ਨਵਾਂ ਸ਼ਹਿਰ, 02 ਮਈ, 2019: ਸਹਾੲਕਿ ਕਮਿਸ਼ਨਰ (ਜ) ਸ਼ਿਵ ਕੁਮਾਰ ਨੇ ਅੱਜ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਦੇ ਕਿਸਾਨਾਂ ਨੂੰ ਕਣਕ ਦੇ ਨਾੜ ਅਤੇ ਫਸਲਾਂ ਦੀ ਰਹਿੰਦ-ਖੂਹੰਦ ਨੂੰ ਅੱਗ ਲਗਾਉਣ ਤੋਂ ਰੋਕਣ ਪ੍ਰਤੀ ਜਾਗਰੂਕ ਕਰਨ ਲਈ ਜ਼ਿਲ੍ਹੇ ਵਿਚ 5 ਜਾਗਰੂਕਤਾ ਵੈਨਾਂ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਇਸ ਦੇ ਨਾਲ ਹੀ ਉਨ੍ਹਾਂ ਨੇ ਜ਼ਿਲ੍ਹੇ ਦੇ ਸਰਕਾਰੀ ਕਰਮਚਾਰੀਆਂ ਨੂੰ ਵੀ ਆਪਣੇ ਖੇਤਾਂ ਵਿੱਚ ਫਸਲੀ ਰਹਿੰਦ-ਖੂੰਹਦ ਨੂੰ ਅੱਗ ਲਾਉਣ ਦੇ ਹੁਕਮਾਂ ’ਤੇ ਪਾਬੰਦ ਰਹਿਣ ਲਈ ਵੀ ਤਾਕੀਦ ਕੀਤਾ ਤਾਂ ਜੋ ਉਹ ਹੋਰਨਾਂ ਲਈ ਵੀ ਪ੍ਰੇਰਨਾ ਸ੍ਰੋਤ ਬਣ ਸਕਣ।
ਉਨ੍ਹਾਂ ਦੱਸਿਆ ਕਿ ਨੈਸ਼ਨਲ ਗਰੀਨ ਟਿ੍ਰਬਿਊਨਲ ਨਵੀਂ ਦਿੱਲੀ ਵਲੋਂ ਕਣਕ ਦੇ ਨਾੜ ਅਤੇ ਹੋਰ ਫਸਲਾਂ ਦੀ ਰਹਿੰਦ-ਖੂੰਹਦ ਨੂੰ ਅੱਗ ਲਗਾਉਣ ਉਪਰ ਪੂਰਨ ਰੂਪ ਵਿਚ ਪਾਬੰਦੀ ਲਗਾ ਦਿੱਤੀ ਗਈ ਹੈ। ਜੇਕਰ ਕੋਈ ਵੀ ਵਿਅਕਤੀ ਇਨ੍ਹਾਂ ਹੁਕਮਾਂ ਦੀ ਉਲੰਘਣਾ ਕਰੇਗਾ ਤਾਂ ਉਸ ਵਿਰੁੱਧ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ ਅਤੇ ਨੈਸ਼ਨਲ ਗਰੀਨ ਟਿ੍ਰਬਿਊਨਲ ਦੇ ਹੁਕਮਾਂ ਅਨੁਸਾਰ 2500/- ਰੁਪਏ ਤੋਂ ਲੈ ਕੇ 15,000/- ਰੁਪਏ ਤੱਕ ਜੁਰਮਾਨਾ ਵੀ ਕੀਤਾ ਜਾਵੇਗਾ।
