ਪਟਿਆਲਾ 20 ਅਪ੍ਰੈਲ 2019: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਭਾਰਤੀ ਚੋਣ ਕਮਿਸ਼ਨ ਨੂੰ ਅਪੀਲ ਕੀਤੀ ਹੈ ਕਿ ਉਹ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਅਧਿਆਪਕਾਂ ਨੂੰ ਚੋਣਾਂ ਨਾਲ ਸੰਬੰਧਿਤ ਡਿਊਟੀਆਂ ਤੋਂ ਛੋਟ ਦੇਵੇ, ਕਿਉਂਕਿ ਯੂਨੀਵਰਸਿਟੀ ਕੈਲੰਡਰ ਲੋਕਤੰਤਰੀ ਪ੍ਰਕਿਰਿਆ ਵਿਚ ਸਰਗਰਮ ਭੂਮਿਕਾ ਨਿਭਾਉਣ ਲਈ ਇਹਨਾਂ ਅਧਿਆਪਕਾਂ ਦੀ ਬੌਧਿਕ ਆਜ਼ਾਦੀ ਨੂੰ ਮਾਨਤਾ ਦਿੰਦਾ ਹੋਇਆ ਉਹਨਾਂ ਨੂੰ ਚੋਣ ਪ੍ਰਕਿਰਿਆ ਵਿਚ ਸਿਆਸੀ ਭਾਗੀਦਾਰੀ ਲਈ ਯੋਗ ਕਰਾਰ ਦਿੰਦਾ ਹੈ।
ਚੋਣ ਕਮਿਸ਼ਨ ਨੂੰ ਪੰਜਾਬੀ ਯੂਨੀਵਰਸਿਟੀ ਦੇ ਅਧਿਆਪਕਾਂ ਦੇ ਮਾਮਲੇ ਨੂੰ ਯੂਨੀਵਰਸਿਟੀ ਦੇ ਨਿਯਮਾਂ ਦੀ ਰੋਸ਼ਨੀ ਵਿਚ ਵਿਚਾਰਨ ਦੀ ਅਪੀਲ ਕਰਦਿਆਂ ਸਰਦਾਰ ਬਾਦਲ ਨੇ ਕਿਹਾ ਕਿ ਇਹਨਾਂ ਅਧਿਆਪਕਾਂ ਨੂੰ ਚੋਣ ਡਿਊਟੀਆਂ ਵਿਚ ਲਗਾ ਦੇਣਾ ਇਹਨਾਂ ਨਾਲ ਧੱਕਾ ਹੋਵੇਗਾ, ਕਿਉਂਕਿ ਯੂਨੀਵਰਸਿਟੀ ਕੈਲੰਡਰ ਅਨੁਸਾਰ ਉਹ ਸਿਆਸੀ ਪੁਜ਼ੀਸ਼ਨ ਲੈਣ ਲਈ ਆਜ਼ਾਦ ਹਨ। ਇਸ ਲਈ ਉਹਨਾਂ ਤੋਂ ਚੋਣ ਪ੍ਰਕਿਰਿਆ ਦੌਰਾਨ ਨਿਰਪੱਖ ਰਹਿਣ ਦੀ ਉਮੀਦ ਨਹੀਂ ਕੀਤੀ ਜਾ ਸਕਦੀ। ਇਸ ਲਈ ਉਹਨਾਂ ਨੂੰ ਚੋਣ ਡਿਊਟੀਆਂ ਤੋਂ ਮੁਕਤ ਕੀਤਾ ਜਾਵੇ ਤਾਂ ਕਿ ਉਹਨਾਂ ਦੀ ਪ੍ਰਗਟਾਵੇ ਅਤੇ ਚੋਣਾਂ ਵਿਚ ਭਾਗ ਲੈਣ ਦੀ ਆਜ਼ਾਦੀ ਦਾ ਘਾਣ ਨਾ ਹੋਵੇ।