ਬਟਾਲਾ, 08 ਮਈ 2019: ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਭਾਜਪਾ-ਅਕਾਲੀ ਦਲ ਗਠਜੋੜ ਦੇ ਉਮੀਦਵਾਰ ਸਨੀ ਦਿਓਲ ਨੇ ਕਿਹਾ ਕਿ ਹਲਕੇ ਦਾ ਵਿਕਾਸ ਹੀ ਮੇਰਾ ਮੁੱਖ ਮੁੱਦਾ ਹੋਵੇਗਾ ਅਤੇ ਕੋਈ ਕਸਰ ਬਾਕੀ ਨਹੀਂ ਰਹਿਣ ਦੇਵਾਂਗਾ। ਅੱਜ ਇੱਥੇ ਆਪਣਾ ਰੋਡ ਸ਼ੁਰੂ ਕਰਨ ਤੋਂ ਪਹਿਲਾਂ ਲੋਕਾਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਉਹ ਘਟੀਆ ਸਿਆਸਤ ਤੋਂ ਹਮੇਸ਼ਾ ਹੀ ਦੂਰ ਰਹਿਣਗੇ ਅਤੇ ਹਰ ਇਕ ਨੂੰ ਨਾਲ ਲੈ ਕੇ ਚੱਲਣਗੇ।
ਉਨ੍ਹਾਂ ਕਿਹਾ ਕਿ ਹਲਕੇ ਦੇ ਲੋਕਾਂ ਵੱਲੋਂ ਮਿਲ ਰਹੇ ਪਿਆਰ, ਸਤਿਕਾਰ ਅਤੇ ਉਤਸ਼ਾਹ ਤੋਂ ਸਾਫ ਝਲਕ ਨਜ਼ਰ ਆ ਰਹੀ ਹੈ ਕਿ ਉਨ੍ਹਾਂ ਨੂੰ ਵੱਡੀ ਜਿੱਤ ਪ੍ਰਾਪਤ ਹੋਵੇਗੀ। ਉਨ੍ਹਾਂ ਕਿਹਾ ਕਿ ਚੋਣ ਜਿੱਤਣ ਤੋਂ ਬਾਅਦ ਉਹ ਹਲਕੇ ਦੀਆਂ ਸਮੱਸਿਆਵਾਂ ਨੂੰ ਨੇੜੇ ਤੋਂ ਸਮਝ ਕੇ ਉਨ੍ਹਾਂ ਦੇ ਹੱਲ ਲਈ ਯੋਜਨਾਵਾਂ ਨੂੰ ਅਮਲ ਵਿੱਚ ਲਿਆ’ਉਣਗੇ। ਹਲਕੇ ਦੇ ਵੱਖ ਵੱਖ ਥਾਈਂ ਕੀਤੇ ਗਏ ਰੋਡ ਸ਼ੋਅ ਦੌਰਾਨ ਮੈਨੂੰ ਬਹੁਤ ਸਾਰੀਆਂ ਮੁਸ਼ਕਲਾਂ ਦੀ ਨੇੜੇ ਤੋਂ ਜਾਣਕਾਰੀ ਮਿਲੀ ਹੈ, ਇਨ੍ਹਾਂ ਨੂੰ ਰਲ ਕੇ ਹੱਲ ਕਰਾਵਾਂਗੇ।
ਹਲਕਾ ਵਿਧਾਇਕ ਲਖਬੀਰ ਸਿੰਘ ਲੋਧੀਨੰਗਲ ਦੀ ਅਗਵਾਈ ਹੇਠ ਹਜ਼ਾਰਾਂ ਦੀ ਗਿਣਤੀ ਵਿੱਚ ਉਨ੍ਹਾਂ ਦਾ ਸੁਆਗਤ ਕਰਨ ਲਈ ਪੁੱਜੇ ਲੋਕਾਂ ਦੇ ਇਕੱਠ ਨੂੰ ਦੇਖ ਕੇ ਖੁਸ਼ ਹੁੰਦਿਆਂ ਉਨ੍ਹਾਂ ਕਿਹਾ ਕਿ ਵੋਟਰਾਂ ਦੇ ਇਸ ਪਿਆਰ ਦਾ ਅਹਿਸਾਨ ਸਦਾ ਉਨ੍ਹਾਂ ਦੇ ਸਿਰ ਰਹੇਗਾ।
