ਬਠਿੰਡਾ 17 ਮਈ 2019: ਕੇਂਦਰੀ ਫੂਡ ਪ੍ਰੋਸੈਸਿੰਗ ਇੰਡਸਟਰੀਜ਼ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਨੇ ਅੱਜ ਆਪਣੀ ਚੋਣ-ਮੁਹਿੰਮ ਸਫਲਤਾ ਨਾਲ ਮੁਕੰਮਲ ਕਰ ਲਈ, ਜਿਸ ਦੌਰਾਨ ਨੇ ਲੋਕਾਂ ਨੇ ਉੁਹਨਾਂ ਦੀ ਕਾਰਗੁਜ਼ਾਰੀ ਦਾ ਮੁੱਲ ਮੋੜਣ ਅਤੇ ਕਾਂਗਰਸ ਅਤੇ ਇਸ ਦੀਆਂ 'ਬੀ' ਟੀਮਾਂ ਨੂੰ ਉਹਨਾਂ ਨਾਲ ਵਿਸ਼ਵਾਸ਼ਘਾਤ ਕਰਨ ਲਈ ਸਬਕ ਸਿਖਾਉਣ ਦਾ ਪ੍ਰਣ ਲਿਆ।
ਹਲਕੇ ਅੰਦਰ ਕੀਤੀਆਂ ਵੱਖ ਵੱਖ ਮੀਟਿੰਗਾਂ ਦੌਰਾਨ ਮੁੱਖ ਮੰਤਰੀ ਉੱਤੇ ਨਿਸ਼ਾਨਾ ਸੇਧਦਿਆਂ ਬੀਬਾ ਬਾਦਲ ਨੇ ਕਿਹਾ ਕਿ ਰਾਜਾ ਉਹਨਾਂ 1500 ਕਿਸਾਨਾਂ ਦੀਆਂ ਖੁਦਕੁਸ਼ੀਆਂ ਲਈ ਸਿੱਧੇ ਤੌਰ ਤੇ ਜ਼ਿੰਮੇਵਾਰ ਹੈ, ਜਿਹਨਾਂ ਨਾਲ ਉਸ ਨੇ 90 ਹਜ਼ਾਰ ਕਰੋੜ ਰੁਪਏ ਦੀ ਮੁਕੰਮਲ ਕਰਜ਼ਾ ਮੁਆਫੀ ਦਾ ਵਾਅਦਾ ਪੂਰਾ ਨਾ ਕਰਕੇ ਵਿਸ਼ਵਾਸ਼ਘਾਤ ਕੀਤਾ ਸੀ। ਉਹਨਾਂ ਕਿਹਾ ਕਿ ਮੁੱਖ ਮੰਤਰੀ ਵੱਧ ਨਸ਼ਾ ਲੈਣ ਕਰਕੇ ਮੌਤ ਦੇ ਮੂੰਹ ਵਿਚ ਜਾ ਪਏ ਉਹਨਾਂ 550 ਨੌਜਵਾਨਾਂ ਦੀ ਮੌਤ ਲਈ ਵੀ ਜ਼ਿੰਮੇਵਾਰ ਹੈ, ਕਿਉਕਿ ਉਸ ਦੇ ਰਾਜ ਵਿਚ ਨਸ਼ਾ ਤਸਕਰੀ ਕਈ ਗੁਣਾ ਵਧ ਚੁੱਕੀ ਹੈ। ਉਹਨਾਂ ਕਿਹਾ ਕਿ ਕੈਪਟਨ ਉਹਨਾਂ ਨੌਜਵਾਨਾਂ ਦੀ ਇੱਕ ਪੂਰੀ ਪੀੜ੍ਹੀ ਨੂੰ ਤਬਾਹ ਕਰਨ ਲਈ ਵੀ ਜ਼ਿੰਮੇਵਾਰ ਹੈ, ਜਿਹਨਾਂ ਨਾਲ ਉਸ ਨੇ ਘਰ ਘਰ ਨੌਕਰੀ ਦਾ ਵਾਅਦਾ ਕੀਤਾ ਸੀ। ਉਸ ਨੇ ਗਰੀਬ ਤਬਕਿਆਂ ਨਾਲ ਕੀਤੇ ਵਾਅਦੇ ਪੂਰੇ ਨਾ ਕਰਕੇ ਇੱਕ ਬਹੁਤ ਵੱਡਾ ਘੋਰ ਪਾਪ ਕੀਤਾ ਹੈ।
