ਅਮਲੋਹ (ਫਤਿਹਗੜ੍ਹ ਸਾਹਿਬ) 08 ਅਪ੍ਰੈਲ 2019: ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕਿਹਾ ਕਿ ਕਾਂਗਰਸ ਨੇ ਲੋਕ ਸਭਾ ਦੀਆਂ ਟਿਕਟਾਂ ਸਭ ਤੋਂ ਉੱਚੀ ਬੋਲੀ ਦੇਣ ਵਾਲੇ ਉਮੀਦਵਾਰਾਂ ਨੂੰ ਵੇਚੀਆਂ ਹਨ, ਜਿਸ ਕਰਕੇ ਪਾਰਟੀ ਦੇ ਵਫ਼ਾਦਾਰਾਂ ਅੰਦਰ ਨਿਰਾਸ਼ਾ ਅਤੇ ਗੁੱਸਾ ਪਨਪ ਰਿਹਾ ਹੈ ਅਤੇ ਪਾਰਟੀ ਦੇ ਬਹੁਤ ਸਾਰੇ ਸੀਨੀਅਰ ਆਗੂ ਪਹਿਲਾਂ ਹੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਕੰਮ ਕਰਨ ਦੇ ਤੌਰ ਤਰੀਕਿਆਂ ਖ਼ਿਲਾਫ ਆਪਣੀ ਭੜਾਸ ਕੱਢ ਚੁੱਕੇ ਹਨ।
ਇੱਥੇ ਅਕਾਲੀ-ਭਾਜਪਾ ਉਮੀਦਵਾਰ ਸਰਦਾਰ ਦਰਬਾਰਾ ਸਿੰਘ ਗੁਰੂ ਦੇ ਹੱਕ ਵਿਚ ਇੱਕ ਵੱਡੀ ਰੈਲੀ ਨੂੰ ਸੰਬੋਧਨ ਕਰਦਿਆਂ ਸਾਬਕਾ ਮੰਤਰੀ ਅਤੇ ਅਕਾਲੀ ਦਲ ਦੇ ਕੋਰ ਕਮੇਟੀ ਮੈਂਬਰ ਸਰਦਾਰ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਕਾਂਗਰਸੀ ਆਗੂਆਂ ਦਾ ਪਾਰਟੀ ਅੰਦਰ ਦਮ ਘੁੱਟ ਰਿਹਾ ਹੈ ਅਤੇ ਉਹ ਕਿਸੇ ਵੀ ਘੜੀ ਪਾਰਟੀ ਨੂੰ ਅਲਵਿਦਾ ਕਹਿ ਸਕਦੇ ਹਨ।
ਤਿੰਨ ਵਾਰੀ ਸਾਂਸਦ ਰਹਿ ਚੁੱਕੇ ਸੰਤੋਸ਼ ਚੌਧਰੀ ਅਤੇ ਮਹਿੰਦਰ ਸਿੰਘ ਕੇਪੀ ਵੱਲੋਂ ਕੀਤੀਆਂ ਟਿੱਪਣੀਆਂ ਦਾ ਹਵਾਲਾ ਦਿੰਦਿਆਂ ਸਰਦਾਰ ਮਜੀਠੀਆ ਨੇ ਕਿਹਾ ਕਿ ਇਹਨਾਂ ਆਗੂਆਂ ਨੇ ਸੱਚ ਆਖਿਆ ਹੈ ਕਿ ਹੁਣ ਕਾਂਗਰਸ ਵਿਚ ਵਫਾਦਾਰ ਵਰਕਰਾਂ ਦੀ ਬਜਾਇ ਸਿਰਫ ਸ਼ਾਹੀ ਪਰਿਵਾਰਾਂ ਜਾਂ ਧਨਾਢਾਂ ਨੂੰ ਹੀ ਪਹਿਲ ਦਿੱਤੀ ਜਾ ਰਹੀ ਹੈ।
ਸਰਦਾਰ ਮਜੀਠੀਆ ਨੇ ਕਿਹਾ ਕਿ ਸੱਤਾਧਾਰੀ ਕਾਂਗਰਸ ਨੇ ਪੰਚਾਇਤੀ ਚੋਣਾਂ ਅਤੇ ਬਲਾਕ ਸਮਿਤੀ ਤੇ ਜ਼ਿਲਾ ਪਰਿਸ਼ਦ ਚੋਣਾਂ ਦੌਰਾਨ ਵੀ ਸਰਪੰਚਾਂ, ਬਲਾਕ ਸਮਿਤੀਆਂ ਅਤੇ ਜ਼ਿਲ੍ਹਾ ਪਰਿਸ਼ਦਾਂ ਦੀ ਬੋਲੀ ਲਾਈ ਸੀ, ਜਿਸ ਕਰਕੇ ਪਾਰਟੀ ਕੇਡਰ ਦਾ ਪੂਰੀ ਤਰ੍ਹਾਂ ਮੋਹ ਭੰਗ ਹੋ ਚੁੱਕਿਆ ਹੈ। ਉਹਨਾਂ ਕਿਹਾ ਕਿ ਚੌਧਰੀ ਨੂੰ ਇਸ ਲਈ ਟਿਕਟ ਨਹੀਂ ਦਿੱਤੀ ਗਈ, ਕਿਉਂਕਿ ਉਹ ਪਿਛਲੀਆਂ ਚੋਣਾਂ ਵਿਚ ਮਾਮੂਲੀ ਫਰਕ ਨਾਲ ਹਾਰ ਗਈ ਸੀ ਜਦਕਿ ਕੇਪੀ ਦੀ ਟਿਕਟ ਕੱਟ ਕੇ ਦਾਗੀ ਆਗੂ ਸੰਤੋਖ ਸਿੰਘ ਨੂੰ ਦੇ ਦਿੱਤੀ ਗਈ ਹੈ।
