ਗੁਰਭਿੰਦਰ ਗਰੀ
ਮਹਿਲ ਕਲਾਂ, 17 ਮਈ 2019 - ਲੋਕ ਸਭਾ ਚੋਣਾਂ ਦੇ ਪ੍ਰਚਾਰ ਦੌਰਾਨ ਵਿਧਾਨ ਸਭਾ ਹਲਕਾ ਮਹਿਲ ਕਲਾਂ ਅੰਦਰ ਵੀਰਵਾਰ ਦੇਰ ਰਾਤ ਇੱਕ ਅਜਿਹਾ ਸਿਆਸੀ ਧਮਾਕਾ ਹੋਇਆ ਜਿਸ ਦਾ ਅਸਰ ਸਮੁੱਚੇ ਹਲਕੇ ਉੱਪਰ ਪਵੇਗਾ। ਹਲਕੇ ਵਿੱਚ ਤਕੜਾ ਸਿਆਸੀ ਪ੍ਰਭਾਵ ਰੱਖਣ ਵਾਲੇ ਪਿੰਡ ਕੁਰੜ ਦੇ "ਸਰਾਂ ਪਰਿਵਾਰ" ਨੇ ਆਪਣੇ ਸੈਂਕੜੇ ਸਾਥੀਆਂ ਸਮੇਤ ਕਾਂਗਰਸ ਪਾਰਟੀ ਵਿੱਚ ਸ਼ਮੂਲੀਅਤ ਕਰਦੇ ਹੋਏ ਕੇਵਲ ਸਿੰਘ ਢਿੱਲੋਂ ਦੀ ਹਮਾਇਤ ਦਾ ਐਲਾਨ ਕੀਤਾ ।
ਵੀਰਵਾਰ ਦੇਰ ਰਾਤ ਕੇਵਲ ਸਿੰਘ ਢਿੱਲੋਂ ਨੇ ਖੁਦ "ਸਰਾਂ ਪਰਿਵਾਰ" ਦੇ ਗ੍ਰਹਿ ਆ ਕੇ ਉਨ੍ਹਾਂ ਦਾ ਕਾਂਗਰਸ ਪਾਰਟੀ ਵਿੱਚ ਸਵਾਗਤ ਕੀਤਾ । ਜ਼ਿਕਰਯੋਗ ਹੈ ਕਿ ਮਹਿਲ ਕਲਾਂ ਹਲਕੇ ਦੀ ਰਾਜਨੀਤੀ ਅੰਦਰ ਚਰਚਿਤ ਨਾਮ ਗਗਨ ਸਰਾਂ ਵੀ ਇਸੇ ਪਰਿਵਾਰ ਨਾਲ ਹੀ ਸਬੰਧ ਰੱਖਦਾ ਹੈ ਜਿਸ ਉੱਪਰ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਭਗਵੰਤ ਮਾਨ ਨੇ ਸਵਾਲ ਪੁੱਛਣ ਦੇ ਮਾਮਲੇ ਚ ਹੋਈ ਬੋਲ ਚਾਲ ਤੋਂ ਬਾਅਦ ਥਾਣਾ ਮਹਿਲ ਕਲਾਂ ਵਿਖੇ ਮੁਕੱਦਮਾ ਦਰਜ ਕਰਵਾ ਦਿੱਤਾ ਸੀ ।ਸਰਾਂ ਪਰਿਵਾਰ ਸ਼ੁਰੂ ਤੋਂ ਇਹ ਦੋਸ਼ ਲਗਾ ਰਿਹਾ ਹੈ ਕਿ ਭਗਵੰਤ ਮਾਨ ਨੇ ਇਹ ਮੁਕੱਦਮਾ ਸਰਾਸਰ ਝੂਠਾ ਦਰਜ ਕਰਵਾਇਆ ਹੈ ।