ਇਹ ਟਿੱਪਣੀ ਕਰਦਿਆਂ ਕਿ ਅਮਰਿੰਦਰ ਦੇ ਫੈਸਲੇ ਦੀ ਘੜੀ ਆ ਪਹੁੰਚੀ ਹੈ, ਬੀਬਾ ਬਾਦਲ ਨੇ ਕਿਹਾ ਕਿ ਲੋਕ ਬਹੁਤੀ ਦੇਰ ਤਕ ਝੂਠ ਨਾਲ ਨਹੀਂ ਬਹਿਲਣਗੇ। ਮੁੱਖ ਮੰਤਰੀ ਇਸ ਚੋਣ ਵਿਚ ਇਹ ਝੂਠ ਬੋਲ ਕੇ ਨਿਕਲਣ ਦੀ ਕੋਸ਼ਿਸ਼ ਕਰ ਰਿਹਾ ਹੈ ਕਿ ਉਸ ਨੇ ਸਾਰੇ ਕਰਜ਼ੇ ਮੁਆਫ ਕਰ ਦਿੱਤੇ ਹਨ ਅਤੇ ਅੱਠ ਲੱਖ ਨੌਕਰੀਆਂ ਦੇ ਦਿੱਤੀਆਂ ਹਨ, ਪਰ ਕੋਈ ਉਸ ਦਾ ਯਕੀਨ ਨਹੀਂ ਕਰ ਰਿਹਾ ਹੈ। ਲੋਕਾਂ ਨੇ ਉਹਨਾਂ ਨਾਲ ਬੋਲੇ ਗਏ ਝੂਠ ਅਤੇ ਕੀਤੇ ਝੂਠੇ ਵਾਅਦਿਆਂ ਦਾ 19 ਮਈ ਨੂੰ ਇੱਕਜੁਟ ਹੋ ਕੇ ਹਿਸਾਬ ਲੈਣ ਦਾ ਫੈਸਲਾ ਕਰ ਲਿਆ ਹੈ। ਬੀਬਾ ਬਾਦਲ ਨੇ ਕਿਹਾ ਕਿ ਇਹ ਚੋਣ ਕਾਂਗਰਸ ਸਰਕਾਰ ਲਈ ਮੌਤ ਦੀ ਘੰਟੀ ਸਾਬਿਤ ਹੋਵੇਗੀ ਅਤੇ ਸਰਦਾਰ ਪਰਕਾਸ਼ ਸਿੰਘ ਬਾਦਲ ਦੀ ਲੋਕ ਭਲਾਈ ਵਾਲੀ ਸਰਕਾਰ ਦੀ ਵਾਪਸੀ ਲਈ ਰਸਤਾ ਤਿਆਰ ਕਰੇਗੀ। ਇਹਨਾਂ ਮੀਟਿੰਗਾਂ ਦੌਰਾਨ ਲੋਕਾਂ ਨੇ ਬਠਿੰਡਾ ਸਾਂਸਦ ਨੂੰ ਇਹ ਕਹਿੰਦਿਆਂ ਸਮਰਥਨ ਕਰਨ ਦਾ ਭਰੋਸਾ ਦਿਵਾਇਆ ਕਿ 'ਬੀਬਾਜੀ ਵਿਕਾਸ ਦਾ ਮੁੱਲ ਦੁੱਗਣਾ ਮੋੜਾਂਗੇ ਅਤੇ ਕਾਂਗਰਸੀਆਂ ਗੁੰਡਿਆਂ ਨੂੰ ਵਾਪਸ ਉਹਨਾਂ ਦੇ ਘਰ ਭੇਜਾਂਗੇ'। ਉਹਨਾਂ ਨੇ ਆਪ ਅਤੇ ਪੀਡੀਏ ਉਮੀਦਵਾਰ ਸਮੇਤ ਕਾਂਗਰਸ ਦੇ ਸਾਰੇ ਬੀ ਟੀਮ ਉਮੀਦਵਾਰਾਂ ਨੂੰ ਨਕਾਰਨ ਦਾ ਭਰੋਸਾ ਦਿਵਾਇਆ।