ਸਹਾਇਕ ਕਮਿਸ਼ਨਰ ਨੇ ਅੱਗੇ ਦੱਸਿਆ ਕਿ ਇਸ ਦੋ ਦਿਨ ਦੇ ਪ੍ਰੋਗਰਾਮ ਅਧੀਨ ਖੇਤੀਬਾੜੀ ਵਿਭਾਗ ਦਾ ਸਟਾਫ਼ ਇਨ੍ਹਾਂ 5 ਵੈਨਾਂ ਸਮੇਤ ਜ਼ਿਲ੍ਹੇ ਵਿਚ ਪੈਂਦੇ ਸਾਰੇ 474 ਪਿੰਡਾਂ ਵਿਚ ਜਾ ਕੇ ਕਿਸਾਨਾਂ ਨੂੰ ਜਾਗਰੂਕ ਕਰੇਗਾ ਤਾਂ ਜੋ ਸਾਰੇ ਕਿਸਾਨਾਂ ਨੂੰ ਪੰਜਾਬ ਸਰਕਾਰ ਅਤੇ ਨੈਸ਼ਨਲ ਗਰੀਨ ਟਿ੍ਰਬਿਊਨਲ ਨਵੀਂ ਦਿੱਲੀ ਦੀਆਂ ਹਦਾਇਤਾਂ ਬਾਰੇ ਜਾਣੂ ਕਰਵਾਇਆ ਜਾ ਸਕੇ ਅਤੇ ਕਿਸਾਨਾਂ ਨੂੰ ਨਾੜ-ਪਰਾਲੀ ਮਿੱਟੀ ਵਿੱਚ ਮਿਲਾਉਣ ਲਈ ਉਤਸ਼ਾਹਿਤ ਕੀਤਾ ਜਾ ਸਕੇ। ਕਿਸਾਨਾਂ ਨੂੰ ਜਾਗਰੁਕ ਕਰਨ ਲਈ ਵਿਭਾਗ ਵਲੋਂ ਕਣਕ ਦੇ ਨਾੜ ਨੂੰ ਨਾ ਸਾੜਨ ਸੰਬੰਧੀ ਜਾਣਕਾਰੀ ਦੇਣ ਲਈ 5000 ਪੈਂਫਲੈਟਸ ਪਿੰਡਾਂ ਵਿਚ ਵੰਡੇ ਜਾਣਗੇ।
ਉਨ੍ਹਾਂ ਦੱਸਿਆ ਕਿ ਫਸਲਾਂ ਦੀ ਰਹਿੰਦ-ਖੂਹੰਦ ਨੂੰ ਅੱਗ ਲਗਾਉਣ ਵਾਲੇ ਕਿਸਾਨਾਂ ’ਤੇ ਉਪਗ੍ਰਹਿ ਰਾਹੀਂ ਚੌਵੀ ਘੰਟੇ ਟਾਸਕ ਫੋਰਸ ਵਲੋਂ ਨਿਗ੍ਹਾ ਰੱਖੀ ਜਾਵੇਗੀ। ਉਨ੍ਹਾਂ ਇਹ ਵੀ ਦੱਸਿਆ ਕਿ ਨਾੜ ਦੇ ਸੜਨ ਨਾਲ ਪੈਦਾ ਹੁੰਦੇ ਧੂੰਏਂ ਵਾਲੀ ਹਵਾ ਵਿੱਚ ਸਾਹ ਲੈਣ ਨਾਲ ਕਈ ਤਰ੍ਹਾਂ ਦੀਆਂ ਬਿਮਾਰੀਆਂ ਲੱਗਦੀਆਂ ਹਨ। ਧੂੰਏ ਨਾਲ ਵਾਤਾਵਰਣ ਪ੍ਰਦੂਸ਼ਿਤ ਹੋ ਜਾਂਦਾ ਹੈ ਜੋ ਕਿ ਮਨੁੱਖੀ ਸਿਹਤ ਲਈ ਵਧੇਰੇ ਘਾਤਕ ਸਿੱਧ ਹੁੰਦਾ ਹੈ ਅਤੇ ਕਈ ਵਾਰ ਸੜ੍ਹਕੀ ਹਾਦਸਿਆਂ ਦਾ ਕਾਰਨ ਵੀ ਬਣ ਸਕਦਾ ਹੈ। ਇਸ ਨਾਲ ਜ਼ਮੀਨ ਦੀ ਉਪਜਾਊ ਸ਼ਕਤੀ ਘਟਦੀ ਹੈ ਅਤੇ ਖੇਤਾਂ/ਸੜਕਾਂ ਕਿਨਾਰੇ ਲਗਾਏ ਦਰੱਖਤ ਸੜ੍ਹ ਕੇ ਨਸ਼ਟ ਹੋ ਜਾਂਦੇ ਹਨ। ਪੰਛੀ, ਉਨ੍ਹਾਂ ਦੇ ਆਂਡੇ, ਬੋਟ ਅਤੇ ਜ਼ਮੀਨ ਵਿੱਚਲੇ ਮਿੱਤਰ ਕੀੜੇ, ਜੋ ਕਿ ਦੁਸ਼ਮਣ ਕੀੜਿਆਂ ਤੋਂ ਫਸਲ ਦੀ ਰੱਖਿਆ ਕਰਨ ਵਿੱਚ ਮਦਦ ਕਰਦੇ ਹਨ, ਅੱਗ ਲੱਗਣ ਨਾਲ ਸੜ੍ਹ ਕੇ ਖਤਮ ਹੋ ਜਾਂਦੇ ਹਨ।