ਪਰਿਵਾਰ ਨੇ ਇਹ ਵੀ ਦੋਸ਼ ਲਗਾਇਆ ਕਿ ਭਗਵੰਤ ਮਾਨ ਨੇ ਕਈ ਵਾਰ ਇਹ ਮੁਕੱਦਮਾ ਵਾਪਸ ਲੈਣ ਦੇ ਵਾਅਦੇ ਕੀਤੇ ਪਰ ਉਸ ਦੇ ਇਹ ਵਾਅਦੇ ਭਗਵੰਤ ਮਾਨ ਦੀਆਂ ਹੋਰ ਗੱਲਾਂ ਵਾਂਗ ਲੌਲੀਪੌਪ ਹੀ ਸਾਬਤ ਹੋਏ,ਜਿਸ ਕਰਕੇ ਉਨ੍ਹਾਂ ਭਗਵੰਤ ਮਾਨ ਨੂੰ ਸਿਆਸੀ ਸਬਕ ਸਿਖਾਉਣ ਲਈ ਕੇਵਲ ਸਿੰਘ ਢਿੱਲੋਂ ਦੀ ਹਮਾਇਤ ਦਾ ਐਲਾਨ ਕੀਤਾ ।ਭਾਵੇਂ ਕਿ ਗਗਨ ਸਰਾਂ ਖੁਦ ਕਾਂਗਰਸ ਪਾਰਟੀ ਵਿੱਚ ਸ਼ਾਮਿਲ ਨਹੀਂ ਹੋਇਆ ਪਰ ਉਸਦੇ ਪਰਿਵਾਰਕ ਮੈਂਬਰਾਂ ਨੇ ਕਾਂਗਰਸ ਦਾ "ਹੱਥ" ਫੜ ਲਿਆ ਹੈ। ਇਸ ਮੌਕੇ ਆਪਣੇ ਸੰਬੋਧਨ ਦੌਰਾਨ ਢਿੱਲੋਂ ਨੇ ਕਿਹਾ ਕਿ ਸਰਾਂ ਪਰਿਵਾਰ ਵੱਲੋਂ ਹਮਾਇਤ ਦੇਣ ਕਾਰਨ ਹਲਕੇ ਅੰਦਰ ਕਾਂਗਰਸ ਪਾਰਟੀ ਦੀ ਸਥਿਤੀ ਪਹਿਲਾਂ ਨਾਲੋਂ ਮਜ਼ਬੂਤ ਹੋਈ ਹੈ ।ਵਿਕਾਸ ਪੁਰਸ਼ ਵਜੋਂ ਜਾਣੇ ਜਾਂਦੇ ਕੇਵਲ ਸਿੰਘ ਢਿੱਲੋਂ ਨੇ ਕਿਹਾ ਕਿ ਹਲਕੇ ਦੇ ਸਰਬਪੱਖੀ ਵਿਕਾਸ ਪ੍ਰਤੀ ਉਨ੍ਹਾਂ ਦੀ ਬਚਨਵੱਧਤਾ ਹਮੇਸ਼ਾ ਬਣੀ ਰਹੇਗੀ ।
ਉਨ੍ਹਾਂ ਦੋਸ਼ ਲਗਾਇਆ ਕਿ ਸੰਗਰੂਰ ਹਲਕੇ ਤੋਂ ਹੁਣ ਤੱਕ ਜਿੱਤ ਕੇ ਸੰਸਦ ਵਿੱਚ ਜਾਣ ਵਾਲੇ ਨੇਤਾਵਾਂ ਨੇ ਲੋਕ ਸਭਾ ਵਿੱਚ ਆਪਣੀ ਆਵਾਜ਼ ਬੰਦ ਰੱਖੀ ਜਿਸ ਕਾਰਨ ਸੰਗਰੂਰ ਲੋਕ ਸਭਾ ਹਲਕਾ ਹਰ ਪੱਖੋਂ ਪਛੜਿਆ ਹੋਇਆ ਹੈ,ਢਿੱਲੋਂ ਨੇ ਹਲਕੇ ਦੇ ਵਿਕਾਸ ਲਈ ਅਤੇ ਹਲਕੇ ਅੰਦਰ ਉੱਚ ਕੋਟੀ ਦੀ ਵਿੱਦਿਅਕ ਸੰਸਥਾ ਸਿਹਤ ਸੰਸਥਾ, ਅਤੇ ਇੰਡਸਟਰੀ ਦੀ ਸਥਾਪਨਾ ਲਈ ਵੋਟ ਰੂਪੀ ਸਹਿਯੋਗ ਦੀ ਮੰਗ ਕੀਤੀ ।
ਢਿੱਲੋਂ ਨੇ ਕਿਹਾ ਕਿ ਉਨ੍ਹਾਂ ਨੂੰ ਰਾਜਨੀਤੀ ਦੀ ਕੋਈ ਭੁੱਖ ਨਹੀਂ ਸਗੋਂ ਉਹ ਲੋਕ ਸੇਵਾ ਅਤੇ ਹਲਕੇ ਦੇ ਵਿਕਾਸ ਲਈ ਹੀ ਰਾਜਨੀਤੀ ਵਿੱਚ ਆਏ ਹਨ ।