ਜੀ ਐੱਸ ਪੰਨੂ
ਪਟਿਆਲਾ/ਸ਼ੁਤਰਾਣਾ, 7 ਮਈ 2019 - ਪਟਿਆਲਾ ਤੋਂ ਮੈਂਬਰ ਪਾਰਲੀਮੈਂਟ ਅਤੇ ਪੰਜਾਬ ਜਮਹੂਰੀ ਗਠਜੋੜ ਦੇ ਉਮੀਦਵਾਰ ਡਾ. ਧਰਮਵੀਰ ਗਾਂਧੀ ਵੱਲੋਂ ਵਿਧਾਨ ਸਭਾ ਹਲਕਾ ਸ਼ੁਤਰਾਣਾ ਦੇ ਪਿੰਡ ਰਾਜਗੜ੍ਹ, ਮਰੋੜੀ, ਮਰਦਾਹੇੜੀ, ਲੁਟਕੀ ਮਾਜਰਾ, ਗੁਰਦਿਆਲਪੁਰਾ, ਬਾਦਸ਼ਾਹਪੁਰ, ਡਰੋਲੀ, ਬਕਰਾਹਾ, ਜੈਖੜ, ਚਿੱਚੜਵਾਲਾ, ਅਰਨੋ, ਗੁਰਦਿੱਤਪੁਰਾ ਅਤੇ ਕਰਤਾਰਪੁਰ ਮੋਮੀਆਂ ਸਮੇਤ ਅਨੇਕਾ ਪਿੰਡਾਂ ਵਿੱਚ ਚੋਣ ਮੀਟਿੰਗਾਂ ਕੀਤੀਆ ਗਈਆਂ।
ਇਹਨਾਂ ਮੀਟਿੰਗਾਂ ਵਿੱਚ ਡਾ. ਗਾਂਧੀ ਨੂੰ ਪਿੰਡਾਂ ਦੇ ਲੋਕਾਂ ਵੱਲੋਂ ਭਾਰੀ ਸਮਰਥਨ ਮਿਲਿਆ। ਇਸ ਦੌਰਾਨ ਵੱਡੇ ਇਕੱਠਾਂ ਨੂੰ ਸੰਬੋਧਨ ਕਰਦੇ ਹੋਏ ਡਾ. ਗਾਂਧੀ ਨੇ ਕਿਹਾ ਕਿ ਪਹਿਲਾਂ 2014 ਵਿੱਚ ਨਰਿੰਦਰ ਮੋਦੀ ਇਹ ਜੁਮਲੇ ਮਾਰ ਕੇ ਕੇਂਦਰ ਵਿੱਚ ਆਏ ਕਿ ਹਰ ਇੱਕ ਵਿਅਕਤੀ ਦੇ ਖਾਤੇ ਵਿੱਚ 15-15 ਲੱਖ ਰੁਪਏ ਪਾਏ ਜਾਣਗੇ, ਪਰੰਤੂ ਸਰਕਾਰ ਬਣਨ ਤੋਂ ਬਾਅਦ ਉਨ੍ਹਾਂ ਨੇ ਲੋਕਾਂ ਨੂੰ ਪੈਸੇ ਤਾਂ ਕੀ ਦੇਣੇ ਸੀ ਸਗੋਂ ਨੋਟਬੰਦੀ ਕਰਕੇ ਅਤੇ ਮਹਿੰਗਾਈ ਵਧਾ ਕੇ ਲੋਕਾਂ ਦੇ ਪੈਸੇ ਵੀ ਖਤਮ ਕਰਵਾ ਦਿੱਤੇ। ਮੋਦੀ ਦੀ ਰਾਹ 'ਤੇ ਚਲਦਿਆਂ ਹੁਣ ਜੁਮਲਿਆਂ 'ਤੇ ਉਤਰੇ ਰਾਹੁਲ ਗਾਂਧੀ ਨੇ ਕਿਹਾ ਹੈ ਕਿ ਹਰ ਗਰੀਬ ਵਿਅਕਤੀ ਦੇ ਖਾਤੇ ਵਿੱਚ ਸਲਾਨਾ 72-72 ਹਜ਼ਾਰ ਰੁਪਏ ਪਾਏ ਜਾਣਗੇ, ਜੋ ਕਿ ਕੋਰਾ ਝੂਠ ਹੈ। ਡਾ. ਗਾਂਧੀ ਨੇ ਕਾਂਗਰਸ 'ਤੇ ਵਿਅੰਗ ਕਸਦਿਆਂ ਕਿਹਾ ਕਿ ਸ਼੍ਰੀਮਤੀ ਪ੍ਰਨੀਤ ਕੌਰ ਅਤੇ ਕੈਪਟਨ ਅਮਰਿੰਦਰ ਸਿੰਘ ਇਹ ਦੱਸਣ ਕਿ ਰਾਹੁਲ ਗਾਂਧੀ ਕਿਹੜੇ ਵਸੀਲਿਆਂ ਰਾਹੀਂ ਲੋਕਾਂ ਦੇ ਖਾਤੇ ਵਿੱਚ ਸਲਾਨਾ 72-72 ਹਜ਼ਾਰ ਰੁਪਏ ਜਮਾ ਕਰਵਾਉਣਗੇ।
ਡਾ. ਗਾਂਧੀ ਨੇ ਕਿਹਾ ਕਿ 2017 ਵਿੱਚ ਸੱਤਾ ਹਥਿਆਉਣ ਲਈ ਕੈਪਟਨ ਅਮਰਿੰਦਰ ਸਿੰਘ ਨੇ ਗੁਟਕਾ ਸਾਹਿਬ ਹੱਥ ਵਿੱਚ ਚੁੱਕ ਕੇ ਸਹੁੰ ਖਾਧੀ ਸੀ ਅਤੇ ਹਰ ਘਰ ਨੌਕਰੀ, ਸਮਾਰਟ ਫੋਨ, ਨਸ਼ਾ ਖਤਮ ਅਤੇ ਕਰਜ਼ਾ ਮੁਆਫੀ ਵਰਗੇ ਝੂਠੇ ਵਾਅਦੇ ਕੀਤੇ ਸਨ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੱਸਣ ਕਿ ਉਹਨਾਂ ਨੇ ਕਿਹੜਾ ਵਾਅਦਾ ਪੂਰਾ ਕੀਤਾ ਹੈ, ਕਿਉਂਕਿ ਪੰਜਾਬ ਵਿੱਚ ਪਹਿਲਾਂ ਵਾਂਗ ਹੀ ਨਸ਼ੇ ਨਾਲ ਨੌਜਵਾਨ ਮਰ ਰਹੇ ਹਨ ਅਤੇ ਨੌਕਰੀਆਂ ਦੀ ਮੰਗ ਕਰ ਰਹੇ ਬੇਰੁਜ਼ਗਾਰ ਸਰਕਾਰੀ ਡਾਗਾਂ ਖਾ ਰਹੇ ਹਨ ਤੇ ਮਾਸਟਰ ਮੁਲਾਜਮ ਰੋਟੀਆਂ ਸੜਕਾਂ ਤੇ ਖਾਂਦੇ ਹਨ।