ਅਕਾਲੀ ਆਗੂ ਨੇ ਕਿਹਾ ਕਿ ਇਸ ਤੋਂ ਇਲਾਵਾ ਮੌਜੂਦਾ ਰਾਜ ਸਭਾ ਮੈਂਬਰ ਅਤੇ ਪੰਜਾਬ ਕਾਂਗਰਸ ਦੇ ਸਾਬਕਾ ਮੁਖੀ ਸ਼ਮਸ਼ੇਰ ਸਿੰਘ ਦੂਲੋਂ ਅਤੇ ਪ੍ਰਤਾਪ ਸਿੰਘ ਬਾਜਵਾ ਪਹਿਲਾਂ ਹੀ ਐਲਾਨ ਕਰ ਚੁੱਕੇ ਹਨ ਕਿ ਮੌਜੂਦਾ ਕਾਂਗਰਸ ਸਰਕਾਰ ਨੇ ਲੋਕਾਂ ਨੂੰ ਠੱਗਿਆ ਹੈ ਅਤੇ ਉਹ ਲਗਾਤਾਰ ਪਾਰਟੀ ਤੋਂ ਕਿਨਾਰਾ ਕਰਦੇ ਜਾ ਰਹੇ ਹਨ।
ਬਾਕੀ ਵਿਰੋਧੀਆਂ ਨੂੰ ਨਿਸ਼ਾਨਾ ਬਣਾਉਂਦਿਆਂ ਅਕਾਲੀ ਆਗੂ ਨੇ ਕਿਹਾ ਕਿ ਆਪ, ਪੀਡੀਪੀ ਜਾਂ ਅਕਾਲੀ ਦਲ ਟਕਸਾਲੀ ਅਰਥਾਤ ਜਾਅਲੀ ਇਹ ਸਾਰੇ ਗਰੁੱਪ ਕਾਂਗਰਸ ਦੇ ਪੈਸਿਆਂ ਨਾਲ ਚੋਣ ਲੜ ਰਹੇ ਹਨ। ਉਹਨਾਂ ਕਿਹਾ ਕਿ ਪੰਜਾਬ ਵਿਚ ਆਪ ਦਾ ਪੂਰੀ ਤਰ੍ਹਾਂ ਸਫਾਇਆ ਹੋ ਚੁੱੱਕਾ ਹੈ ਜਦਕਿ ਪੀਡੀਏ ਇੱਕ ਦਿਸ਼ਾਹੀਣ ਗਠਜੋੜ ਹੈ , ਜਿਸ ਕੋਲ ਕੋਈ ਏਜੰਡਾ ਨਹੀਂ ਹੈ।
ਟਕਸਾਲੀਆਂ ਨੂੰ ਜਾਅਲੀ ਕਰਾਰ ਦਿੰਦਿਆਂ ਸਰਦਾਰ ਮਜੀਠੀਆ ਨੇ ਕਿਹਾ ਕਿ ਜਨਰਲ ਜੇਜੇ ਸਿੰਘ ਨੂੰ ਜਿੰਨੇ ਸਾਲ ਸਿਆਸਤ 'ਚ ਹੋਏ ਹਨ, ਉਸ ਤੋਂ ਵੱਧ ਪਾਰਟੀਆਂ ਬਦਲ ਚੁੱਕਿਆ ਹੈ। ਬੀਰਦਵਿੰਦਰ ਸਿੰਘ ਨੇ ਤਾਂ ਵਾਰੀ ਵਾਰੀ ਸਾਰੀਆਂ ਪਾਰਟੀਆਂ 'ਚ ਗੇੜਾ ਕੱਢ ਲਿਆ ਹੈ। ਰਣਜੀਤ ਸਿੰਘ ਬ੍ਰਹਮਪੁਰਾ ਨੇ ਦਹਾਕਿਆਂ ਤਕ ਅਕਾਲੀ ਦਲ ਵਿਚ ਰਹਿਣ ਮਗਰੋਂ ਹੁਣ ਖੇਡ ਖਰਾਬ ਕਰਨ ਵਾਲਿਆਂ ਦਾ ਗਰੁੱਪ ਖੜ੍ਹਾ ਕਰ ਲਿਆ ਹੈ। ਉਹਨਾਂ ਕਿਹਾ ਕਿ ਚੰਗਾ ਹੋਇਆ ਹੈ ਕਿ ਅਕਾਲੀ ਦਲ ਦਾ ਬ੍ਰਹਮਪੁਰਾ ਕੋਲੋ ਛੁਟਕਾਰਾ ਹੋ ਗਿਆ ਹੈ।
ਇਸ ਰੈਲੀ ਨੂੰ ਪਾਰਟੀ ਉਮੀਦਵਾਰ ਦਰਬਾਰਾ ਸਿੰਘ ਗੁਰੂ ਨੇ ਵੀ ਸੰਬੋਧਨ ਕੀਤਾ। ਉਹਨਾਂ ਦੱਸਿਆ ਕਿ ਕਾਂਗਰਸ ਹਰ ਵਾਰ ਚੋਣਾਂ ਲੰਘਦੇ ਹੀ ਆਪਣੇ ਸਾਰੇ ਵਾਅਦੇ ਭੁੱਲ ਜਾਂਦੀ ਹੈ ਅਤੇ ਇਸ ਵਾਰ ਹੋਰ ਹੀ ਵੱਡੇ ਅਤੇ ਅਜੀਬ ਕਿਸਮ ਦੇ ਝੂਠੇ ਵਾਅਦੇ ਕਰ ਰਹੀ ਹੈ।