ਇਸ ਤੋਂ ਪਹਿਲਾਂ ਸਨੀ ਦਿਓਲ ਨੇ ਅੱਜ ਗੁਰਦਾਸਪੁਰ ਅਤੇ ਬਟਾਲਾ ਵਿੱਚ ਬਾਰ ਐਸੋਸੀਏਸ਼ਨਾਂ ਦੇ ਮੈਂਬਰ ਵਕੀਲਾਂ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਦੀਆਂ ਸਮਸਿਆਵਾਂ ਸੁਣੀਆਂ। ਇਸ ਦੌਰਾਨ ਦੋਵਾਂ ਬਾਰ ਐਸੋਸੀਏਸ਼ਨਾਂ ਨੇ ਸਨੀ ਦਿਓਲ ਨੂੰ ਸਮਰਥਨ ਦੇਣ ਦਾ ਐਲਾਨ ਕੀਤਾ ਅਤੇ ਭਰੋਸਾ ਦਿਵਾਇਆ ਕਿ ਉਨ੍ਹਾਂ ਦੀ ਜਿੱਤ ਲਈ ਉਹ ਪੂਰਾ ਸਹਿਯੋਗ ਦੇਣਗੇ। ਇਸ ਦੌਰਾਨ ਸਨੀ ਦਿਓਲ ਨੇ ਅੱਜ ਸਰ ਫਰਾਂਸਿਸ ਕੈਥੋਲਿਕ ਚਰਚ ਵਿੱਚ ਜਾ ਕੇ ਆਪਣੀ ਜਿੱਤ ਲਈ ਪ੍ਰਾਰਥਨਾ ਕੀਤੀ।
ਇਸ ਮੌਕੇ ਉਨ੍ਹਾਂ ਦੇ ਨਾਲ ਭਾਜਪਾ ਦੇ ਸਾਬਕਾ ਸੂਬਾ ਪ੍ਰਧਾਨ ਕਮਲ ਸ਼ਰਮਾ, ਅਕਾਲੀ ਦਲ ਦੇ ਜ਼ਿਲਾ ਪ੍ਰਧਾਨ ਗੁਰਬਚਨ ਸਿੰਘ ਬੱਬੇਹਾਲੀ ਤੋਂ ਇਲਾਵਾ ਭਾਜਪਾ ਤੇ ਅਕਾਲੀ ਦਲ ਦੇ ਆਗੂ ਵੱਡੀ ਗਿਣਤੀ ਵਿਚ ਹਾਜ਼ਰ ਸਨ।
ਅੱਜ ਦਾ ਰੋਡ ਸ਼ੋਅ ਬਟਾਲਾ ਦੇ ਗਾਂਧੀ ਕੈਂਪ ਤੋਂ ਸ਼ੁਰੂ ਹੋ ਕੇ ਸਿੰਬਲੀ ਚੌਕ, ਟੈਲੀਫੋਨ ਐਕਸਚੇਂਜ, ਗਾਂਧੀ ਚੌਂਕ, ਜੈਲਘਰ, ਲੱਕੜ ਮੰਡੀ, ਹਸਲੀ ਬ੍ਰਿਜ, ਸਿਟੀ ਰੋਡ, ਨਹਿਰੂ ਰੋਡ, ਮੰਦਿਰ ਕਾਲੀ ਦੁਵਾਰਾ, ਟਿੱਬਾ ਬਾਜ਼ਾਰ ਤੋਂ ਹੁੰਦਾ ਹੋਇਆ ਗੁਰਦੁਆਰਾ ਕੰਧ ਸਾਹਿਬ ਜਾ ਕੇ ਸਮਾਪਤ ਹੋਇਆ। ਗੁਰਦੁਆਰਾ ਕੰਧ ਸਾਹਿਬ ਵਿਖੇ ਮੱਥਾ ਟੇਕ ਕੇ ਆਪਣੀ ਜਿੱਤ ਲਈ ਅਰਦਾਸ ਕੀਤੀ। ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਨੇ ਸਨੀ ਦਿਓਲ ਨੂੰ ਸਿਰੋਪਾ ਭੇਟ ਕੀਤਾ। ਸਨੀ ਦਿਓਲ ਦਾ ਅੱਜ ਦਾ ਰੋਡ ਸ਼ੋਅ ਇੰਨਾ ਪ੍ਰਭਾਵਸ਼ਾਲੀ ਸੀ ਕਿ 200 ਮੀਟਰ ਦਾ ਸਫ਼ਰ 3 ਘੰਟਿਆ ਵਿੱਚ ਪੂਰਾ ਕੀਤਾ ਗਿਆ।