ਲੰਮੇ ਸਮੇਂ ਤੱਕ ਸੰਗਰੂਰ ਅਤੇ ਬਰਨਾਲਾ ਖੇਤਰ ਵਿੱਚ ਆਪਣੀ ਸਿਆਸੀ ਸਰਦਾਰੀ ਕਰਨ ਵਾਲੇ ਢੀਂਡਸਾ ਅਤੇ ਬਰਨਾਲਾ ਪਰਿਵਾਰ ਦੀ ਸਿਆਸੀ ਨਾਲਾਇਕੀ ਬਾਰੇ ਬੋਲਦਿਆਂ ਕੇਵਲ ਸਿੰਘ ਢਿੱਲੋਂ ਨੇ ਕਿਹਾ ਕਿ ਮੁੱਖ ਮੰਤਰੀਆਂ ਦੇ ਸ਼ਹਿਰ ਅਤੇ ਪਿੰਡਾਂ ਦਾ ਵਿਕਾਸ ਮੂੰਹੋਂ ਬੋਲਦਾ ਹੈ ਪਰ ਸੁਖਦੇਵ ਸਿੰਘ ਢੀਂਡਸਾ ਕੇਂਦਰ ਚ ਵਜ਼ੀਰ ਅਤੇ ਸੁਰਜੀਤ ਸਿੰਘ ਬਰਨਾਲਾ ਕੇਂਦਰ ਵਿੱਚ ਵਜ਼ੀਰ ਰਹਿਣ ਤੋਂ ਇਲਾਵਾ ਸੂਬੇ ਦੇ ਮੁੱਖ ਮੰਤਰੀ ਵੀ ਰਹੇ ਪਰ ਮੌਜੂਦਾ ਸਮੇਂ ਵਿੱਚ ਸੰਗਰੂਰ ਅਤੇ ਬਰਨਾਲਾ ਖੇਤਰ ਦਾ ਪੱਛੜਿਆਪਣ ਇਨ੍ਹਾਂ ਸਿਆਸੀ ਪਰਿਵਾਰਾਂ ਨੂੰ ਲੋਕ ਕਟਹਿਰੇ ਵਿਚ ਖੜ੍ਹਾ ਕਰਦਾ ਹੈ ।
ਢਿੱਲੋਂ ਨੇ ਦਾਅਵਾ ਕੀਤਾ ਕਿ ਉਹ "ਸਾਡਾ ਕੀ ਕਸੂਰ ਸਾਡਾ ਜ਼ਿਲ੍ਹਾ ਸੰਗਰੂਰ" ਵਾਲੀ ਧਾਰਨਾ ਬਦਲ ਦੇਣਗੇ ਅਤੇ ਜਦ ਵੀ ਕਿਧਰੇ ਪੰਜਾਬ ਦੇ ਵਿਕਾਸ ਦੀ ਗੱਲ ਚੱਲੇਗੀ ਤਾਂ ਲੋਕ ਸੰਗਰੂਰ ਅਤੇ ਬਰਨਾਲਾ ਖੇਤਰ ਦੇ ਵਿਕਾਸ ਦਾ ਜ਼ਿਕਰ ਕਰਿਆ ਕਰਨਗੇ ।ਆਮ ਆਦਮੀ ਪਾਰਟੀ ਦੇ ਉਮੀਦਵਾਰ ਭਗਵੰਤ ਮਾਨ ਉੱਪਰ ਵਰਦੇ ਹੋਏ ਕੇਵਲ ਸਿੰਘ ਢਿੱਲੋਂ ਨੇ ਕਿਹਾ ਕਿ ਸਰਕਾਰ ਵੱਲੋਂ ਮਿਲਣ ਵਾਲੀਆਂ ਗ੍ਰਾਂਟਾਂ ਪਿੰਡਾਂ ਸ਼ਹਿਰਾਂ ਨੂੰ ਵੰਡਣੀਆਂ ਲੋਕਾਂ ਉੱਪਰ ਕੋਈ ਅਹਿਸਾਨ,ਇਹ ਲੋਕਾਂ ਦਾ ਹੀ ਪੈਸਾ ਹੈ ਅਤੇ ਲੋਕਾਂ ਦਾ ਹੀ ਇਸ ਪੈਸੇ ਉੱਪਰ ਹੱਕ ਹੁੰਦਾ ਹੈ,ਭਗਵੰਤ ਮਾਨ ਗ੍ਰਾਂਟਾਂ ਵੰਡਣ ਦਾ ਅਹਿਸਾਨ ਇਸ ਤਰ੍ਹਾਂ ਕਰ ਰਿਹਾ ਜਿਵੇਂ ਉਸ ਨੇ ਆਪਣੇ ਖ਼ਜ਼ਾਨੇ ਵਿੱਚੋਂ ਲੋਕਾਂ ਨੂੰ ਪੈਸਾ ਦਿੱਤਾ ਹੋਵੇ ।