ਯਾਦਵਿੰਦਰ ਸਿੰਘ ਤੂਰ
ਚੰਡੀਗੜ੍ਹ, 24 ਅਪ੍ਰੈਲ 2019 - ਭਾਜਪਾ ਵੱਲੋਂ ਗੁਰਦਾਸਪੁਰ ਸੀਟ ਤੋਂ ਐਕਟਰ ਸੰਨੀ ਦਿਉਲ ਨੂੰ ਆਪਣਾ ਉਮੀਦਵਾਰ ਐਲਾਨੇ ਜਾਣ ਤੋਂ ਬਾਅਦ ਸਿਆਸੀ ਹਲਚਲ ਹੋਣੀ ਸ਼ੁਰੂ ਹੋ ਗਈ ਹੈ। ਗੁਰਦਾਸਪੁਰ ਤੋਂ ਹੀ 4 ਵਾਰ ਐਮ.ਪੀ ਰਹਿ ਚੁੱਕੇ ਮਰਹੂਮ ਵਿਨੋਦ ਖੰਨਾ ਦੇ ਪਰਿਵਾਰ ਨੂੰ ਇਸ ਲੋਕ ਸਭਾ ਚੋਣ 'ਚ ਮੁੜ ਤੋਂ ਟਿਕਟ ਮਿਲਣ ਦੀ ਪੂਰੀ ਉਮੀਦ ਜਤਾਈ ਜਾ ਰਹੀ ਸੀ। ਪਰ ਹੋਇਆ ਇਸ ਦੇ ਬਿਲਕੁਲ ਉਲਟ, ਜਿਸਦੇ ਚਲਦਿਆਂ ਵਿਨੋਦ ਖੰਨਾ ਦੀ ਪਤਨੀ ਕਵਿਤਾ ਖੰਨਾ ਵੱਲੋਂ ਭਾਜਪਾ ਨਾਲ ਸਖਤ ਨਰਾਜ਼ਗੀ ਜਤਾਈ ਜਾ ਰਹੀ ਹੈ।
ਆਪਣੀ ਨਰਾਜ਼ਗੀ ਦਾ ਪ੍ਰਗਟਾਵਾ ਕਵਿਤਾ ਖੰਨਾ ਨੇ ਬਾਬੂਸ਼ਾਹੀ ਡਾਟ ਕਾਮ ਨਾਲ ਗੱਲ ਕਰਦਿਆਂ ਕੀਤਾ ਹੈ। ਉਨ੍ਹਾਂ ਦੱਸਿਆ ਕਿ ਗੁਰਦਾਸਪੁਰ ਹਲਕੇ ਤੋਂ ਉਨ੍ਹਾਂ ਦੇ ਚਾਹੁਣ ਵਾਲੇ ਕਈ ਵੱਡੇ ਗਰੁੱਪ ਭਾਜਪਾ ਵੱਲੋਂ ਉਨ੍ਹਾਂ ਨੂੰ ਟਿਕਟ ਨਾ ਦਿੱਤੇ ਜਾਣ 'ਤੇ ਰੋਸ ਪ੍ਰਗਟ ਕਰ ਰਹੇ ਹਨ ਤੇ ਉਨ੍ਹਾਂ ਵੱਲੋਂ ਲਗਾਤਾਰ ਦਬਾਅ ਪਾਇਆ ਜਾ ਰਿਹਾ ਹੈ ਕਿ ਉਹ ਅਜ਼ਾਦ ਉਮੀਦਵਾਰ ਵਜੋਂ ਗੁਰਦਾਸਪੁਰ ਤੋਂ ਚੋਣ ਲੜਨ।
ਇਸ ਵਕਤ ਮੁੰਬਈ ਬੈਠੇ ਕਵਿਤਾ ਖੰਨਾ ਨੇ ਦੱਸਿਆ ਕਿ ਉਹ 25 ਅਪ੍ਰੈਲ ਦਿਨ ਵੀਰਵਾਰ ਨੂੰ ਗੁਰਦਾਸਪੁਰ ਆਉਣਗੇ ਤੇ ਪ੍ਰੈੱਸ ਕਾਨਫਰੰਸ ਕਰਨਗੇ, ਜਿਸ 'ਚ ਉਹ ਆਪਣਾ ਆਖ਼ਰੀ ਫੈਸਲਾ ਸਭ ਦੇ ਸਾਹਮਣੇ ਰੱਖਣਗੇ। ਉਨ੍ਹਾਂ ਕਿਹਾ ਕਿ ਲੋਕਾਂ ਦੇ ਕਹਿਣ 'ਤੇ ਉਹ ਗੁਰਦਾਸਪੁਰ ਲੋਕ ਸਭਾ ਸੀਟ ਤੋਂ ਅਜ਼ਾਦ ਉਮੀਦਵਾਰ ਵਜੋਂ ਚੋਣ ਲੜ ਸਕਦੇ ਹਨ। ਪਰ ਫਿਲਹਾਲ ਇਸ ਬਾਬਤ ਕੋਈ ਪੱਕਾ ਫੈਸਲਾ ਨਹੀਂ ਲਿਆ ਗਿਆ, ਜੋ ਕਿ ਭਲਕੇ ਪ੍ਰੈੱਸ ਕਾਨਫਰੰਸ 'ਚ ਹੀ ਉਜਾਗਰ ਹੋ ਸਕਦਾ ਹੈ।
ਕਵਿਤਾ ਖੰਨਾ ਦਾ ਕਹਿਣਾ ਹੈ ਕਿ ਭਾਜਪਾ ਨੇ 2017 'ਚ ਉਨ੍ਹਾਂ ਨੂੰ ਭਰੋਸਾ ਦੁਆਇਆ ਸੀ ਕਿ ਉਹ ਅਗਲੀਆਂ ਚੋਣਾਂ 'ਚ ਉਨ੍ਹਾਂ ਨੂੰ ਉਥੋਂ ਟਿਕਟ ਦੇਣਗੇ, ਕਿਉਂਕਿ ਪਿਛਲੀਆਂ ਚੋਣਾਂ 'ਚ ਭਾਜਪਾ ਵੱਲੋਂ ਸਵਰਨ ਸਲਾਰੀਆ ਨੂੰ ਮੈਦਾਨ 'ਚ ਉਤਾਰਿਆ ਗਿਆ ਸੀ, ਜਿਸ 'ਚ ਉਹ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਤੋਂ ਹਾਰ ਗਏ ਸਨ।