ਅਕਾਲੀ ਦਲ ਦੇ ਨਾਂ ਚੋਣ ਕਮਿਸ਼ਨ ਨੂੰ ਜਾਅਲੀ ਸ਼ਿਕਾਇਤ ਦੇਣੇ ਵਾਲੇ ਖ਼ਿਲਾਫ਼ ਹੋਵੇਗੀ ਪੁਲਿਸ ਕਾਰਵਾਈ
ਪੰਜਾਬ ਸੀ ਈ ਓ ਨੇ ਲਿਆ ਗੰਭੀਰ ਨੋਟਿਸ -ਧੋਖਾਦੇਹੀ ਦੇ ਦੋਸ਼ 'ਚ ਕਾਰਵਾਈ ਕਰਨ ਦੇ ਦਿੱਤੇ ਹੁਕਮ
ਚੰਡੀਗੜ੍ਹ , 29 ਮਾਰਚ , 2019 : ਪੰਜਾਬ ਦੇ ਮੁੱਖ ਚੋਣ ਅਫ਼ਸਰ ਡਾਕਟਰ ਕਰੁਣਾ ਐਸ ਰਾਜੂ ਨੇ ਅਕਾਲੀ ਦਲ ਦੇ ਨਾਂ ਤੇ ਕਿਸੇ ਅਗਿਆਤ ਬੰਦੇ ਵੱਲੋਂ ਪੰਜਾਬ ਦੇ ਇੱਕ ਅਫ਼ਸਰ ਦੇ ਖ਼ਿਲਾਫ਼ ਜਾਅਲੀ ਸ਼ਿਕਾਇਤ ਭੇਜਣ ਦੇ ਮਾਮਲੇ ਦਾ ਸਖ਼ਤ ਨੋਟਿਸ ਲੈਂਦਿਆਂ ਦੋਸ਼ੀ ਦੇ ਖ਼ਿਲਾਫ਼ ਪੁਲਿਸ ਕਾਰਵਾਈ ਦੇ ਨਿਰਦੇਸ਼ ਦਿੱਤੇ ਹਨ .
ਇਹ ਜਾਣਕਾਰੀ ਦਿੰਦੇ ਹੋਏ ਡਾਕਟਰ ਰਾਜੂ ਨੇ ਬਾਬੂਸ਼ਾਹੀ ਡਾਟ ਕਾਮ ਨੂੰ ਦੱਸਿਆ ਕਿ 13 ਮਾਰਚ 2019 ਨੂੰ ਸ਼੍ਰੋਮਣੀ ਅਕਾਲੀ ਦਲ ਦੇ ਲੈਟਰ ਪੈਡ ਤੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਦੀ ਤਰਫ਼ੋਂ ਇੱਕ ਲਿਖਤੀ ਸ਼ਿਕਾਇਤ ਭਾਰਤ ਦੇ ਮੁੱਖ ਚੋਣ ਕਮਿਸ਼ਨਰ ਅਤੇ ਸੀ ਈ ਓ ਪੰਜਾਬ ਦੇ ਨੂੰ ਭੇਜੀ ਗਈ . ਬਾਕਾਇਦਾ ਅੰਗਰੇਜ਼ੀ ਵਿਚ ਟਾਈਪ ਇਸ ਸ਼ਿਕਾਇਤ ਵਿਚ ਪੰਜਾਬ ਦੇ ਦੋ ਸੀਨੀਅਰ ਆਈ ਐਸ ਅਫ਼ਸਰਾਂ ਹੁਸਨ ਲਾਲ ਅਤੇ ਅਜੋਏ ਸ਼ਰਮਾ ਦੇ ਖ਼ਿਲਾਫ਼ ਮਾਡਲ ਕੋਡ ਦੀ ਉਲੰਘਣਾ ਦੇ ਗੰਭੀਰ ਦੋਸ਼ ਲਾ ਕੇ ਦੋਵਾਂ ਦੇ ਖ਼ਿਲਾਫ਼ ਕਾਰਵਾਈ ਕੀਤੇ ਜਾਣ ਦੀ ਮੰਗ ਕੀਤੀ ਗਈ ਸੀ
ਜਦੋਂ ਚੋਣ ਕਮਿਸ਼ਨ ਦੇ ਦਫ਼ਤਰ ਤੋਂ ਅਕਾਲੀ ਦਲ ਦੇ ਦਫ਼ਤਰ ਪਹੁੰਚ ਕੀਤੀ ਗਈ ਤਾਂ ਅਕਾਲੀ ਦਲ ਵੱਲੋਂ ਸਪਸ਼ਟ ਕੀਤਾ ਗਿਆ ਕਿ ਇਹ ਸ਼ਿਕਾਇਤ ਅਕਾਲੀ ਦਲ ਨੇ ਨਹੀਂ ਭੇਜੀ ਅਤੇ ਨਾ ਹੀ ਇਸ ਲਈ ਵਰਤਿਆ ਗਿਆ ਲੈਟਰ ਪੈਡ ਅਕਾਲੀ ਦਲ ਦਾ ਸੀ . ਅਕਾਲੀ ਦਲ ਦੇ ਨੁਮਾਇੰਦੇ ਚਰਨਜੀਤ ਸਿੰਘ ਬਰਾੜ ਵੱਲੋਂ ਸੀ ਈ ਓ ਨੂੰ ਲਿਖਿਆ ਗਿਆ ਕਿ ਇਹ ਸ਼ਿਕਾਇਤ ਜਾਅਲੀ ਸੀ ਅਤੇ ਅਕਾਲੀ ਦਲ ਕੋਈ ਸਬੰਧ ਨਹੀਂ .ਇਸ ਲਈ ਅਕਾਲੀ ਦਲ ਨਾਂਅ ਵਰਤ ਕੇ ਜਾਅਲੀ ਵਰਤੇ ਕਰਨ ਵਾਲੇ ਦੇ ਖ਼ਿਲਾਫ਼ ਕਾਰਵਾਈ ਕੀਤੀ ਜਾਵੇ .
ਡਾ ਰਾਜੂ ਨੇ ਦੱਸਿਆ ਕਿ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਇਸ ਨੂੰ ਪੜਤਾਲ ਅਤੇ ਫ਼ੌਜਦਾਰੀ ਕਾਨੂੰਨੀ ਕਾਰਵਾਈ ਲਈ ਪੁਲਿਸ ਦੇ ਹਵਾਲੇ ਕਰਨ ਦਾ ਨਿਰਨਾ ਕੀਤਾ ਗਿਆ ਹੈ ਤਾਂ ਕਿ ਅੱਗੇ ਨੂੰ ਕੋਈ ਹੋਰ ਵਿਅਕਤੀ ਕਿਸੇ ਦੇ ਨਾਂ ਹੇਠ ਅਜਿਹੀ ਜਾਅਲੀ ਸ਼ਿਕਾਇਤ ਕਰਨ ਦੀ ਹਿੰਮਤ ਨਾ ਕਰੇ .
ਕਮਿਸ਼ਨ ਨੂੰ ਭੇਜੀ ਗਈ ਜਾਅਲੀ ਸ਼ਿਕਾਇਤ ਦੀ ਕਾਪੀ
ਅਕਾਲੀ ਦਲ ਦਫਤਰ ਵਲੋਂ ਕਮਿਸ਼ਨ ਨੂੰ ਲਿਖੇ ਲੈਟਰ ਦੀ ਕਾਪੀ