ਬੀਬਾ ਬਾਦਲ ਨੇ ਕਿਹਾ ਕਿ ਵਿਕਾਸ ਆਪਣੇ ਮੂੰਹੋਂ ਆਪ ਬੋਲਦਾ ਹੈ ਅਤੇ ਉਹਨਾਂ ਦੇ ਵਿਰੋਧੀ ਵੱਲੋਂ ਕੀਤਾ 'ਢਕਵੰਜ' ਵਿਕਾਸ ਨੂੰ ਨਹੀਂ ਕੱਜ ਸਕਦਾ। ਲੋਕ ਵੇਖ ਚੁੱਕੇ ਹਨ ਕਿ ਮੈਂ ਬਠਿੰਡਾ ਲਈ ਕੀ ਕੀਤਾ ਹੈ। ਉਹ ਬਠਿੰਡਾ ਨੂੰ ਅੱਗੇ ਲਿਜਾਣਾ ਚਾਹੁੰਦੇ ਹਨ ਅਤੇ ਇਸ ਦੀ ਗਿਣਤੀ ਦੇਸ਼ ਦੇ ਵਧੀਆ ਸ਼ਹਿਰਾਂ ਵਿਚ ਕਰਵਾਉਣਾ ਚਾਹੁੰਦੇ ਹਨ, ਨਾ ਕਿ ਇਸ ਦੀ ਤੁਲਨਾ ਮਾੜੇ ਸ਼ਹਿਰਾਂ ਨਾਲ ਕਰਨਾ ਚਾਹੁੰਦੇ ਹਨ।
ਇਹ ਟਿੱਪਣੀ ਕਰਦਿਆਂ ਕਿ ਉਹ ਦਸ ਸਾਲ ਤੋਂ ਹਰ ਚੰਗੇ-ਮਾੜੇ ਸਮਿਆਂ ਵਿਚ ਹਲਕੇ ਦੇ ਲੋਕਾਂ ਦੇ ਨਾਲ ਰਹੇ ਹਨ, ਬੀਬਾ ਬਾਦਲ ਨੇ ਕਿਹਾ ਕਿ ਮੈਂ ਸਾਰੇ ਪਿੰਡਾਂ ਵਿਚ ਗਈ ਹਾਂ ਅਤੇ ਤੁਹਾਨੂੰ ਗਰਾਂਟਾਂ ਦਿੱਤੀਆਂ ਹਨ। ਮੈਂ ਤੁਹਾਡੇ ਪਿੰਡਾਂ ਵਿਚ ਆਰਓ ਸਿਸਟਮ ਅਤੇ ਸੇਵਾ ਕੇਂਦਰ ਬਣਵਾਏ ਹਨ। ਮੈਂ ਖਾਲ ਬਣਵਾਏ, ਤੁਹਾਡੇ ਬਠਿੰਡਾ ਹਲਕੇ ਅੰਦਰ ਏਮਜ਼ ਲੈ ਕੇ ਆਈ, ਜਿਹੜਾ ਤੁਹਾਨੂੰ ਸ਼ਾਨਦਾਰ ਸਿਹਤ ਸਹੂਲਤਾਂ ਪ੍ਰਦਾਨ ਕਰੇਗਾ ਅਤੇ ਨੌਜਵਾਨਾਂ ਲਈ ਹਜ਼ਾਰਾਂ ਨੌਕਰੀਆਂ ਪੈਦਾ ਕਰੇਗਾ। ਮੇਰੇ ਅਣਥੱਕ ਯਤਨਾਂ ਸਦਕਾ ਤੁਹਾਡੇ ਕੋਲ ਹੁਣ ਵਧੀਆ ਰੇਲਵੇ ਸਟੇਸ਼ਨ, ਇੱਕ ਮਲਟੀ ਸਕਿਲ ਟਰੇਨਿੰਗ ਸੈਂਟਰ, ਮਹਾਰਾਜਾ ਰਣਜੀਤ ਸਿੰਘ ਟੈਕਨੀਕਲ ਯੂਨੀਵਰਸਿਟੀ ਅਤੇ ਇੱਕ ਕੇਂਦਰੀ ਯੂਨੀਵਰਸਿਟੀ ਵਰਗੀਆਂ ਸਹੂਲਤਾਂ ਹਨ। ਜੇ ਤੁਸੀਂ ਦੁਬਾਰਾ ਮੈਨੂੰ ਚੁਣਦੇ ਹੋ ਤਾਂ ਮੈਂ ਇੱਥੇ ਹੀ ਨਹੀਂ ਰੁਕਾਂਗੀ, ਸਗੋ ਬਠਿੰਡਾ ਨੂੰ ਇੱਕ ਰਾਸ਼ਟਰੀ ਪੱਧਰ ਦਾ ਮੈਡੀਕਲ ਅਤੇ ਵਿਦਿਅਕ ਸਹੂਲਤਾਂ ਦਾ ਗੜ੍ਹ ਬਣਾਉਣ ਲਈ ਸਖ਼ਤ ਮਿਹਨਤ ਕਰਾਂਗੀ।