ਇਸ ਮੌਕੇ ਮੌਜੂਦ ਡਾ. ਗੁਰਬਖਸ਼ ਸਿੰਘ, ਮੁੱਖ ਖੇਤੀਬਾੜੀ ਅਫ਼ਸਰ ਨੇ ਦੱਸਿਆ ਕਿ ਵਿਭਾਗ ਦੇ ਸਮੂਹ ਬਲਾਕਾਂ ਦੇ ਸਟਾਫ਼ ਦੀ ਮੀਟਿੰਗ ਕਰਕੇ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਕਿ ਕਿਸਾਨ ਸਿਖਲਾਈ ਕੈਂਪਾਂ ਰਾਹੀਂ, ਗੁਰਦੁਆਰਿਆਂ/ਸਾਝੀਆਂ ਥਾਵਾਂ ਅਤੇ ਪਿੰਡਾਂ ਦੇ ਮੋਹਤਵਾਰ ਬੰਦਿਆਂ ਰਾਹੀਂ ਕਿਸਾਨਾਂ ਨੂੰ ਨੈਸ਼ਨਲ ਗਰੀਨ ਟਿ੍ਰਬਿਊਨਲ ਦੇ ਇਸ ਫ਼ੈਸਲੇ ਦੀ ਜਾਣਕਾਰੀ ਦਿੱਤੀ ਜਾਵੇ ਅਤੇ ਕਿਸਾਨਾਂ ਨੂੰ ਕਣਕ ਦਾ ਨਾੜ ਸਾੜਨ ਦੀ ਥਾਂ ਜ਼ਮੀਨ ਵਿੱਚ ਹੀ ਮਿਲਾਉਣ ਤੇ ਗਾਲਣ ਬਾਰੇ ਜਾਗਰੂਕ ਕੀਤਾ ਜਾਵੇ। ਇਸ ਨਾਲ ਮਿੱਟੀ ਵਿੱਚ ਹਰਾ ਮਾਦਾ ਵਧੇਗਾ ਅਤੇ ਇਸ ਦੀ ਉਪਜਾਊ ਸ਼ਕਤੀ ਵਿੱਚ ਵੀ ਵਾਧਾ ਹੋਵੇਗਾ ਅਤੇ ਫ਼ਸਲਾਂ ਦਾ ਝਾੜ ਵੱਧ ਪ੍ਰਾਪਤ ਹੋਵੇਗਾ। ਉਹਨਾਂ ਇਹ ਵੀ ਦੱਸਿਆ ਕਿ ਜ਼ਿਲ੍ਹੇ ਵਿਚ ਇਸ ਸਬੰਧੀ ਬਲਾਕ ਪੱਧਰ ’ਤੇ ਟੀਮਾਂ ਦਾ ਗਠਨ ਕੀਤਾ ਜਾ ਚੁੱਕਾ ਹੈ। ਇਸ ਮੌਕੇ ਮੁੱਖ ਖੇਤੀਬਾੜੀ ਅਫਸਰ ਦੇ ਨਾਲ ਡਾ.ਰਾਜ ਕੁਮਾਰ ਖੇਤੀਬਾੜੀ ਵਿਕਾਸ ਅਫ਼ਸਰ, ਇੰਜ. ਅਮਨਪ੍ਰੀਤ ਸਿੰਘ ਘਈ, ਡਾ. ਸੁਸ਼ੀਲ ਕੁਮਾਰ ਖੇਤੀਬਾੜੀ ਅਫ਼ਸਰ ਨਵਾਂਸ਼ਹਿਰ, ਰਾਜ ਕਮੁਾਰ ਖੇਤੀਬਾੜੀ ਅਫ਼ਸਰ ਬਲਾਚੌਰ, ਡਾ. ਰਾਮਪਾਲ, ਡਾ. ਮੀਨਾਕਸ਼ੀ ਕੌਸ਼ਲ, ਡਾ.ਕੁਲਵਿੰਦਰ ਕੌਰ ਅਤੇ ਡਾ. ਕਮਲਦੀਪ ਸਿੰਘ ਪੀ.ਡੀ. ਆਤਮਾ ਵੀ ਮੌਜੂਦ ਸਨ।