ਡਿਪਟੀ ਕਮਿਸ਼ਨਰ ਅਪਨੀਤ ਰਿਆਤ
ਮਿੱਤਰ ਸੈਨ ਸ਼ਰਮਾ
ਮਾਨਸਾ 16 ਮਈ 2019 : ਜ਼ਿਲ੍ਹਾ ਮੈਜਿਸਟਰੇਟ ਸ੍ਰੀਮਤੀ ਅਪਨੀਤ ਰਿਆਤ ਨੇ ਪ੍ਰਾਪਤ ਅਧਿਕਾਰਾਂ ਦੀ ਵਰਤੋ ਕਰਦਿਆਂ ਜ਼ਿਲ੍ਹਾ ਮਾਨਸਾ ਦੇ ਵਿਧਾਨ ਸਭਾ ਹਲਕਿਆਂ ਵਿਚ ਅਮਨ ਤੇ ਕਾਨੂੰਨ ਦੀ ਵਿਵਸਥਾ ਨੂੰ ਬਣਾਏ ਰੱਖਣ ਲਈ ਜ਼ਿਲ੍ਹਾ ਮਾਨਸਾ ਦੇ ਸਾਰੇ ਬਾਹਰੋਂ ਆਏ ਰਾਜਨੀਤਿਕ ਪਾਰਟੀਆਂ ਦੇ ਵਿਅਕਤੀਆਂ ਨੂੰ 17 ਮਈ ਨੂੰ ਸ਼ਾਮ 6 ਵਜੇ ਤੋਂ ਪਹਿਲਾਂ ਵਾਪਸ ਚਲੇ ਜਾਣ ਦੀ ਹਦਾਇਤ ਕੀਤੀ ਹੈ। ਇਸ ਤੋਂ ਇਲਾਵਾ 5 ਵਿਅਕਤੀਆਂ ਤੋਂ ਵੱਧ ਇਕੱਠੇ ਹੋਣ ਅਤੇ ਰੈਲੀ ਆਦਿ ਕਰਨ ਤੇ ਪਾਬੰਦੀ ਲਗਾਈ ਹੈ।
ਜ਼ਿਲ੍ਹਾ ਮੈਜਿਸਟਰੇਟ ਨੇ ਕਿਹਾ ਕਿ ਚੋਣ ਕਮਿਸ਼ਨ ਵੱਲੋਂ ਘੋਸ਼ਿਤ ਕੀਤੇ ਗਏ ਪ੍ਰੋਗਰਾਮ ਅਨੁਸਾਰ ਪੰਜਾਬ ਰਾਜ ਵਿਚ ਲੋਕ ਸਭਾ ਚੋਣਾਂ 19 ਮਈ ਨੂੰ ਹੋਣੀਆਂ ਹਨ, ਜਿਸ ਸਬੰਧੀ ਚੋਣ ਪ੍ਰਚਾਰ 17 ਮਈ ਨੂੰ ਸ਼ਾਮ 6 ਵਜੇ ਤੋਂ ਬੰਦ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਚੋਣਾਂ ਦੌਰਾਨ ਅਮਨ ਤੇ ਕਾਨੂੰਨ ਦੀ ਸਥਿਤੀ ਨੂੰ ਬਰਕਰਾਰ ਰੱਖਣ ਲਈ ਇਹ ਜਰੂਰੀ ਬਣ ਜਾਂਦਾ ਹੈ ਕਿ ਜ਼ਿਲ੍ਹਾ ਮਾਨਸਾ ਦੀ ਹਦੂਦ ਅੰਦਰ ਜੋ ਵੀ ਵਿਅਕਤੀ ਪਾਰਟੀ ਉਮੀਦਵਾਰਾਂ ਦੇ ਹੱਕ ਵਿਚ ਬਾਹਰੋਂ ਚੋਣ ਪ੍ਰਚਾਰ ਕਰਨ ਲਈ ਆਏ ਹੋਏ ਹਨ ਉਹ 17 ਮਈ ਨੂੰ 6 ਵਜੇ ਤੋਂ ਬਾਅਦ ਇਸ ਹਲਕੇ ਵਿਚੋਂ ਵਾਪਸ ਚਲੇ ਜਾਣ ਤਾਂ ਜੋ ਕਿਸੇ ਕਿਸਮ ਦੀ ਕੋਈ ਅਣਹੋਣੀ ਘਟਨਾ ਨਾ ਵਾਪਰੇ। ਇਸ ਤੋਂ ਇਲਾਵਾ 5 ਵਿਅਕਤੀਆਂ ਤੋਂ ਵੱਧ ਇਕੱਠੇ ਹੋਣ ਅਤੇ ਕੋਈ ਵੀ ਚੋਣ ਰੈਲੀ, ਪਬਲਿਕ ਮੀਟਿੰਗ ਕਰਨ ਦੀ ਮਨਾਹੀ ਕੀਤੀ ਹੈ।
ਉਨ੍ਹਾਂ ਕਿਹਾ ਕਿ ਨਿਯਤ ਸਮੇਂ ਤੋਂ ਬਾਅਦ ਜੇਕਰ ਕੋਈ ਵੀ ਬਾਹਰਲਾ ਵਿਅਕਤੀ ਮਾਨਸਾ ਜ਼ਿਲ੍ਹੇ ਦੀ ਹਦੂਦ ਅੰਦਰ ਪਾਇਆ ਗਿਆ ਜਾਂ ਕਿਸੇ ਵੀ ਉਮੀਦਵਾਰ ਦੇ ਹੱਕ ਵਿਚ ਚੋਣ ਪ੍ਰਚਾਰ ਕਰਦਾ, 5 ਵਿਅਕਤੀਆਂ ਨਾਲ ਇਕੱਠੇ ਹੋਣ ਜਾਂ ਰੈਲੀ ਕਰਦਾ ਪਾਇਆ ਗਿਆ ਤਾਂ ਇਸ ਸੂਰਤ ਵਿਚ ਉਸ ਵਿਰੁੱਧ ਅਪਰਾਧਿਕ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ। ਉਨ੍ਹਾਂ ਕਿਹਾ ਕਿ ਇਹ ਹੁਕਮ ਆਰਮੀ ਪ੍ਰਸੋਨਲ, ਪੈਰਾ ਮਿਲਟਰੀ ਫੋਰਸਿਜ਼, ਬਾ–ਵਰਦੀ ਪੁਲਿਸ ਕਰਮਚਾਰੀਆਂ 'ਤੇ ਲਾਗੂ ਨਹੀਂ ਹੋਵੇਗਾ।
ਉਕਤ ਹੁਕਮ 24 ਮਈ 2019 ਤੱਕ ਲਾਗੂ ਰਹੇਗਾ।