ਬੀਬਾ ਬਾਦਲ ਨੇ ਕਿਹਾ ਕਿ ਇਸ ਦੇ ਉਲਟ ਉਹਨਾਂ ਦੇ ਵਿਰੋਧੀ ਲੋਕਾਂ ਨੂੰ 'ਪਰਚੇ' ਕਰਵਾਉਣ ਦੀਆਂ ਧਮਕੀਆਂ ਦੇ ਰਹੇ ਹਨ। ਉਹ ਸਾਰੇ ਭ੍ਰਿਸ਼ਟਾਚਾਰ ਲਈ ਜਾਣੇ ਜਾਂਦੇ ਹਨ। ਕਾਂਗਰਸ ਸਰਕਾਰ ਨੇ ਬਠਿੰਡਾ ਥਰਮਲ ਪਲਾਂਟ ਬੰਦ ਕਰ ਦਿੱਤਾ ਹੈ। ਇਸ ਦੇ ਆਗੂਆਂ ਨੇ ਗੁੰਡਾ ਟੈਕਸ ਸ਼ੁਰੂ ਕਰ ਦਿੱਤਾ ਹੈ, ਜਿਸ ਨਾਲ ਸ਼ਹਿਰ ਦੀ ਅਰਥ ਵਿਵਸਥਾ ਨੂੰ ਸੱਟ ਵੱਜੀ ਹੈ। ਕਾਂਗਰਸ ਸਾਰੇ ਵਿਕਾਸ ਕਾਰਜਾਂ ਨੂੰ ਵੀ ਠੱਪ ਕਰ ਰਹੀ ਹੈ।
ਬਠਿੰਡਾ ਸਾਂਸਦ ਨੇ ਲੋਕਾਂ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਐਨਡੀਏ ਦੀਆਂ ਅਗਾਂਹਵਧੂ ਨੀਤੀਆਂ ਨੂੰ ਵੋਟ ਪਾਉਣ ਦੀ ਅਪੀਲ ਕੀਤੀ। ਉਹਨਾਂ ਕਿਹਾ ਕਿ ਐਨਡੀਏ ਸਰਕਾਰ ਨੇ 1984 ਕਤਲੇਆਮ ਦੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਦਾ ਵਾਅਦਾ ਪੂਰਾ ਕੀਤਾ ਹੈ। ਇਸ ਨੇ ਕਰਤਾਰਪੁਰ ਲਾਂਘੇ ਉਤੇ ਕੰਮ ਸ਼ੁਰੂ ਕਰਵਾ ਕੇ ਸਿੱਖਾਂ ਦੀ ਇੱਕ ਚਿਰੋਕਣੀ ਮੰਗ ਨੂੰ ਪੂਰਾ ਕੀਤਾ ਹੈ। ਇਸ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪਰਕਾਸ਼ ਪੁਰਬ ਲਈ ਸੈਕੜੇਂ ਕਰੋੜ ਰੁਪਏ ਜਾਰੀ ਕੀਤੇ ਹਨ। ਉਹਨਾਂ ਕਿਹਾ ਕਿ ਇਸ ਤੋਂ ਇਲਾਵਾ ਐਨਡੀਏ ਸਰਕਾਰ ਅਤੇ ਸਾਡੇ ਆਗੂ ਨਰਿੰਦਰ ਮੋਦੀ ਇੱਕ ਮਜ਼ਬੂਤ ਭਾਰਤ ਦੇ ਹੱਕ ਵਿਚ ਹਨ, ਇਕ ਅਜਿਹਾ ਭਾਰਤ ਜਿਸ ਉੱਤੇ ਅਸੀਂ ਸਾਰੇ ਮਾਣ ਕਰ ਸਕਦੇ ਹਾਂ। ਆਓ ਅਕਾਲੀ-ਭਾਜਪਾ ਗਠਜੋੜ ਨੂੰ ਦੁਬਾਰਾ ਜਿਤਾਈਏ।