਕਾਵਟ ਦੇ ਲੰਘੇ ਸਨ। ਉਹਨਾਂ ਨਾਲ ਪੁਲਿਸ ਸੁਰੱਖਿਆ ਹੋਣ ਕਰਕੇ ਕਿਸੇ ਨੇ ਵੀ ਉਹਨਾਂ ਨੂੰ ਨਹੀਂ ਰੋਕਿਆ। ਸਰਦਾਰ ਬਾਦਲ ਨੇ ਕਿਹਾ ਕਿ ਕਾਂਗਰਸ ਵੱਲੋਂ ਭਵਿੱਖ ਵਿਚ ਕੀਤੀ ਅਜਿਹੀ ਕਿਸੇ ਵੀ ਭੜਕਾਹਟ ਵਾਲੀ ਕੋਝੀ ਹਰਕਤ ਦੇ ਨਤੀਜਿਆਂ ਦੀ ਜ਼ਿੰਮੇਵਾਰੀ ਪੂਰੀ ਤਰ੍ਹਾਂ ਮੁੱਖ ਮੰਤਰੀ ਦੀ ਹੋਵੇਗੀ।
Total Responses : 267