ਢਿੱਲੋਂ ਨੇ ਕਿਹਾ ਕਿ ਭਗਵੰਤ ਮਾਨ ਆਪਣਾ ਵਿਕਾਸ ਫੰਡ ਵੰਡਣ ਦੇ ਮਾਮਲੇ ਵਿੱਚ ਹਿਸਾਬ ਕਿਤਾਬ ਦੇਣ ਦਾ ਨਾਟਕ ਕਰ ਰਿਹਾ ਹੈ ਕਿਉਂਕਿ ਆਮ ਆਦਮੀ ਪਾਰਟੀ ਨੇ ਵਿਦੇਸ਼ਾਂ ਤੋਂ ਆਏ ਅਰਬਾਂ ਕਰੋੜਾਂ ਰੁਪਏ ਦਾ ਹਿਸਾਬ ਪੰਜਾਬ ਦੇ ਲੋਕਾਂ ਨੂੰ ਅਜੇ ਤੱਕ ਨਹੀਂ ਦਿੱਤਾ।ਕੇਵਲ ਸਿੰਘ ਢਿੱਲੋਂ ਨੇ ਭਗਵੰਤ ਮਾਨ ਉੱਪਰ ਸਿੱਧਾ ਹਮਲਾ ਕਰਦੇ ਹੋਏ ਕਿਹਾ ਕਿ ਪਾਰਟੀ ਦਾ ਸੂਬਾ ਪ੍ਰਧਾਨ ਹੋਣ ਦੇ ਨਾਤੇ ਭਗਵੰਤ ਮਾਨ ਲੋਕਾਂ ਦੀ ਕਚਹਿਰੀ ਵਿੱਚ ਆ ਕੇ ਇਹ ਦੱਸਣ ਕਿ ਆਮ ਆਦਮੀ ਪਾਰਟੀ ਦੇ ਉੱਚ ਆਗੂਆਂ ਉਪਰ ਪਿਛਲੀਆਂ ਚੋਣਾਂ ਦੌਰਾਨ ਪੰਜਾਬ ਦੀਆਂ ਧੀਆਂ ਦਾ ਜਿਸਮਾਨੀ ਸ਼ੋਸ਼ਣ ਕਰਨ ਦੇ ਦੋਸ਼ਾਂ ਸਬੰਧੀ ਭਗਵੰਤ ਮਾਨ ਦਾ ਕੀ ਸਟੈਂਡ ਹੈ,ਇਸ ਤੋਂ ਇਲਾਵਾ ਟਿਕਟਾਂ ਵੇਚਣ ਦੇ ਦੋਸ਼ ਅਤੇ ਮਜੀਠੀਆ ਤੋਂ ਮਾਫ਼ੀ ਮੰਗਣ ਸਬੰਧੀ ਭਗਵੰਤ ਮਾਨ ਦੀ ਜ਼ਮੀਰ ਖਾਮੋਸ਼ ਕਿਉਂ ਹੈ ।
ਸਾਰਾ ਦਿਨ ਲੋਕਾਂ ਨੂੰ ਚੁਟਕਲੇ ਸੁਣਾਉਣ ਵਾਲਾ ਆਪਣੀ ਪਾਰਟੀ ਦੇ ਆਗੂਆਂ ਉੱਪਰ ਲੱਗ ਰਹੇ ਦੋਸ਼ਾਂ ਸਬੰਧੀ ਜਵਾਬ ਕਿਉਂ ਨਹੀਂ ਦੇ ਰਿਹਾ। ਇਸ ਮੌਕੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਭੁਪਿੰਦਰ ਸਿੰਘ ਝਲੂਰ,ਕਾਂਗਰਸੀ ਆਗੂ ਗੁਰਦਰਸ਼ਨ ਸਿੰਘ ਬਰਾੜ, ਰਾਜਵਿੰਦਰ ਸਿੰਘ ਸਿੱਧੂ, ਕੈਪਟਨ ਸਾਧੂ ਸਿੰਘ ਮੂੰਮ,ਰਵਿੰਦਰ ਸਿੰਘ ਮੂੰਮ ਜਸਪਾਲ ਸਿੰਘ ਮੂੰਮ, ਹੈਪੀ ਢਿੱਲੋਂ, ਗੁਰਪ੍ਰੀਤ ਸਿੰਘ ਪੰਡੋਰੀ ਸਮੇਤ ਵੱਡੀ ਗਿਣਤੀ 'ਚ ਕਾਂਗਰਸ ਦੇ ਸੀਨੀਅਰ ਆਗੂ ਵੀ ਹਾਜ਼ਰ ਸਨ।